ਜਲੰਧਰ ''ਚ ਨਗਰ ਨਿਗਮ ਚੋਣਾਂ ਲਈ ਵੋਟਿੰਗ ਸ਼ੁਰੂ, ਅੱਜ ਹੋਵੇਗਾ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ

Saturday, Dec 21, 2024 - 07:50 AM (IST)

ਜਲੰਧਰ ''ਚ ਨਗਰ ਨਿਗਮ ਚੋਣਾਂ ਲਈ ਵੋਟਿੰਗ ਸ਼ੁਰੂ, ਅੱਜ ਹੋਵੇਗਾ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ

ਜਲੰਧਰ (ਚੋਪੜਾ, ਮਹਾਜਨ)– ਜ਼ਿਲ੍ਹੇ ਵਿਚ 21 ਦਸੰਬਰ ਯਾਨੀ ਅੱਜ ਨੂੰ ਹੋਣ ਜਾ ਰਹੀਆਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਵਿਚ 729658 ਵੋਟਰ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਨਗੇ, ਜਿਸ ਨੂੰ ਲੈ ਕੇ ਜ਼ਿਲਾ ਪ੍ਰਸ਼ਾਸਨ ਨੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ। ਚੋਣਾਂ ਲੜ ਰਹੇ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਵੀ ਅੱਜ ਸ਼ਾਮ ਨੂੰ ਹੀ ਹੋ ਜਾਵੇਗਾ, ਕਿਉਂਕਿ ਪੋਲਿੰਗ ਤੋਂ ਬਾਅਦ ਨਾਲ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ ਤੇ ਕੁਝ ਦੇਰ ਬਾਅਦ ਹੀ ਨਤੀਜਿਆਂ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ। 

ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪੋਲਿੰਗ ਸ਼ਨੀਵਾਰ ਸਵੇਰੇ 7 ਤੋਂ ਸ਼ਾਮ 4 ਵਜੇ ਤਕ ਹੋਵੇਗੀ ਅਤੇ ਵੋਟਿੰਗ ਤੋਂ ਬਾਅਦ ਪੋਲਿੰਗ ਸਟੇਸ਼ਨਾਂ ’ਤੇ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ, ਜਿਸ ਤੋਂ ਬਾਅਦ ਦੇਰ ਰਾਤ ਤਕ ਚੋਣ ਨਤੀਜੇ ਸਾਹਮਣੇ ਆ ਜਾਣਗੇ।

ਜ਼ਿਲ੍ਹਾ ਚੋਣ ਅਧਿਕਾਰੀ ਨੇ ਵੋਟਰਾਂ ਨੂੰ ਬਿਨਾਂ ਕਿਸੇ ਡਰ ਦੇ ਇਸ ਪੋਲਿੰਗ ਵਿਚ ਵਧ-ਚੜ੍ਹ ਕੇ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਜ਼ਿਲ੍ਹੇ ਵਿਚ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀ ਵੋਟਿੰਗ ਲਈ ਕੁੱਲ 729 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ ਵਿਚ ਨਗਰ ਨਿਗਮ ਜਲੰਧਰ ਦੇ 85 ਵਾਰਡਾਂ ਲਈ 677 ਪੋਲਿੰਗ ਬੂਥਾਂ ਤੋਂ ਇਲਾਵਾ ਨਗਰ ਕੌਂਸਲ ਭੋਗਪੁਰ, ਨਗਰ ਕੌਂਸਲ ਗੋਰਾਇਆ ਅਤੇ ਨਗਰ ਕੌਂਸਲ ਫਿਲੌਰ ਦੇ ਇਕ ਵਾਰਡ ਲਈ ਕੁੱਲ 27 ਅਤੇ ਨਗਰ ਪੰਚਾਇਤ ਬਿਲਗਾ, ਨਗਰ ਪੰਚਾਇਤ ਸ਼ਾਹਕੋਟ ਅਤੇ ਨਗਰ ਪੰਚਾਇਤ ਮਹਿਤਪੁਰ ਦੇ ਇਕ ਵਾਰਡ ਲਈ ਕੁੱਲ 25 ਪੋਲਿੰਗ ਬੂਥ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਨਗਰ ਪੰਚਾਇਤ ਬਿਲਗਾ ਦੇ 2 ਵਾਰਡਾਂ (ਵਾਰਡ ਨੰਬਰ 1 ਅਤੇ 3) ਵਿਚ ਪਹਿਲਾਂ ਹੀ ਸਰਬਸੰਮਤੀ ਹੋ ਚੁੱਕੀ ਹੈ।

ਡਾ. ਹਿਮਾਂਸ਼ੂ ਨੇ ਦੱਸਿਆ ਕਿ 354159 ਮਰਦ, 329188 ਔਰਤ ਅਤੇ 20 ਟਰਾਂਸਜੈਂਡਰਾਂ ਸਮੇਤ ਜਲੰਧਰ ਸ਼ਹਿਰ ਵਿਚ ਕੁੱਲ 683367 ਵੋਟਰ ਹਨ, ਜਦੋਂ ਕਿ ਨਗਰ ਕੌਂਸਲ ਭੋਗਪੁਰ, ਗੋਰਾਇਆ ਅਤੇ ਫਿਲੌਰ ਲਈ 24504 ਅਤੇ ਨਗਰ ਪੰਚਾਇਤ ਬਿਲਗਾ, ਸ਼ਾਹਕੋਟ ਅਤੇ ਮਹਿਤਪੁਰ ਲਈ 21787 ਵੋਟਰ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਨਗੇ।

ਉਨ੍ਹਾਂ ਕਿਹਾ ਕਿ ਪੂਰੇ ਚੋਣ ਅਮਲ ਨੂੰ ਆਜ਼ਾਦ, ਨਿਰਪੱਖ ਅਤੇ ਨਿਰਵਿਘਨ ਢੰਗ ਨਾਲ ਮੁਕੰਮਲ ਕਰਵਾਉਣ ਲਈ 2916 ਕਰਮਚਾਰੀ ਡਿਊਟੀ ’ਤੇ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 2708 ਕਰਮਚਾਰੀ ਨਗਰ ਨਿਗਮ ਜਲੰਧਰ ਅਤੇ 208 ਕਰਮਚਾਰੀ ਨਗਰ ਕੌਂਸਲ ਭੋਗਪੁਰ, ਗੋਰਾਇਆ, ਫਿਲੌਰ ਅਤੇ ਨਗਰ ਪੰਚਾਇਤ ਬਿਲਗਾ, ਸ਼ਾਹਕੋਟ ਅਤੇ ਮਹਿਤਪੁਰ ਵਿਚ ਪੋਲਿੰਗ ਦੌਰਾਨ ਡਿਊਟੀ ਨਿਭਾਉਣਗੇ।

ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਸ ਵੱਲੋਂ 3404 ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਵਿਚ ਨਗਰ ਨਿਗਮ ਦੀ ਪੋਲਿੰਗ ਲਈ 2469 ਅਤੇ ਨਗਰ ਕੌਂਸਲ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਲਈ 935 ਕਰਮਚਾਰੀ ਸ਼ਾਮਲ ਹਨ।


author

Shivani Bassan

Content Editor

Related News