RTI ਐਕਟੀਵਿਸਟ ਸਿਮਰਨਜੀਤ ਸਿੰਘ ਨੇ ਜਲੰਧਰ ਪੁਲਸ ਖ਼ਿਲਾਫ਼ ਦਿੱਤੀ ਸ਼ਿਕਾਇਤ

12/24/2020 12:38:22 PM

ਜਲੰਧਰ (ਵਰੁਣ)— ਜ਼ਮਾਨਤ ਮਿਲਣ ਦੇ ਬਾਅਦ ਆਰ. ਟੀ. ਆਈ. ਐਕਟੀਵਿਸਟ ਸਿਮਰਨਜੀਤ ਸਿੰਘ ਨੇ ਜਲੰਧਰ ਪੁਲਸ ਖ਼ਿਲਾਫ਼ ਸਟੇਟ ਹਿਊਮਨ ਰਾਈਟਸ ਕਮਿਸ਼ਨ ’ਚ ਉਨ੍ਹਾਂ ਦੀ ਐੱਮ. ਐੱਲ. ਆਰ. ’ਤੇ ਮੇਜਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਨ ਦਾ ਦੋਸ਼ ਲਾਉਂਦੇ ਹੋਏ ਸ਼ਿਕਾਇਤ ਕੀਤੀ। 

ਸ਼ਿਕਾਇਤ ਵਿਚ ਇਹ ਵੀ ਦੋਸ਼ ਲਾਇਆ ਗਿਆ ਕਿ ਪੁਲਸ ਨੂੰ ਸਿਮਰਨਜੀਤ ਸਿੰਘ ਨੇ ਪਹਿਲਾਂ ਤੋਂ ਹੀ ਮੇਜਰ ਸਿੰਘ ਵੱਲੋਂ ਧਮਕਾਉਣ ਦੀਆਂ ਗੱਲਾਂ ਦੱਸ ਕੇ ਸਕਿਓਰਿਟੀ ਦੀ ਮੰਗ ਕੀਤੀ ਗਈ ਸੀ ਪਰ ਪੁਲਸ ਨੇ ਉਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਅਤੇ ਬਾਅਦ ’ਚ ਉਨ੍ਹਾਂ ਨੂੰ ਇਕ ਸਾਜ਼ਿਸ਼ ’ਚ ਫਸਾ ਕੇ ਕੁੱਟਮਾਰ ਕੀਤੀ ਗਈ। ਸਿਮਰਨਜੀਤ ਸਿੰਘ ਵੱਲੋਂ ਕੀਤੀ ਗਈ ਸ਼ਿਕਾਇਤ ਵਿਚ ਉਨ੍ਹਾਂ ਕਿਹਾ ਕਿ ਮਾਣਯੋਗ ਹਾਈ ਕੋਰਟ ਵਿਚ ਉਨ੍ਹਾਂ ਨੇ ਪਹਿਲਾਂ ਹੀ ਨਾਜਾਇਜ਼ ਕਾਲੋਨੀਆਂ ਦੀ ਸ਼ਿਕਾਇਤ ਕੀਤੀ ਸੀ, ਜਿਸ ’ਤੇ ਸਖ਼ਤ ਕਾਰਵਾਈ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਕਾਲੋਨੀਆਂ ਵਿਚ ਮੇਜਰ ਸਿੰਘ ਅਤੇ ਉਨ੍ਹਾਂ ਦੇ ਹਿੱਸੇਦਾਰਾਂ ਦੀਆਂ ਵੀ ਕਾਲੋਨੀਆਂ ਸਨ। ਸਿਮਰਨਜੀਤ ਨੇ ਕਿਹਾ ਕਿ ਮੇਜਰ ਸਿੰਘ ਪਹਿਲਾਂ ਵੀ ਸ਼ਿਕਾਇਤ ਵਾਪਸ ਲੈਣ ਲਈ ਉਨ੍ਹਾਂ ਨੂੰ ਧਮਕਾਉਂਦੇ ਰਹੇ ਹਨ ਅਤੇ ਨਾਲ ਦੀ ਨਾਲ ਅਜੇ ਵੀ ਮੇਜਰ ਸਿੰਘ ਨਾਜਾਇਜ਼ ਕਾਲੋਨੀਆਂ ਕੱਟ ਰਹੇ ਹਨ, ਜਿਸ ਦੀ ਉਹ ਸ਼ਿਕਾਇਤ ਵੀ ਕਰਦੇ ਆਏ ਹਨ ਅਤੇ ਇਸ ਰੰਜਿਸ਼ ਵਿਚ ਉਨ੍ਹਾਂ ਨੂੰ ਸਾਜ਼ਿਸ਼ ’ਚ ਫਸਾਇਆ ਗਿਆ। 

ਇਹ ਵੀ ਪੜ੍ਹੋ : ਦੁੱਖਦਾਇਕ ਖ਼ਬਰ: ਉਸਾਰੀ ਅਧੀਨ ਛੱਤ ਤੋਂ ਡਿੱਗਣ ਕਾਰਨ ਸਾਬਕਾ ਕਾਂਗਰਸੀ ਸਰਪੰਚ ਦੀ ਮੌਤ

ਸਿਮਰਨਜੀਤ ਸਿੰਘ ਨੇ ਜਲੰਧਰ ਪੁਲਸ ’ਤੇ ਦੋਸ਼ ਲਾਇਆ ਕਿ ਧਮਕੀਆਂ ਮਿਲਣ ’ਤੇ ਉਨ੍ਹਾਂ ਨੇ ਪੁਲਸ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕਰ ਕੇ ਸਾਰੀ ਗੱਲ ਦੱਸੀ ਸੀ ਅਤੇ ਸੁਰੱਖਿਆ ਦੀ ਮੰਗ ਵੀ ਕੀਤੀ ਸੀ ਪਰ ਪੁਲਸ ਨੇ ਇਕ ਨਾ ਸੁਣੀ। ਉਨ੍ਹਾਂ ਕਿਹਾ ਕਿ 16 ਦਸੰਬਰ ਨੂੰ ਜਦੋਂ ਉਨ੍ਹਾਂ ’ਤੇ ਹਮਲਾ ਹੋਇਆ ਤਾਂ ਉਨ੍ਹਾਂ ਨੇ ਵੀ ਐੱਮ. ਐੱਲ. ਆਰ. ਕਟਵਾਈ ਸੀ, ਜਿਸ ਨੂੰ ਪੁਲਸ ਹਵਾਲੇ ਕੀਤਾ ਗਿਆ ਪਰ ਪੁਲਸ ਨੇ ਉਨ੍ਹਾਂ ਦੀ ਐੱਮ. ਐੱਲ.ਆਰ. ਦੇ ਆਧਾਰ ’ਤੇ ਐੱਫ. ਆਈ. ਆਰ. ਦਰਜ ਨਹੀਂ ਕੀਤੀ। ਸਟੇਟ ਹਿਊਮਨ ਰਾਈਟਸ ਕਮਿਸ਼ਨ ਨੂੰ ਦਿੱਤੀ ਸ਼ਿਕਾਇਤ ਵਿਚ ਉਨ੍ਹਾਂ ਨੇ ਜਲੰਧਰ ਪੁਲਸ ’ਤੇ ਵੀ ਕਾਰਵਾਈ ਦੀ ਮੰਗ ਕੀਤੀ ਹੈ। 

ਇਹ ਵੀ ਪੜ੍ਹੋ : ਕੇਂਦਰ ਖ਼ਿਲਾਫ਼ ਡਟੀਆਂ ਕਿਸਾਨ ਜਥੇਬੰਦੀਆਂ ਦੇ ਹੱਕ ’ਚ ਆਮ ਆਦਮੀ ਪਾਰਟੀ ਦਾ ਵੱਡਾ ਐਲਾਨ

ਉਨ੍ਹਾਂ ਕਿਹਾ ਕਿ ਮੇਜਰ ਸਿੰਘ ਨੇ ਉਨ੍ਹਾਂ ’ਤੇ ਐੱਫ. ਆਈ. ਆਰ. ਕਟਵਾਉਣ ਲਈ ਸਰਕਾਰ ਦੇ ਨੇਤਾਵਾਂ ਦੀ ਮਦਦ ਲਈ, ਜਿਸ ਕਰਕੇ ਉਨ੍ਹਾਂ ਦੇ ਨਾਲ ਨਾ-ਇਨਸਾਫੀ ਹੋਈ ਹੈ। ਉਨ੍ਹਾਂ ਕਿਹਾ ਕਿ ਮੇਜਰ ਸਿੰਘ ਵੱਲੋਂ ਕੱਟੀਆਂ ਨਾਜਾਇਜ਼ ਕਾਲੋਨੀਆਂ ਦੀ ਸੂਬਾ ਵਿਜੀਲੈਂਸ ਬਿਊਰੋ ਵਿਚ ਵੀ ਇਨਕੁਆਰੀ ਲਾਈ ਗਈ ਹੈ, ਜਿਸ ਦੀ ਜਾਂਚ ਚੱਲ ਰਹੀ ਹੈ। 
ਦੱਸ ਦੇਈਏ ਕਿ 16 ਦਸੰਬਰ ਨੂੰ ਖਾਦੀ ਬੋਰਡ ਪੰਜਾਬ ਦੇ ਡਾਇਰੈਕਟਰ ਮੇਜਰ ਸਿੰਘ ਅਤੇ ਉਸ ਦੇ ਸਾਥੀਆਂ ਦੀ ਆਰ. ਟੀ. ਆਈ. ਐਕਟੀਵਿਸਟ ਸਿਮਰਨਜੀਤ ਸਿੰਘ ਦਰਮਿਆਨ ਹੱਥੋਪਾਈ ਹੋਈ ਸੀ। ਮੇਜਰ ਸਿੰਘ ਨੇ ਦੋਸ਼ ਲਾਇਆ ਸੀ ਕਿ ਸਿਮਰਨਜੀਤ ਸਿੰਘ ਲਗਾਤਾਰ ਉਨ੍ਹਾਂ ਨੂੰ ਬਲੈਕਮੇਲ ਕਰ ਰਿਹਾ ਸੀ, ਜਿਸ ਕਾਰਨ ਇਹ ਵਿਵਾਦ ਹੋਇਆ। ਸਿਮਰਨਜੀਤ ਸਿੰਘ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਵਾਉਣ ਅਤੇ ਗ੍ਰਿਫ਼ਤਾਰੀ ਲਈ ਥਾਣਾ ਨਵੀਂ ਬਾਰਾਂਦਰੀ ਵਿਚ ਧਰਨਾ ਵੀ ਲਾਇਆ ਜਾ ਚੁੱਕਾ ਹੈ। ਮੇਜਰ ਸਿੰਘ ਢੇਰ ਨੂੰ ਸਿਮਰਨਜੀਤ ਦੀ ਗ੍ਰਿਫ਼ਤਾਰੀ ਲਈ 2 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ ਪਰ ਇਸ ਤੋਂ ਪਹਿਲਾਂ ਹੀ ਸਿਮਰਨਜੀਤ ਸਿੰਘ ਨੂੰ ਮਾਣਯੋਗ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ।

ਇਹ ਵੀ ਪੜ੍ਹੋ : ਮੁਕੇਰੀਆਂ ’ਚ ਦਰਦਨਾਕ ਹਾਦਸਾ, 2 ਮਹੀਨੇ ਪਹਿਲਾਂ ਵਿਆਹੇ ਪੁੱਤ ਸਣੇ ਪਿਓ ਦੀ ਮੌਤ


shivani attri

Content Editor

Related News