ਪਿੰਡਾਂ ’ਚ ਘਟੀਆ ਸ਼ਰਾਬ ਦੀ ਵਿਕਰੀ ਜਾਰੀ, ਨਵਾਂ ਪਿੰਡ ਭੱਠੇ ’ਚ ਬੇਹੋਸ਼ੀ ਦੀ ਹਾਲਤ ’ਚ ਵੇਖੇ ਜਾਂਦੇ ਹਨ ਲੋਕ

11/12/2018 2:20:05 AM

ਕਪੂਰਥਲਾ,  (ਭੂਸ਼ਣ)-  ਜ਼ਿਲਾ ਕਪੂਰਥਲਾ ਦੇ ਵੱਖ-ਵੱਖ ਥਾਣਾ ਖੇਤਰਾਂ  ’ਚ ਬੀਤੇ ਕਈ ਮਹੀਨਿਆਂ ਤੋਂ ਚੱਲ ਰਹੀ ਡਰੱਗ ਵਿਰੋਧੀ ਮੁਹਿੰਮ ਦੌਰਾਨ ਜਿਥੇ ਵੱਡੀ ਗਿਣਤੀ ’ਚ ਡਰੱਗ ਸਮੱਗਲਰ ਸਲਾਖਾਂ  ਦੇ ਪਿੱਛੇ ਪਹੁੰਚ ਗਏ ਹਨ। ਉਥੇ ਹੀ ਅਜੇ  ਵੀ ਕਈ ਪਿੰਡਾਂ ’ਚ ਡਰੱਗ ਵਿਰੋਧੀ ਮੁਹਿੰਮ ਸਹੀ ਤਰੀਕੇ ਨਾਲ ਪਹੁੰਚ  ਨਾ ਸਕਣ  ਕਾਰਨ ਇਨ੍ਹਾਂ ਪਿੰਡਾਂ ’ਚ ਅਜੇ ਵੀ ਘਟੀਆ ਸ਼ਰਾਬ ਦੀ ਵਿਕਰੀ ਜਾਰੀ ਹੈ ।  ਉਥੇ ਹੀ ਡਰੱਗ ਵਿਕਰੀ ਲਈ ਸੰਵੇਦਨਸ਼ੀਲ ਮੰਨੇ ਜਾਣ ਵਾਲੇ ਪਿੰਡ ਨਵਾਂ ਪਿੰਡ ਭੱਠੇ ’ਚ ਬੀਤੀ ਸ਼ਾਮ ਕਈ ਵਿਅਕਤੀਆਂ ਨੂੰ ਘਟੀਆ ਸ਼ਰਾਬ ਪੀ ਕੇ ਸਡ਼ਕ ਕਿਨਾਰੇ ਬੇਹੋਸ਼ੀ ਦੀ ਹਾਲਤ ’ਚ ਵੇਖਿਆ ਗਿਆ।  ਇਨ੍ਹਾਂ ਡਰੱਗ ਪ੍ਰਭਾਵਿਤ ਪਿੰਡਾਂ ’ਚ ਘਟੀਆ ਸ਼ਰਾਬ ਪੀਣ ਨਾਲ ਕੁਝ ਵਿਅਕਤੀ ਕਈ ਸਾਲ ਪਹਿਲਾਂ ਮੌਤ ਦਾ ਸ਼ਿਕਾਰ ਹੋ ਗਏ ਸਨ। 
 ਕਈ ਖੇਤਰਾਂ  ’ਚ ਡਰੱਗ ਵਿਰੋਧੀ ਮੁਹਿੰਮ ਨਾ ਪੁੱਜਣ  ਕਾਰਨ ਵਿਕ ਰਹੀ ਹੈ ਘਟੀਆ ਸ਼ਰਾਬ
 
ਕਪੂਰਥਲਾ ਪੁਲਸ ਵੱਲੋਂ ਕਈ ਮਹੀਨਿਆਂ ਤੋਂ ਜ਼ਿਲਾ ਭਰ ’ਚ ਚਲਾਈ ਜਾ ਰਹੀ ਡਰੱਗ ਵਿਰੋਧੀ ਮੁਹਿੰਮ  ਦੇ ਸਿੱਟੇ ਵਜੋਂ ਭਾਵੇਂ  ਕਈ ਵੱਡੇ ਡਰੱਗ ਸਮੱਗਲਰ ਅਤੇ ਅਪਰਾਧੀ ਫਡ਼ੇ ਜਾ ਚੁੱਕੇ ਹਨ ਅਤੇ ਕਈ ਖੇਤਰਾਂ  ’ਚ ਹੁਣ ਕ੍ਰਾਈਮ ਤੇ ਕਾਫ਼ੀ ਹੱਦ ਤਕ ਰੋਕ ਲੱਗੀ ਹੈ ।  ਉਥੇ ਹੀ ਪੁਲਸ ਦੀ ਇਹ ਡਰੱਗ ਵਿਰੋਧੀ ਮੁਹਿੰਮ ਅਜੇ ਵੀ ਕਈ ਅਜਿਹੇ ਸੰਵੇਦਨਸ਼ੀਲ ਪਿੰਡਾਂ ’ਚ ਪਹੁੰਚ ਨਹੀ ਸਕੀ ਹੈ  ਜੋ ਘਟੀਆ ਸ਼ਰਾਬ ਦੀ ਵਿਕਰੀ ਲਈ ਲੰਬੇ ਸਮੇਂ ਤੋਂ ਬਦਨਾਮ ਰਹੇ ਹਨ। ਇਨ੍ਹਾਂ  ’ਚੋਂ ਇਕ ਪਿੰਡ ਹੈ ਸ਼ਹਿਰ ਤੋਂ ਕੁਝ ਕਿਲੋਮੀਟਰ ਦੀ ਦੂਰੀ ’ਤੇ ਪੈਂਦਾ ਪਿੰਡ ਨਵਾਂ ਪਿੰਡ ਭੱਠੇ ।  ਜੇਕਰ ਪੁਲਸ ਰਿਕਾਰਡ ’ਤੇ ਨਜ਼ਰ ਮਾਰੀ ਜਾਵੇ ਤਾਂ ਪਿੰਡ ਨਵਾਂ ਪਿੰਡ ਭੱਠੇ ਨਾਲ ਸਬੰਧਤ ਵੱਡੀ ਗਿਣਤੀ ’ਚ ਨਾਜਾਇਜ਼ ਸ਼ਰਾਬ ਅਤੇ ਡਰੱਗ ਵਿਕਰੀ ਨਾਲ ਸਬੰਧਤ ਕਈ ਮਾਮਲੇ ਥਾਣਾ ਕੋਤਵਾਲੀ ਦੀ ਪੁਲਸ ਦਰਜ ਕਰ ਚੁੱਕੀ ਹੈ ਅਤੇ ਇਸ ਪਿੰਡ ਨਾਲ ਸਬੰਧਤ ਕਈ ਸ਼ਰਾਬ ਅਤੇ ਡਰੱਗ ਸਮੱਗਲਰਾਂ ਸਬੰਧਤ ਥਾਣਿਆਂ ਦੀ ਪੁਲਸ  ਕਈ ਵਾਰ ਗ੍ਰਿਫਤਾਰ ਕਰ ਚੁੱਕੀ ਹੈ ਪਰ ਇਸ ਵਾਰ ਕਪੂਰਥਲਾ ਪੁਲਸ ਵੱਲੋਂ ਚਲਾਈ ਜਾ ਰਹੀ ਡਰੱਗ ਵਿਰੋਧੀ ਮੁਹਿੰਮ ਦੀ ਧਮਕ ਇਸ ਪਿੰਡ ’ਤੇ ਪੂਰੀ ਤਰ੍ਹਾਂ ਨਾਲ ਨਾ ਪੁੱਜਣ ਕਾਰਨ ਇਸ ਸੰਵੇਦਨਸ਼ੀਲ ਪਿੰਡ ਵਿਚ ਫਿਲਹਾਲ ਘਟੀਆ ਸ਼ਰਾਬ ਵੇਚਣ ਦਾ ਸਿਲਸਿਲਾ ਬੰਦ ਨਹੀਂ ਹੋ ਪਾਇਆ ਹੈ।
ਘਟੀਆ ਸ਼ਰਾਬ ਦੇ ਲਾਲਚ ’ਚ ਫਸ ਰਹੇ ਹਨ ਲੋਕ
 ਬੀਤੀ ਸ਼ਾਮ ਜਦੋਂ ‘ਜਗ ਬਾਣੀ ਦੀ ਟੀਮ ਨੇ ਪਿੰਡ ਨਵਾਂ ਪਿੰਡ ਭੱਠੇ ਦਾ ਦੌਰਾ ਕੀਤਾ ਤਾਂ ਇਸ ਪਿੰਡ  ਦੇ ਬਾਹਰਲੇ ਖੇਤਰਾਂ ’ਚ 4 - 5 ਵਿਅਕਤੀ ਘਟੀਆ ਸ਼ਰਾਬ ਪੀ ਕੇ ਬੇਹੋਸ਼ੀ ਦੀ ਹਾਲਤ ਵਿਚ ਪਏ ਮਿਲੇ ।  ਦੱਸਿਆ ਜਾਂਦਾ ਹੈ ਕਿ ਇਸ ਪਿੰਡ ਵਿਚ ਕੁਝ ਸ਼ਰਾਬ ਸਮੱਗਲਰ ਸਸਤੀ ਕੀਮਤ ਤੇ ਇੰਨੀ ਘਟੀਆ ਸ਼ਰਾਬ ਵੇਚ ਰਹੇ ਹਨ, ਜਿਸ ਨੂੰ ਪੀ ਕੇ ਕਿਡਨੀ ਅਤੇ ਲੀਵਰ  ਦੇ ਖਤਮ ਹੋਣ ਦਾ ਡਰ ਬਣਿਆ ਰਹਿੰਦਾ ਹੈ ਪਰ ਇਨ੍ਹਾਂ ਸ਼ਰਾਬ ਸਮੱਗਲਰਾਂ   ਦੇ ਜਾਲ ਵਿਚ ਫਸੇ ਗਰੀਬ ਵਰਗ ਨਾਲ ਜੁਡ਼ੇ ਲੋਕ ਸਸਤੀ ਸ਼ਰਾਬ  ਦੇ ਚੱਕਰ ’ਚ ਇਸ  ਦੇ ਪੱਕੇ ਗਾਹਕ ਬਣ ਚੁੱਕੇ ਹਨ, ਜਿਸ ਦੇ ਸਿੱਟੇ ਵਜੋਂ ਆਉਣ ਵਾਲੇ ਦਿਨਾਂ ਵਿਚ ਕੋਈ ਵੱਡਾ ਜਾਨੀ ਮਾਲੀ  ਨੁਕਸਾਨ  ਵੀ ਹੋ ਸਕਦਾ ਹੈ,  ਦੱਸਿਆ ਜਾਂਦਾ ਹੈ ਕਿ ਇਸ ਪਿੰਡ  ਦੇ ਕੁਝ ਸ਼ਰਾਬ ਸਮੱਗਲਰਾਂ ਦੇ ਕੋਲ ਅਜਿਹੇ ਖੇਤਰਾਂ ਨਾਲ ਸਬੰੰਧਤ ਲੋਕ ਵੀ ਘਟੀਆ ਸ਼ਰਾਬ ਖਰੀਦਣ ਲਈ ਆ ਰਹੇ ਹਨ। ਜਿਨ੍ਹਾਂ  ਦੇ ਖੇਤਰਾਂ  ’ਚ ਪੁਲਸ ਦੀ ਸਖ਼ਤੀ  ਕਾਰਨ ਸ਼ਰਾਬ ਵਿਕਰੀ ਬੰਦ ਹੋ ਚੁੱਕੀ ਹੈ ।  ਜਿਸ ਕਾਰਨ ਅਕਸਰ ਸ਼ਾਮ  ਦੇ ਸਮੇਂ ਇਨ੍ਹਾਂ ਸ਼ਰਾਬ ਸਮੱਗਲਰਾਂ ਨੂੰ ਆਪਣੀਆਂ ਗਤੀਵਿਧੀਆਂ ਚਲਾਉਂਦੇ ਵੇਖਿਆ ਜਾ ਸਕਦਾ ਹੈ। 
 ਕੀ ਕਹਿੰਦੇ ਹਨ ਐੱਸ. ਐੱਸ. ਪੀ.
 ਇਸ ਸਬੰਧੀ ਐੱਸ. ਐੱਸ. ਪੀ. ਸਤਿੰਦਰ ਸਿੰਘ  ਨੇ  ਦੱਸਿਆ ਕਿ ਸ਼ਰਾਬ ਮਾਫੀਆ ਨੂੰ ਕਿਸੇ ਕੀਮਤ ’ਤੇ ਵੀ ਘਟੀਆ ਸ਼ਰਾਬ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜਿਸ ਨੂੰ ਲੈ ਕੇ ਆਉਣ ਵਾਲੇ ਦਿਨਾਂ ’ਚ ਸਖ਼ਤ ਕਾਰਵਾਈ ਨੂੰ ਅਮਲੀਜਾਮਾ ਪਹਿਨਾਇਆ ਜਾਵੇਗਾ। 
 


Related News