ਲੁਟੇਰੇ ਹੋਏ ਬੇਖ਼ੌਫ਼: ਦੇਰ ਰਾਤ ਜਲੰਧਰ ''ਚ ਹੁੰਦੈ ਲੁਟੇਰਿਆਂ ਦਾ ਸਾਮਰਾਜ

Friday, Aug 25, 2023 - 06:05 PM (IST)

ਲੁਟੇਰੇ ਹੋਏ ਬੇਖ਼ੌਫ਼: ਦੇਰ ਰਾਤ ਜਲੰਧਰ ''ਚ ਹੁੰਦੈ ਲੁਟੇਰਿਆਂ ਦਾ ਸਾਮਰਾਜ

ਜਲੰਧਰ (ਸੁਨੀਲ)- ਲੋਕ ਰੋਜ਼ੀ-ਰੋਟੀ ਕਮਾਉਣ ਲਈ ਦਿਨ-ਰਾਤ ਮਿਹਨਤ ਕਰਦੇ ਹਨ ਤਾਂ ਜੋ ਉਹ ਮਿਹਨਤ ਨਾਲ ਕੀਤੀ ਪੂੰਜੀ ਇਕੱਠੀ ਕਰ ਸਕਣ ਤਾਂ ਜੋ ਆਉਣ ਵਾਲੇ ਦਿਨਾਂ ’ਚ ਇਹ ਰਕਮ ਉਨ੍ਹਾਂ ਲਈ ਮਦਦਗਾਰ ਹੋ ਸਕੇ। ਲੋਕ ਦਿਨ ਵੇਲੇ ਫੈਕਟਰੀਆਂ ’ਚ ਕੰਮ ਕਰਦੇ ਹਨ ਅਤੇ ਰਾਤ ਨੂੰ ਕਈ ਸੋਸ਼ਲ ਸਾਈਟਾਂ ’ਤੇ ਕੰਮ ਕਰਦੇ ਹਨ, ਜਿਵੇਂ ਕਿ ਕਿਸੇ ਨੂੰ ਮੋਟਰਸਾਈਕਲ ’ਤੇ ਉਨ੍ਹਾਂ ਦੀ ਮੰਜ਼ਿਲ ’ਤੇ ਉਤਾਰਨਾ, ਮੰਗ ’ਤੇ ਗਾਹਕਾਂ ਦੇ ਘਰ ਖਾਣਾ ਤੇ ਹੋਰ ਸਮਾਨ ਪਹੁੰਚਾਉਣਾ ਤੇ ਕਈ ਮੀਡੀਆ ਕਰਮਚਾਰੀ ਨਾਈਟ ਡਿਊਟੀ ਕਰਦੇ ਹਨ ਤੇ ਦੇਰ ਰਾਤ ਨੂੰ ਆਪਣੇ ਘਰਾਂ ਨੂੰ ਜਾਂਦੇ ਹਨ। ਕੀ ਇਹ ਲੋਕ ਦੇਰ ਰਾਤ ਹਾਈਵੇਅ ਅਤੇ ਅੰਦਰੂਨੀ ਇਲਾਕਿਆਂ ’ਚ ਸੁਰੱਖਿਅਤ ਹਨ, ਇਹ ਸਵਾਲ ਹਰ ਵਿਅਕਤੀ ਦੇ ਮਨ ’ਚ ਘੁੰਮਦਾ ਹੈ।

ਦਿਹਾਤੀ ਅਤੇ ਸ਼ਹਿਰੀ ਖੇਤਰਾਂ ’ਚ ਅੱਜਕਲ ਦੇਰ ਰਾਤ ਲੁੱਟ-ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਅਜਿਹੀਆਂ ਘਟਨਾਵਾਂ ਕਾਰਨ ਸ਼ਹਿਰ ਵਾਸੀਆਂ ’ਚ ਸਹਿਮ ਦਾ ਮਾਹੌਲ ਹੈ। ਅਜਿਹੀ ਹੀ ਇਕ ਉਦਾਹਰਣ ਇਕ ਹਫ਼ਤਾ ਪਹਿਲਾਂ ਥਾਣਾ ਮਕਸੂਦਾਂ ਅਧੀਨ ਪੈਂਦੇ ਮੰਡ ਨੇੜੇ ਪੈਦਲ ਜਾ ਰਹੇ ਇਕ ਵਿਅਕਤੀ ਦੀ ਕੁੱਟਮਾਰ ਕਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰਕੇ ਭੱਜ ਗਏ। ਕੁਝ ਦਿਨ ਪਹਿਲਾਂ ਲੋਕਾਂ ਦੀ ਮਦਦ ਲਈ ਬਣੇ ਪਿਮਸ ਹਸਪਤਾਲ ਨੇੜੇ 3 ਮੋਟਰਸਾਈਕਲ ਸਵਾਰਾਂ ਨੇ ਦੇਰ ਰਾਤ ਸਾਈਕਲ ’ਤੇ ਜਾ ਰਹੇ ਵਿਅਕਤੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ ਤੇ ਉਸ ਕੋਲੋਂ ਨਕਦੀ ਤੇ ਮੋਬਾਇਲ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਇਸ ਲੁੱਟ ਦੀ ਸੂਚਨਾ ਥਾਣਾ ਡਵੀਜ਼ਨ ਨੰ. 7 ਨੂੰ ਦਿੱਤੀ ਗਈ ਸੀ ਪਰ ਪੁਲਸ ਦੋਸ਼ੀਆਂ ਨੂੰ ਫੜਨ 'ਚ ਅਸਫਲ ਰਹੀ। ਘਟਨਾ ਦੀ ਸ਼ਿਕਾਇਤ ਮਿਲਣ ਦੇ ਬਾਵਜੂਦ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਨਾ ਤਾਂ ਪੀ. ਸੀ. ਆਰ. ਮੁਲਾਜ਼ਮ ਤਾਇਨਾਤ ਕੀਤੇ ਅਤੇ ਨਾ ਹੀ ਜ਼ੂਲੋ ਗੱਡੀ। ਇਸ ਤੋਂ ਇਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਲੁੱਟ-ਖੋਹ ਦੀਆਂ ਘਟਨਾਵਾਂ ਵੱਲ ਪੁਲਸ ਦੀ ਕੋਈ ਧਿਆਨ ਨਹੀਂ ਦੇ ਰਹੀ ਹੈ।

ਇਹ ਵੀ ਪੜ੍ਹੋ- ਜਲੰਧਰ 'ਚ ਕੰਮ ਤੋਂ ਘਰ ਜਾ ਰਹੀ ਔਰਤ ਨਾਲ ਦੇਰ ਰਾਤ ਵਾਪਰਿਆ ਹਾਦਸਾ, ਇੰਝ ਆਵੇਗੀ ਮੌਤ ਸੋਚਿਆ ਵੀ ਨਹੀਂ ਸੀ

ਪਠਾਨਕੋਟ ਬਾਈਪਾਸ ਨੇੜੇ ਰਾਹਗੀਰਾਂ ਦੀ ਚੌਕਸੀ ਕਾਰਨ ਇਕ ਹੋਰ ਘਟਨਾ ਹੁੰਦੀ-ਹੁੰਦੀ ਰਹਿ ਗਈ। ਜ਼ਿਕਰਯੋਗ ਹੈ ਕਿ ਇਕ ਵਿਅਕਤੀ ਦੇਰ ਰਾਤ 12 ਵਜੇ ਆਪਣੇ ਕੰਮ ਤੋਂ ਛੁੱਟੀ ਲੈ ਕੇ ਪੰਜਾਬੀ ਬਾਗ ਸਥਿਤ ਆਪਣੇ ਘਰ ਜਾ ਰਿਹਾ ਸੀ ਤੇ ਜਦੋਂ ਉਹ ਪਠਾਨਕੋਟ ਬਾਈਪਾਸ ਨੇੜੇ ਪਹੁੰਚਿਆ ਤਾਂ ਉਸ ਨੂੰ ਰੋਕਣ ਲਈ ਕਿਸੇ ਨੇ ਆਵਾਜ਼ ਮਾਰੀ, ਜਦੋਂ ਉਸ ਨੇ ਖੱਬੇ-ਸੱਜੇ ਦੇਖਿਆ ਤਾਂ ਉਸ ਨੂੰ ਪਤਾ ਲੱਗਾ ਕਿ 2 ਮੋਟਰਸਾਈਕਲ ਸਵਾਰ ਨੌਜਵਾਨ ਉਸ ਨੂੰ ਰੋਕਣ ਲਈ ਰੌਲਾ ਪਾ ਰਹੇ ਸਨ। ਉਸ ਨੇ ਹੁਸ਼ਿਆਰੀ ਨਾਲ ਆਪਣੀ ਬਾਈਕ ਦੀ ਸਪੀਡ ਵਧਾ ਦਿੱਤੀ ਤੇ ਸਹੀ ਸਲਾਮਤ ਘਰ ਪਹੁੰਚ ਗਿਆ।

ਪੁਲਸ ਦੀ ਨਫਰੀ ਲੋਕਾਂ ਨੂੰ ਨਹੀਂ ਵਿਖਾਈ ਦੇ ਰਹੀ
ਇਕ ਰਾਹਗੀਰ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਬੀਤੀ ਵੀਰਵਾਰ ਦੇਰ ਰਾਤ ਆਪਣੇ ਕੰਮ ਤੋਂ ਛੁੱਟੀ ਕਰ ਕੇ ਘਰ ਨੂੰ ਜਾ ਰਿਹਾ। ਉਹ ਜਦ ਡਿਫੈਂਸ ਕਲੋਨੀ ਵਾਲੀ ਸਾਈਡ ਤੋਂ ਕੈਂਟ ਨੂੰ ਜਾਣ ਲੱਗਾ ਤਾਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੁਰਿੰਦਰ ਸਿੰਘ ਸੋਢੀ ਦੀ ਰਿਹਾਇਸ਼ ਤੋਂ 50 ਮੀਟਰ ਦੀ ਦੂਰੀ ’ਤੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਜਦੋਂ ਉਕਤ ਵਿਅਕਤੀ ਨੇ ਸਾਰਾ ਮਾਮਲਾ ਸਮਝਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਰੋਕਣ ਲਈ ਆਵਾਜ਼ਾਂ ਮਾਰੀਆਂ ਜਾ ਰਹੀਆਂ ਸਨ। ਇਹ ਲੁਟੇਰੇ ਸਨ।

ਇਹ ਵੀ ਪੜ੍ਹੋ- ਮਾਂ-ਪੁੱਤ ਦਾ ਕਾਰਾ ਕਰੇਗਾ ਹੈਰਾਨ, ਇੰਝ ਚਲਾਉਂਦੇ ਰਹੇ ਜਲੰਧਰ ਵਿਚ ਕਾਲਾ ਕਾਰੋਬਾਰ

ਦਿਹਾਤੀ ਦੇ ਸੰਵੇਦਨਸ਼ੀਲ ਇਲਾਕੇ
ਥਾਣਾ ਲਾਂਬੜਾ ਅਧੀਨ ਪੈਂਦੇ ਪਿੰਡ ਬਾਦਸ਼ਾਹਪੁਰ ਦੇ ਅੱਗੇ ਹਾਈਵੇ, ਚਿੱਟੀ ਮੋੜ ਤੋਂ ਰਾਮਪੁਰ ਲੱਲੀਆਂ, ਅਠੌਲਾ ਤੇ ਥਾਣਾ ਮਕਸੂਦਾਂ ਦੇ ਇਲਾਕੇ ਪਿੰਡ ਕਬੂਲਪੁਰ, ਨੂਰਪੁਰ, ਰਾਓਵਾਲੀ ਮੋੜ, ਰਾਓਵਾਲੀ ਇੰਡਸਟਰੀ ਜ਼ੋਨ, ਬੁਲੰਦਪੁਰ ਤੋਂ ਰਾਏਪੁਰ ਨੂੰ ਜਾਣ ਵਾਲੀ ਸੜਕ, ਵਿਧੀਪੁਰ, ਲਿੱਧੜਾਂ ਤੋਂ ਇਲਾਵਾ ਕਈ ਹੋਰ ਇਲਾਕੇ ਲੁੱਟ-ਖਸੁੱਟ ਦੇ ਜ਼ਿਆਦਾ ਸ਼ਿਕਾਰ ਹਨ।

ਕਮਿਸ਼ਨਰੇਟ ਦੇ ਸੰਵੇਦਨਸ਼ੀਲ ਇਲਾਕੇ
ਕਮਿਸ਼ਨਰੇਟ ਦੇ ਇਲਾਕਿਆਂ ’ਚ ਪਠਾਨਕੋਟ ਬਾਈਪਾਸ, ਬੱਸ ਸਟੈਂਡ ਤੋਂ ਅਰਬਨ ਅਸਟੇਟ ਨੂੰ ਜਾਂਦੀ ਸੜਕ, ਪਿਮਸ ਹਸਪਤਾਲ ਤੋਂ ਗੜ੍ਹਾ ਤੱਕ ਸੜਕ, ਡਿਫੈਂਸ ਕਾਲੋਨੀ ਤੋਂ ਛਾਉਣੀ ਤੱਕ ਸੜਕ, ਪੀ. ਏ. ਪੀ. ਲੰਮਾ ਪਿੰਡ ਨੂੰ ਜਾਣ ਵਾਲਾ ਰਸਤਾ, ਪਠਾਨਕੋਟ ਬਾਈਪਾਸ ਤੋਂ ਫੋਕਲ ਪੁਆਇੰਟ, ਮਕਸੂਦਾਂ ਤੋਂ ਡੀ. ਏ. ਵੀ. ਕਾਲਜ ਨੂੰ ਜਾਂਦੀ ਸੜਕ ਬਹੁਤ ਹੀ ਸੰਵੇਦਨਸ਼ੀਲ ਹੈ ਤੇ ਲੋਕ ਇਸ ਸੜਕ ਤੋਂ ਲੰਘਣ ਤੋਂ ਡਰਦੇ ਹਨ।

ਪੁਲਸ ਦੀ ਨਫ਼ਰੀ ਵਧਾਈ ਜਾਵੇ
ਲਗਾਤਾਰ ਵੱਧ ਰਹੇ ਕ੍ਰਾਈੰਮ ਗ੍ਰਾਫ਼ ਨੂੰ ਰੋਕਣ ਲਈ ਪੁਲਸ ਕਮਿਸ਼ਨਰੇਟ ਤੇ ਐੱਸ. ਐੱਸ. ਪੀ. ਨੂੰ ਇਨ੍ਹਾਂ ਇਲਾਕਿਆਂ ’ਚ ਨਫਰੀ ਵਧਾਉਣੀ ਚਾਹੀਦੀ ਹੈ ਤਾਂ ਜੋ ਆਉਣ-ਜਾਣ ਵਾਲਿਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਬਿਨਾਂ ਸ਼ੱਕ ਪੁਲਸ ਤਿਆਰ ਹੈ ਪਰ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਵੀ ਪਿੱਛੇ ਨਹੀਂ ਹਨ। ਦਿਨ-ਦਿਹਾੜੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਬੇਖੌਫ਼ ਹੋ ਕੇ ਭੱਜ ਜਾਂਦੇ ਹਨ। ਇਨ੍ਹਾਂ ਲੁਟੇਰਿਆਂ ਤੇ ਸਨੈਚਿੰਗ ਗਿਰੋਹਾਂ ਨੂੰ ਫੜਨ ਲਈ ਪੁਲਸ ਨੂੰ ਸਿਵਲ ਵਰਦੀ ’ਚ ਟੀਮਾਂ ਨੂੰ ਇਲਾਕਿਆਂ ’ਚ ਭੇਜਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਦੋਸ਼ੀਆਂ ਨੂੰ ਜਲਦੀ ਕਾਬੂ ਕੀਤਾ ਜਾ ਸਕੇ।

ਇਹ ਵੀ ਪੜ੍ਹੋ- ਜਲੰਧਰ: ਸੁਸਾਈਡ ਨੋਟ ਲਿਖ ਲਾਪਤਾ ਹੋਇਆ ਵਿਅਕਤੀ, ਜਦ ਪਰਿਵਾਰ ਨੇ ਵੇਖਿਆ ਤਾਂ ਪੜ੍ਹ ਕੇ ਉੱਡੇ ਹੋਸ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 


author

shivani attri

Content Editor

Related News