66 ਫੁੱਟੀ ਰੋਡ, ਅਲੀਪੁਰ ਅਤੇ ਖੁਰਲਾ ਕਿੰਗਰਾ ਇਲਾਕੇ ’ਚ ਹੀ ਨਿਗਮ ਦਾ ਕਰੋੜਾਂ ਰੁਪਏ ਦਾ ਰੈਵੇਨਿਊ ਹੋ ਰਿਹੈ ਚੋਰੀ

Sunday, Feb 04, 2024 - 03:02 PM (IST)

ਜਲੰਧਰ (ਖੁਰਾਣਾ)–ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੀ ਸੱਤਾ ਸੰਭਾਲਣ ਤੋਂ ਬਾਅਦ ਬਦਲਾਅ ਦੇ ਦੌਰ ਦੀ ਸ਼ੁਰੂਆਤ ਕਰਦੇ ਹੋਏ ਕਈ ਸਰਕਾਰੀ ਵਿਭਾਗਾਂ ਵਿਚ ਭ੍ਰਿਸ਼ਟਾਚਾਰ ਨੂੰ ਬਿਲਕੁਲ ਖਤਮ ਤਾਂ ਨਹੀਂ ਕੀਤਾ ਪਰ ਕਾਫੀ ਹੱਦ ਤਕ ਘੱਟ ਕਰ ਦਿੱਤਾ ਹੈ ਅਤੇ ਕਈ ਸਰਕਾਰੀ ਵਿਭਾਗਾਂ ਵਿਚ ਤਾਂ ਹੁਣ ਸਿਸਟਮ ਨੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਜਲੰਧਰ ਨਗਰ ਨਿਗਮ ਅਜਿਹਾ ਸਰਕਾਰੀ ਵਿਭਾਗ ਹੈ, ਜਿਸ ਦੇ ਰੈਵੇਨਿਊ ਨੂੰ ਅਜੇ ਵੀ ਕਰੋੜਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ ਪਰ ਸਬੰਧਤ ਨਿਗਮ ਅਧਿਕਾਰੀ ਇਸ ਮਾਮਲੇ ਵਿਚ ਕੁਝ ਨਹੀਂ ਕਰ ਪਾ ਰਹੇ।
ਜਲੰਧਰ ਨਿਗਮ ਦੇ ਬਿਲਡਿੰਗ ਵਿਭਾਗ ਦੀ ਗੱਲ ਕਰੀਏ ਤਾਂ ਪਿਛਲੇ ਲੰਮੇ ਸਮੇਂ ਤੋਂ ਇਹ ਵਿਭਾਗ ਵਿਹਲਾ ਬੈਠਾ ਹੋਇਆ ਸੀ ਅਤੇ ਇਸ ਵਿਭਾਗ ਨਾਲ ਸਬੰਧਤ ਅਧਿਕਾਰੀ ਫੀਲਡ ਵਿਚ ਨਹੀਂ ਨਿਕਲ ਪਾ ਰਹੇ ਸਨ। ਪਿਛਲੇ ਕੁਝ ਹਫਤਿਆਂ ਤੋਂ ਨਿਗਮ ਦੇ ਇਸ ਵਿਭਾਗ ਵਿਚ ਹਲਚਲ ਦੇਖੀ ਜਾ ਰਹੀ ਹੈ ਅਤੇ ਹੁਣ ਜਿਸ ਤਰ੍ਹਾਂ 1-2 ਸੈਕਟਰਾਂ ਵਿਚ ਜਾ ਕੇ ਚੈਕਿੰਗ ਹੋ ਰਹੀ ਹੈ, ਉਸ ਤੋਂ ਸਾਹਮਣੇ ਆਇਆ ਹੈ ਕਿ ਸਿਰਫ 66 ਫੁੱਟੀ ਰੋਡ ਨੇੜਲੇ ਇਲਾਕੇ, ਖੁਰਲਾ ਕਿੰਗਰਾ ਅਤੇ ਅਲੀਪੁਰ ਵਰਗੇ ਇਲਾਕੇ ਵਿਚ ਹੀ ਨਗਰ ਨਿਗਮ ਦੇ ਕਰੋੜਾਂ ਰੁਪਏ ਦੇ ਰੈਵੇਨਿਊ ਦਾ ਨੁਕਸਾਨ ਹੋ ਰਿਹਾ ਹੈ ਅਤੇ ਇਨ੍ਹਾਂ ਇਲਾਕਿਆਂ ਵਿਚ ਧੜਾਧੜ ਨਾਜਾਇਜ਼ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਨਾ ਤਾਂ ਸੀ. ਐੱਲ. ਯੂ. ਪਾਸ ਕਰਵਾਇਆ ਜਾਂਦਾ ਹੈ ਅਤੇ ਨਾ ਹੀ ਕਮਰਸ਼ੀਅਲ ਨਕਸ਼ੇ ਆਦਿ ਦੀ ਫੀਸ ਦਿੱਤੀ ਜਾਂਦੀ ਹੈ।

ਰਿਹਾਇਸ਼ੀ ਇਲਾਕਿਆਂ ਵਿਚ ਵੀ 2-2 ਮੰਜ਼ਿਲਾ ਦੁਕਾਨਾਂ ਸ਼ਰੇਆਮ ਬਣ ਰਹੀਆਂ ਹਨ ਅਤੇ ਅਲੀਪੁਰ ਇਲਾਕੇ ਵਿਚ ਤਾਂ ਕਿਤੇ ਆਲੀਸ਼ਾਨ ਫਾਰਮ ਹਾਊਸ ਕੱਟੇ ਜਾ ਰਹੇ ਹਨ ਅਤੇ ਕਿਤੇ ਨਾਜਾਇਜ਼ ਕਾਲੋਨੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ।

PunjabKesari
ਅਲੀਪੁਰ ’ਚ ਭੱਟੀ ਕੋਲਡ ਸਟੋਰ ਦੇ ਨੇੜੇ ਹੋ ਰਹੇ ਨਾਜਾਇਜ਼ ਨਿਰਮਾਣ
ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੀ ਟੀਮ ਨੇ ਪਿਛਲੇ ਦਿਨੀਂ ਪਿੰਡ ਅਲੀਪੁਰ ਵਿਚ ਭੱਟੀ ਕੋਲਡ ਸਟੋਰ ਵਾਲੀ ਜਗ੍ਹਾ ’ਤੇ ਕੱਟੀ ਜਾ ਰਹੀ ਕਾਲੋਨੀ ਦਾ ਕੰਮ ਰੁਕਵਾ ਦਿੱਤਾ ਸੀ ਅਤੇ ਕਿਹਾ ਸੀ ਕਿ ਇਸ ਜ਼ਮੀਨ ਦਾ ਸਿਰਫ ਸੀ. ਐੱਲ. ਯੂ. ਹੋਇਆ ਹੈ, ਅਜੇ ਤਕ ਕਾਲੋਨੀ ਦਾ ਲਾਇਸੈਂਸ ਇਸ਼ੂ ਨਹੀਂ ਹੋਇਆ ਅਤੇ ਨਾ ਹੀ ਫੀਸਾਂ ਆਦਿ ਭਰੀਆਂ ਗਈਆਂ ਹਨ। ਇਸਦੇ ਬਾਵਜੂਦ ਭੱਟੀ ਕੋਲਡ ਸਟੋਰ ਵਾਲੀ ਜਗ੍ਹਾ ’ਤੇ ਨਾਜਾਇਜ਼ ਕਾਲੋਨੀ ਕੱਟਣ ਅਤੇ ਪਲਾਟ ਆਦਿ ਤਿਆਰ ਕਰਨ ਦਾ ਕੰਮ ਜ਼ੋਰਾਂ ’ਤੇ ਹੈ।
ਅੱਜ ਨਿਗਮ ਦੀ ਟੀਮ ਨੇ ਉਕਤ ਇਲਾਕੇ ਵਿਚ ਫਿਰ ਛਾਪੇਮਾਰੀ ਕੀਤੀ ਅਤੇ ਕੋਲਡ ਸਟੋਰ ਦੇ ਨਾਲ ਬਣੇ ਇਕ ਫਾਰਮ ਹਾਊਸ ਨੂੰ ਨੋਟਿਸ ਜਾਰੀ ਕੀਤਾ। ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਫਾਰਮ ਹਾਊਸ ਤਿਆਰ ਕਰਨ ਵਾਲੀ ਧਿਰ ਮੌਕੇ ’ਤੇ ਕੋਈ ਨਕਸ਼ਾ ਆਦਿ ਨਹੀਂ ਦਿਖਾ ਸਕੀ।
ਪਿੰਡ ਅਲੀਪੁਰ ਵਿਚ ਭੱਟੀ ਕੋਲਡ ਸਟੋਰ ਦੇ ਨੇੜੇ ਤਿਆਰ ਇਕ ਆਲੀਸ਼ਾਨ ਫਾਰਮ ਹਾਊਸ, ਜਿਸ ਦੇ ਦਸਤਾਵੇਜ਼ ਨਿਗਮ ਵੱਲੋਂ ਤਲਬ ਕੀਤੇ ਗਏ ਹਨ। 

PunjabKesari
ਐੱਸ. ਏ. ਐੱਸ. ਨਗਰ ਅਤੇ ਗ੍ਰੀਨ ਐਵੇਨਿਊ ’ਚ ਵੀ ਧੜਾਧੜ ਹੋ ਰਹੇ ਕਮਰਸ਼ੀਅਲ ਨਿਰਮਾਣ
ਨਗਰ ਨਿਗਮ ਦੇ ਏ. ਟੀ. ਪੀ. ਸੁਖਦੇਵ ਵਸ਼ਿਸ਼ਟ ਨੇ ਅੱਜ ਛੁੱਟੀ ਵਾਲੇ ਦਿਨ ਆਪਣੀ ਟੀਮ ਨਾਲ ਖੁਰਲਾ ਕਿੰਗਰਾ ਅਤੇ ਵਡਾਲਾ ਰੋਡ ਆਦਿ ਇਲਾਕਿਆਂ ਦਾ ਦੌਰਾ ਕੀਤਾ ਅਤੇ ਐੱਸ. ਏ. ਐੱਸ. ਨਗਰ ਵਿਚ ਗ੍ਰੀਨ ਲੈਂਡ ਪ੍ਰਾਪਰਟੀ ਡੀਲਰ ਦੇ ਨੇੜੇ ਇਕ ਨਾਜਾਇਜ਼ ਕਮਰਸ਼ੀਅਲ ਨਿਰਮਾਣ ਨੂੰ ਨੋਟਿਸ ਜਾਰੀ ਕੀਤਾ, ਜਿਥੇ ਨਾਜਾਇਜ਼ ਢੰਗ ਨਾਲ 2 ਮੰਜ਼ਿਲਾ 6 ਦੁਕਾਨਾਂ ਤਿਆਰ ਕਰ ਲਈਆਂ ਗਈਆਂ ਹਨ।
ਇਸੇ ਟੀਮ ਨੇ ਗ੍ਰੀਨ ਐਵੇਨਿਊ ਵਿਚ ਵੀ 2 ਮੰਜ਼ਿਲਾ ਨਾਜਾਇਜ਼ ਕਮਰਸ਼ੀਅਲ ਨਿਰਮਾਣ ਨੂੰ ਨੋਟਿਸ ਜਾਰੀ ਕੀਤਾ। ਜ਼ਿਕਰਯੋਗ ਹੈ ਕਿ ਇਸ ਇਲਾਕੇ ਵਿਚ ਵੀ ਨਾਜਾਇਜ਼ ਕਮਰਸ਼ੀਅਲ ਨਿਰਮਾਣ ਕਰ ਕੇ ਨਿਗਮ ਦੇ ਰੈਵੇਨਿਊ ਨੂੰ ਮੋਟਾ ਚੂਨਾ ਲਾਇਆ ਜਾ ਰਿਹਾ ਹੈ।


Aarti dhillon

Content Editor

Related News