ਪੀ. ਆਰ. ਟੀ. ਸੀ. ਦੀ ਬੱਸ ਹੀ ਚੋਰੀ ਕਰਕੇ ਲੈ ਗਏ ਚੋਰ
Monday, Dec 16, 2024 - 03:19 PM (IST)
ਗੁਰੂਹਰਸਹਾਏ (ਕਾਲੜਾ) : ਗੁਰੂਹਰਸਹਾਏ ’ਚ ਗੁਰੂ ਨਾਨਕ ਸ਼ੁੱਧ ਵੈਸ਼ਨੂੰ ਢਾਬਾ ਗੋਲੂ ਕਾ ਮੋੜ ਵਿਖੇ ਪੀ. ਆਰ. ਟੀ. ਸੀ. ਦੀ ਖੜੀ ਕੀਤੀ ਬੱਸ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਵਿਚੋਂ ਇਕ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ 303 (2) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਭਜਨ ਸਿੰਘ ਡਰਾਈਵਰ ਨੰਬਰ ਸੀ.ਕੇ/316 ਪੀਆਰਟੀਸੀ ਫਰੀਦਕੋਟ ਪੁੱਤਰ ਗੁਰਦੀਪ ਸਿੰਘ ਪਿੰਡ ਆਤੂ ਵਾਲਾ ਉਤਾੜ ਨੇ ਦੱਸਿਆ ਕਿ ਮਿਤੀ 14 ਦਸੰਬਰ 2024 ਨੂੰ ਉਹ ਤੇ ਉਸ ਦਾ ਸਾਥੀ ਕੰਡਕਟਰ ਨੇ ਸਰਕਾਰੀ ਬੱਸ ਨੰਬਰ ਪੀਬੀ 04 ਵੀ 2923 ਗੁਰੂ ਨਾਨਕ ਸ਼ੁੱਧ ਵੈਸ਼ਨੂੰ ਢਾਬਾ ਗੋਲੂ ਕਾ ਮੋੜ ਵਿਖੇ ਖੜੀ ਕਰਕੇ ਰੋਟੀ ਖਾਣ ਚਲੇ ਗਏ ਸੀ।
ਇਸ ਦੌਰਾਨ ਜਦੋਂ ਉਹ ਵਾਪਸ ਆਏ ਤਾਂ ਉਕਤ ਬੱਸ ਨੂੰ ਅਣਪਛਾਤੇ ਵਿਅਕਤੀ ਚੋਰੀ ਕਰਕੇ ਲੈ ਗਏ ਸੀ। ਬਾਅਦ ਵਿਚ ਕੈਮਰੇ ਚੈੱਕ ਕਰਨ 'ਤੇ ਅਣਪਛਾਤੇ ਵਿਅਕਤੀਆਂ ਦੀ ਪਛਾਣ ਕਸ਼ਮੀਰ ਸਿੰਘ ਉਰਫ ਸੋਨੂੰ ਪੁੱਤਰ ਮੇਜਰ ਸਿੰਘ ਵਾਸੀ ਚੱਕ ਘੁਬਾਈ ਉਰਫ ਟਾਂਗਣ ਤਰਾਂ ਵਾਲੀ ਅਤੇ ਗੋਰਾ ਪੁੱਤਰ ਸੋਹਨ ਸਿੰਘ ਵਾਸੀ ਬਸਤੀ ਭੱਟੀਆਂ ਵਜੋਂ ਹੋਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਮਹਿਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਕਸ਼ਮੀਰ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਦੇ ਸਾਥੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।