ਛੱਤ ਡਿੱਗਣ ਨਾਲ 2 ਲਡ਼ਕੀਆਂ ਜ਼ਖਮੀ

09/26/2018 6:14:58 AM

 ਆਦਮਪੁਰ,   (ਦਿਲਬਾਗੀ, ਚਾਂਦ, ਕਮਲਜੀਤ)-  ਆਦਮਪੁਰ ਅਤੇ ਇਸ ਦੇ ਆਸ-ਪਾਸ  ਦੇ ਇਲਾਕਿਆਂ ’ਚ ਪਿਛਲੇ ਤਿੰਨ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ  ਕਾਰਨ ਆਦਮਪੁਰ ਦੇ ਮੁਹੱਲਾ ਰਾਗਡ਼ੀਆਂ ਵਿਖੇ ਰਜਿੰਦਰ ਕੁਮਾਰ ਦੇ ਮਕਾਨ ਦੀ ਛੱਤ ਡਿੱਗਣ ਕਾਰਨ ਉਸ ਦੀਆਂ ਦੋ ਲਡ਼ਕੀਆਂ ਸੋਨਮ (23 ਸਾਲ) ਜੋ ਕਿ ਇਕ ਯੂਨੀਵਰਸਿਟੀ ’ਚ ਵਕਾਲਤ ਕਰ ਰਹੀ ਹੈ ਅਤੇ ਉਸ ਦੀ ਛੋਟੀ ਭੈਣ ਗੁਰਬਖਸ਼ ਕੌਰ (21 ਸਾਲ) ਗੰਭੀਰ ਰੂਪ ’ਚ ਜ਼ਖਮੀ ਹੋ ਗਈਆਂ। 
ਜ਼ਖਮੀ ਸੋਨਮ ਨੇ ਦੱਸਿਆ ਕਿ ਆਪਣੇ ਘਰ ਦੇ ਕਮਰੇ ਵਿਚ ਦੋਵੇਂ ਭੈਣਾਂ ਸੁੱਤੀਆਂ ਪਈਆਂ ਸਨ। ਘਰ ਦੀ ਛੱਤ ਜ਼ਿਆਦਾ ਚੋਣ ਕਾਰਨ ਉਹ ਇਕ ਸਾਈਡ ’ਤੇ ਹੋ ਕੇ ਸੌਂ ਗਈਆਂ ਤੇ ਤਡ਼ਕਸਾਰ 4.30 ਵਜੇ ਦੇ ਕਰੀਬ ਕਮਰੇ ਦੀ ਛੱਤ ਡਿੱਗ ਪਈ, ਜਿਸ ਦੇ ਮਲਬੇ ਹੇਠ ਉਹ ਦੱਬ ਗਈਆਂ। ਸਾਨੂੰ ਬਡ਼ੀ ਮੁਸ਼ਕਲ ਨਾਲ ਲੋਕਾਂ ਨੇ ਬਾਹਰ ਕੱਢਿਆ, ਜਿਸ ਕਾਰਨ ਸਾਡੇ ਦੋਵਾਂ ਭੈਣਾਂ ਦੇ ਸੱਟਾਂ ਲੱਗ ਗਈਆਂ। ਇਸ ਘਟਨਾ ਦਾ ਪਤਾ ਲੱਗਦਿਅਾਂ ਹੀ ਨਾਇਬ ਤਹਿਸੀਲਦਾਰ ਪ੍ਰਦੀਪ ਕੁਮਾਰ ਅਤੇ ਇਲਾਕੇ ਦੇ ਸੀਨੀਅਰ ਕੌਂਸਲਰ ਚਰਨਜੀਤ ਸ਼ੇਰੀ ਨੇ ਘਟਨਾ ਸਥਾਨ ’ਤੇ ਜਾ ਕੇ ਮੌਕਾ ਦੇਖਿਆ। ਚਰਨਜੀਤ ਸ਼ੇਰੀ ਅਤੇ ਹੋਰ ਮੁਹੱਲਾ ਨਿਵਾਸੀਆਂ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਇਸ ਗਰੀਬ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ।
ਇਸੇ ਤਰ੍ਹਾਂ ਭਾਰੀ ਮੀਂਹ ਪੈਣ ਕਾਰਨ ਆਦਮਪੁਰ ਵਿਚ ਪਨਸਪ ਦੇ ਦਫਤਰ ਦੀ ਵੀ ਛੱਤ ਡਿੱਗ ਪਈ। ਤਿੰਨ ਦਿਨ ਤੋਂ   ਪੈ ਰਹੇ ਭਾਰੀ ਮੀਂਹ ਕਾਰਨ ਬਿਜਲੀ ਬੋਰਡ ਦੇ ਦਫਤਰ ਵਿਚ ਕਾਫੀ ਮਾਤਰਾ ਵਿਚ ਪਾਣੀ ਭਰ ਗਿਆ ਅਤੇ ਦਫਤਰ ਦੀਆਂ ਛੱਤਾਂ ਤੱਕ ਵੀ ਚੋਣ ਲੱਗ ਪਈਆਂ। ਦਫਤਰ ਅੰਦਰ ਜਾਣ ਲਈ ਸਾਰੇ ਪਾਸੇ ਪਾਣੀ ਖਡ਼੍ਹਾ ਹੋਣ ਕਾਰਨ ਅੰਦਰ ਜਾਣ ਲਈ ਦਫਤਰ ਦੇ ਕਰਮਚਾਰੀਆਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਅਤੇ ਬਿਜਲੀ ਖਪਤਕਾਰਾਂ ਨੂੰ ਬਿਜਲੀ ਦੇ ਬਿੱਲ ਦੀ ਅਦਾਇਗੀ ਕਰਨ ਲਈ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਦਫਤਰ ਵਿਚ ਪਾਣੀ ਖਡ਼੍ਹਾ ਹੋਣ ਕਾਰਨ ਉਨ੍ਹਾਂ ਨੂੰ ਬਿੱਲ ਦੀ ਅਦਾਇਗੀ ਕਰਨ ਤੋਂ ਬਿਨਾਂ ਹੀ ਵਾਪਸ ਆਉਣਾ ਪਿਆ।


Related News