3 ਮਹੀਨਿਆਂ ਦੀ ਤਨਖਾਹ ਨਾ ਮਿਲਣ ''ਤੇ ਭੜਕੇ ਸਫਾਈ ਕਰਮਚਾਰੀ
Thursday, Aug 23, 2018 - 11:36 AM (IST)

ਜਲੰਧਰ, (ਮਹੇਸ਼)—ਪਿਛਲੇ 3 ਮਹੀਨਿਆਂ ਤੋਂ ਤਨਖਾਹ ਤੇ ਡੇਢ ਸਾਲ ਤੋਂ ਪੀ. ਐੱਫ. ਨਾ ਦਿੱਤੇ ਜਾਣ ਤੋਂ ਭੜਕੇ ਸਫਾਈ ਕਰਮਚਾਰੀਆਂ ਨੇ ਅੱਜ ਠੇਕੇਦਾਰ ਖਿਲਾਫ ਥਾਣਾ ਕੈਂਟ ਜਾ ਕੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ। ਐੱਸ. ਐੱਚ. ਓ. ਕੈਂਟ ਸੁਖਬੀਰ ਸਿੰਘ ਬੁੱਟਰ ਨਾਲ ਮਿਲਣ ਵਾਲੇ ਸਫਾਈ ਕਰਮਚਾਰੀਆਂ ਦੇ ਆਗੂਆਂ ਨੇ ਕਿਹਾ ਕਿ ਉਹ ਠੇਕੇਦਾਰ ਦੀ ਧੱਕੇਸ਼ਾਹੀ ਕਾਰਨ ਥਾਣੇ ਵਿਚ ਆਉਣ ਲਈ ਮਜਬੂਰ ਹੋਏ ਹਨ। ਉਨ੍ਹਾਂ ਕਿਹਾ ਕਿ ਤਨਖਾਹ ਤੇ ਪੀ. ਐੱਫ. ਨਾ ਮਿਲਣ ਕਾਰਨ ਉਨ੍ਹਾਂ ਦੇ ਘਰਾਂ ਦੇ ਜੋ ਹਾਲਾਤ ਬਣੇ ਹੋਏ ਹਨ, ਉਹ ਕਿਸੇ ਤੋਂ ਲੁਕੇ ਨਹੀਂ ਹਨ। ਪੁਲਸ ਥਾਣੇ ਆਉਣ ਤੋਂ ਪਹਿਲਾਂ ਉਹ ਠੇਕੇਦਾਰ ਕੋਲ ਕਈ ਵਾਰ ਆਪਣੀ ਫਰਿਆਦ ਰੱਖ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਠੇਕੇਦਾਰ ਖਿਲਾਫ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ।
ਉਧਰ, ਐੱਸ. ਐੱਚ. ਓ. ਬੁੱਟਰ ਨੇ ਕਿਹਾ ਕਿ ਪੁਲਸ ਨੇ ਸਫਾਈ ਕਰਮਚਾਰੀਆਂ ਦੀ ਸ਼ਿਕਾਇਤ 'ਤੇ ਠੇਕੇਦਾਰ ਨੂੰ ਬੁਲਾ ਲਿਆ ਹੈ। ਉਨ੍ਹਾਂ ਕਿਹਾ ਕਿ ਸਫਾਈ ਕਰਮਚਾਰੀਆਂ ਨੂੰ ਉਨ੍ਹਾਂ ਦੇ ਹੱਕ ਜਲਦੀ ਦਿਵਾਏ ਜਾਣਗੇ। ਵੱਡੀ ਗਿਣਤੀ ਵਿਚ ਸਫਾਈ ਕਰਮਚਾਰੀ ਥਾਣੇ ਵਿਚ ਕਾਫੀ ਦੇਰ ਤੱਕ ਮੌਜੂਦ ਰਹੇ। ਐੱਸ. ਐੱਚ. ਓ. ਦੇ ਭਰੋਸੇ 'ਤੇ ਉਨ੍ਹਾਂ ਨੇ ਥਾਣੇ ਤੋਂ ਆਪਣੇ ਘਰ ਦੀ ਵਾਪਸੀ ਕੀਤੀ।