ਕਾਰ ਨੇ ਬਾਈਕ ਨੂੰ ਮਾਰੀ ਟੱਕਰ, ਔਰਤ ਦੀ ਮੌਤ, ਪਤੀ ਜ਼ਖਮੀ

02/17/2020 1:33:09 PM

ਨਕੌਦਰ (ਪਾਲੀ)— ਮੋਗਾ ਹਾਈਵੇਅ 'ਤੇ ਨਾਨਕਸਰ ਗੁਰਦੁਆਰੇ ਕੋਲ ਬਾਈਕ 'ਤੇ ਮਲਸੀਆਂ ਤੋਂ ਦਵਾਈ ਲੈ ਕੇ ਆ ਰਹੇ ਬਜ਼ੁਰਗ ਪਤੀ-ਪਤਨੀ ਨੂੰ ਤੇਜ਼ ਰਫਤਾਰ ਕ੍ਰੇਟਾ ਕਾਰ ਨੇ ਟੱਕਰ ਮਾਰ ਦਿੱਤੀ। ਦੁਰਘਟਨਾ 'ਚ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦਾ ਪਤੀ ਗੰਭੀਰ ਜ਼ਖਮੀ ਹੋ ਗਿਆ। ਕਾਰ ਸਵਾਰ ਨੂੰ ਕਾਬੂ ਕਰਕੇ ਲੋਕਾਂ ਨੇ ਪਲਸ ਹਵਾਲੇ ਕਰ ਦਿੱਤਾ। ਥਾਣਾ ਪੁਲਸ ਸਿਟੀ ਨੇ ਦੋਵਾਂ ਵਾਹਨਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਮ੍ਰਿਤਕ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਭੇਜ ਦਿੱਤਾ ਹੈ ਅਤੇ ਗੰਭੀਰ ਜ਼ਖਮੀ ਨੂੰ ਇਲਾਜ ਲਈ ਨਕੋਦਰ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਹੈ।

ਜਾਣਕਾਰੀ ਦਿੰਦੇ ਹੋਏ ਮ੍ਰਿਤਕ ਔਰਤ ਦੇ ਬੇਟੇ ਹਰਵਿੰਦਰ ਸਿੰਘ ਇੰਟਰਨੈਸ਼ਨਲ ਕਬੱਡੀ ਖਿਡਾਰੀ ਨੇ ਦੱਸਿਆ ਕਿ ਉਸ ਦੇ ਪਿਤਾ ਕੁਲਦੀਪ ਸਿੰਘ ਅਤੇ ਮਾਤਾ ਅਮਰਜੀਤ ਕੌਰ ਨਿਵਾਸੀ ਮੁਹੱਲਾ ਗੁਰੂ ਨਾਨਕਪੁਰਾ ਨਕੋਦਰ ਬੀਤੇ ਦਿਨ ਦੁਪਹਿਰ 12 ਵਜੇ ਦੇ ਲਗਭਗ ਮੋਟਰਸਾਈਕਲ 'ਤੇ ਮਲਸੀਆਂ ਤੋਂ ਦਵਾਈ ਲੈ ਕੇ ਨਕੋਦਰ ਘਰ ਆ ਰਹੇ ਸਨ। ਨਾਨਕਸਰ ਗੁਰਦੁਆਰੇ ਕੋਲ ਇਕ ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮਾਤਾ-ਪਿਤਾ ਉਛਲ ਕੇ ਕਾਫੀ ਦੂਰ ਜਾ ਡਿੱਗੇ। ਮਾਤਾ ਦੀ ਸੜਕ 'ਤੇ ਡਿੱਗਦੇ ਹੀ ਮੌਤ ਹੋ ਗਈ ਅਤੇ ਪਿਤਾ ਕੁਲਦੀਪ ਸਿੰਘ ਗੰਭੀਰ ਜ਼ਖਮੀ ਹੋ ਗਿਆ।

ਮ੍ਰਿਤਕਾ ਦੇ ਬੇਟੇ ਨੇ ਦੱਸਿਆ ਕਿ ਉਸ ਦੇ ਪਿੱਛੇ ਉਸ ਦੇ ਮਾਮਾ ਸੁਖਵਿੰਦਰ ਸਿੰਘ, ਜੋ ਕਿ ਦੂਜੀ ਬਾਈਕ 'ਤੇ ਆ ਰਹੇ ਸਨ, ਨੇ ਜਲਦੀ ਹੀ ਇਸ ਘਟਨਾ ਦੀ ਸੂਚਨਾ ਦਿੱਤੀ ਅਤੇ ਮੈਂ ਮੌਕੇ 'ਤੇ ਪੁੱਜਿਆ। ਉਸ ਨੇ ਅੱਗੇ ਦੱਸਿਆ ਕਿ ਕਾਰ ਸਵਾਰ ਨੌਜਵਾਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਗੱਡੀ ਦਾ ਟਾਇਰ ਪੰਕਚਰ ਹੋਣ ਕਾਰਣ ਇਸ ਵਿਚ ਸਫਲ ਨਹੀਂ ਹੋ ਸਕੇ। ਲੋਕਾਂ ਦੀ ਮਦਦ ਨਾਲ ਕਾਰ ਸਵਾਰਾਂ ਨੂੰ ਕਾਬੂ ਕੀਤਾ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਬਿਆਨ ਦਰਜ ਕਰਵਾਏ ਹਨ। ਪੁਲਸ ਨੇ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


shivani attri

Content Editor

Related News