15 ਫ਼ੀਸਦੀ ਕਟੌਤੀ ਦੇ ਬਾਵਜੂਦ ਵਿਭਾਗ ਨੂੰ ਹੋਈ ਆਮਦਨ ਦਾ ਅੰਕੜਾ 1800 ਕਰੋੜ ਤੋਂ ਪਾਰ

07/10/2022 2:48:37 AM

ਜਲੰਧਰ (ਪੁਨੀਤ) : ਆਮ ਆਦਮੀ ਪਾਰਟੀ ਵੱਲੋਂ ਲਿਆਂਦੀ ਗਈ ਐਕਸਾਈਜ਼ ਪਾਲਿਸੀ ਨੂੰ ਲੈ ਕੇ ਜਿਹੜੀਆਂ ਸੰਭਾਵਨਾਵਾਂ ਪ੍ਰਗਟ ਕੀਤੀਆਂ ਜਾ ਰਹੀਆਂ ਸਨ, ਉਨ੍ਹਾਂ ਦੇ ਉਲਟ ਆਏ ਅੰਕੜਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਭਾਗ ਨੂੰ ਹੋਈ ਆਮਦਨ ਦੇ ਅੰਕੜੇ ਨੇ 1800 ਕਰੋੜ ਦੀ ਰਾਸ਼ੀ ਨੂੰ ਪਾਰ ਕਰ ਲਿਆ ਹੈ। ਜਲੰਧਰ ਜ਼ੋਨ ਦੇ ਬਣਾਏ ਗਏ 68 ਗਰੁੱਪਾਂ 'ਚੋਂ 67 ਲਈ ਟੈਂਡਰ ਸਫਲ ਕਰਾਰ ਦਿੱਤੇ ਗਏ ਹਨ।ਉਥੇ ਹੀ ਮਾਰਕਫੈੱਡ ਨਾਲ ਮਿਲ ਕੇ ਠੇਕੇ ਖੋਲ੍ਹਣ ਦੀ ਸਰਕਾਰੀ ਯੋਜਨਾ ’ਤੇ ਵੀ ਵਿਰਾਮ ਚਿੰਨ੍ਹ ਲੱਗਦਾ ਨਜ਼ਰ ਆ ਰਿਹਾ ਹੈ ਕਿਉਂਕਿ ਠੇਕੇਦਾਰਾਂ ਵੱਲੋਂ ਸਰਕਾਰੀ ਠੇਕੇ ਖੁੱਲ੍ਹਣ ਤੋਂ ਰੋਕਣ ਲਈ ਗਰੁੱਪਾਂ ਦੀ ਖਰੀਦਦਾਰੀ ਕੀਤੀ ਜਾ ਰਹੀ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਜੇਕਰ ਸਰਕਾਰੀ ਠੇਕੇ ਖੁੱਲ੍ਹ ਜਾਂਦੇ ਹਨ ਤਾਂ ਲੋਕਾਂ ਵੱਲੋਂ ਕਈ ਕਾਰਨਾਂ ਕਰਕੇ ਪ੍ਰਾਈਵੇਟ ਠੇਕਿਆਂ ਨੂੰ ਅਣਡਿੱਠ ਕੀਤਾ ਜਾ ਸਕਦਾ ਹੈ। ਹੁਣ ਮਾਡਲ ਟਾਊਨ ਗਰੁੱਪ ਨਾ ਵਿਕਣ ਦੀ ਸੂਰਤ 'ਚ ਸ਼ਹਿਰ ਅੰਦਰ ਸਰਕਾਰੀ ਠੇਕੇ ਖੁੱਲ੍ਹ ਸਕਣਗੇ ਪਰ ਅਜਿਹਾ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ।

ਖ਼ਬਰ ਇਹ ਵੀ : ਸਾਬਕਾ ਅਕਾਲੀ ਮੰਤਰੀ ਦਾ ਭਤੀਜਾ ਗ੍ਰਿਫ਼ਤਾਰ, ਉਥੇ ਵੱਖਰੀ ਵਿਧਾਨ ਸਭਾ ਬਣਾਏਗਾ ਹਰਿਆਣਾ, ਪੜ੍ਹੋ TOP 10

ਵਿਭਾਗ ਵੱਲੋਂ ਪਿਛਲੀ ਵਾਰ ਸ਼ੁੱਕਰਵਾਰ ਨੂੰ ਲਾਇਸੈਂਸ ਫੀਸ 'ਚ ਕਟੌਤੀ ਕੀਤੀ ਗਈ ਸੀ ਪਰ ਇਸ ਵਾਰ ਅਜਿਹਾ ਨਹੀਂ ਕੀਤਾ ਗਿਆ। ਇਸ ਦਾ ਮੁੱਖ ਕਾਰਨ ਇਹ ਹੈ ਕਿ ਜ਼ੋਨ ਦੇ ਜਲੰਧਰ ਸ਼ਹਿਰ ਵਾਲੇ ਇਕ ਠੇਕੇ ਨੂੰ ਛੱਡ ਕੇ ਸਾਰੇ ਵਿਕ ਚੁੱਕੇ ਹਨ, ਜਿਸ ਕਾਰਨ ਵਿਭਾਗ ਨਿਸ਼ਚਿੰਤ ਹੋ ਚੁੱਕਾ ਹੈ। ਅਧਿਕਾਰੀਆਂ ਨੂੰ ਵੀ ਪਤਾ ਹੈ ਕਿ ਠੇਕੇਦਾਰ ਇਹ ਗਰੁੱਪ ਕਿਸੇ ਵੀ ਸੂਰਤ ਵਿੱਚ ਹੱਥੋਂ ਨਹੀਂ ਜਾਣ ਦੇਣਗੇ। ਹੁਣ ਤੱਕ ਕੀਮਤਾਂ ’ਚ 15 ਫ਼ੀਸਦੀ ਤੱਕ ਕਮੀ ਹੋ ਚੁੱਕੀ ਹੈ ਪਰ ਇਸ ਦੇ ਬਾਵਜੂਦ ਵਿਭਾਗ ਨੂੰ ਹੋਣ ਵਾਲੀ ਆਮਦਨ ਦਾ ਅੰਕੜਾ 1800 ਕਰੋੜ ਤੋਂ ਪਾਰ ਪਹੁੰਚ ਚੁੱਕਾ ਹੈ, ਜਿਸ ਨਾਲ ਅਧਿਕਾਰੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਜਲੰਧਰ ਜ਼ਿਲੇ ਦੇ ਕੁਲ 20 ਗਰੁੱਪਾਂ 'ਚ ਸਭ ਤੋਂ ਪਹਿਲਾਂ ਮਾਡਲ ਟਾਊਨ ਗਰੁੱਪ ਦੇ ਵਿਕਣ ਦੀ ਉਮੀਦ ਜਤਾਈ ਜਾ ਰਹੀ ਸੀ, ਜਦੋਂ ਕਿ ਇਹੀ ਗਰੁੱਪ ਸੇਲ ਹੋਣਾ ਬਾਕੀ ਬਚਿਆ ਹੈ। ਇਸ ਅਧੀਨ 17 ਠੇਕੇ ਆਉਂਦੇ ਹਨ। ਸ਼ਹਿਰ ਦਾ ਪਾਸ਼ ਇਲਾਕਾ ਹੋਣ ਦੇ ਬਾਵਜੂਦ ਇਸ ਗਰੁੱਪ ਦਾ ਅਜੇ ਤੱਕ ਸੇਲ ਨਾ ਹੋ ਸਕਣਾ ਸਮਝ ਤੋਂ ਪਰ੍ਹੇ ਹੈ ਕਿਉਂਕਿ ਬਸਤੀਆਂ ਗਰੁੱਪ ਦੀ ਸੇਲ ਦੀ ਉਮੀਦ ਸਭ ਤੋਂ ਘੱਟ ਜਤਾਈ ਜਾ ਰਹੀ ਸੀ, ਜਦੋਂ ਕਿ ਉਕਤ ਗਰੁੱਪ ਕਾਫੀ ਸਮਾਂ ਪਹਿਲਾਂ ਵਿਕ ਚੁੱਕਾ ਹੈ।

ਇਹ ਵੀ ਪੜ੍ਹੋ : ਇਕੋ ਘਰ 'ਚ ਦੂਜੇ ਪੁੱਤ ਦੀ ਵੀ ਹੋਈ ਚਿੱਟੇ ਨਾਲ ਮੌਤ, ਮਾਂ ਦਾ ਰੋ-ਰੋ ਬੁਰਾ ਹਾਲ (ਵੀਡੀਓ)

ਜਲੰਧਰ ਜ਼ੋਨ ਅਧੀਨ ਕਪੂਰਥਲਾ, ਫਗਵਾੜਾ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਤੇ ਪਠਾਨਕੋਟ ਦੇ 67 ਗਰੁੱਪਾਂ ਅਧੀਨ 2203 ਠੇਕੇ ਵਿਕ ਚੁੱਕੇ ਹਨ ਅਤੇ ਜਲੰਧਰ ਜ਼ਿਲ੍ਹੇ ਦੇ ਇਕਲੌਤੇ ਬਚੇ ਮਾਡਲ ਟਾਊਨ ਗਰੁੱਪ ’ਤੇ ਸਭ ਦਾ ਫੋਕਸ ਹੋ ਗਿਆ ਹੈ। ਠੇਕੇਦਾਰ ਹੁਣ ਇਸ ਗਰੁੱਪ ਨੂੰ ਖਰੀਦਣ ਲਈ ਰਿਜ਼ਰਵ ਪ੍ਰਾਈਸ ਤੋਂ ਵੱਧ ਦਾ ਟੈਂਡਰ ਲਾਉਣ ’ਤੇ ਵੀ ਦਾਅ ਖੇਡਦੇ ਨਜ਼ਰ ਆ ਸਕਦੇ ਹਨ। ਇਹ ਵੇਖਣਾ ਦਿਲਚਸਪ ਹੋਵੇਗਾ ਕਿ ਕਿਸ ਗਰੁੱਪ ਦੇ ਹੱਥ ਮਾਡਲ ਟਾਊਨ ਦਾ ਠੇਕਾ ਲੱਗਦਾ ਹੈ।

ਇਹ ਵੀ ਪੜ੍ਹੋ : ਜਥੇਦਾਰ ਹਰਪ੍ਰੀਤ ਸਿੰਘ ਤੇ ਐਡਵੋਕੇਟ ਧਾਮੀ ਨੇ ਸਿੱਖ ਨੌਜਵਾਨੀ ਨੂੰ ਸਿੱਖ ਸ਼ਸਤਰ ਵਿੱਦਿਆ ਨਾਲ ਜੁੜਨ ਦਾ ਦਿੱਤਾ ਸੱਦਾ

ਜ਼ੋਨ ਅਧੀਨ 2220 ਠੇਕਿਆਂ ’ਚੋਂ ਜਲੰਧਰ ਜ਼ਿਲ੍ਹੇ ਅੰਦਰ 640 ਠੇਕੇ ਖੋਲ੍ਹੇ ਜਾਣੇ ਹਨ, ਜਿਨ੍ਹਾਂ 'ਚੋਂ ਦਿਹਾਤੀ ਦੇ 358 ਠੇਕਿਆਂ ਦੀ ਸੇਲ ਕਾਫੀ ਸਮਾਂ ਪਹਿਲਾਂ ਹੋ ਚੁੱਕੀ ਹੈ। ਮਹਾਨਗਰ ਜਲੰਧਰ ਦੇ 282 ਠੇਕਿਆਂ 'ਚੋਂ ਲੈਦਰ ਕੰਪਲੈਕਸ ਦੇ 25 ਠੇਕਿਆਂ ਵਾਲਾ ਗਰੁੱਪ ਵਿਕਣ ਤੋਂ ਬਾਅਦ ਹੁਣ ਠੇਕੇ ਖੁੱਲ੍ਹਣ ਦਾ ਅੰਕੜਾ 265 ਹੋ ਚੁੱਕਾ ਹੈ। ਇਨ੍ਹਾਂ 'ਚੋਂ ਕਈ ਗਰੁੱਪਾਂ ਅਧੀਨ ਠੇਕੇ ਖੁੱਲ੍ਹਣੇ ਅਜੇ ਵੀ ਬਾਕੀ ਹਨ। ਠੇਕੇਦਾਰਾਂ ਵੱਲੋਂ ਸ਼ੁਰੂਆਤ 'ਚ ਅਹਿਮ ਸਥਾਨ ਵਾਲੀਆਂ ਪੁਰਾਣੀਆਂ ਦੁਕਾਨਾਂ ਵਾਲੇ ਠੇਕੇ ਖੋਲ੍ਹ ਦਿੱਤੇ ਗਏ ਹਨ। ਜਿਨ੍ਹਾਂ ਠੇਕਿਆਂ ਦਾ ਸਥਾਨ ਬਦਲਿਆ ਜਾਣਾ ਹੈ, ਉਨ੍ਹਾਂ ਦਾ ਪ੍ਰੋਸੈੱਸ ਜਾਰੀ ਹੈ। ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਿਲ੍ਹੇ ਅਧੀਨ 623 ਠੇਕੇ ਖੋਲ੍ਹਣ ਦੇ ਲਾਇਸੈਂਸ ਜਾਰੀ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਜਲੰਧਰ ਸ਼ਹਿਰ ਦੇ 165 ਠੇਕੇ ਸ਼ਾਮਲ ਹਨ। ਉਥੇ ਹੀ ਕੱਲ ਦੀ ਖ਼ਬਰ ਵਿੱਚ ਠੇਕਿਆਂ ’ਤੇ ਰੇਟ ਲਿਸਟ ਪ੍ਰਦਰਸ਼ਿਤ ਨਾ ਕੀਤੇ ਜਾਣ ਬਾਰੇ ਦੱਸਿਆ ਗਿਆ ਸੀ, ਜਿਸ ਤੋਂ ਬਾਅਦ ਅੱਜ ਵਧੇਰੇ ਠੇਕਿਆਂ ’ਤੇ ਰੇਟ ਲਿਸਟ ਲੱਗੀ ਪਾਈ ਗਈ।

ਇਹ ਵੀ ਪੜ੍ਹੋ : ਮਾਝੇ ਦੇ ਇਸ ਸਰਦਾਰ ਨੇ Highway 'ਤੇ ਲਿਆ ਖੜ੍ਹਾ ਕੀਤਾ ਜਹਾਜ਼, ਵਿੱਚ ਬਣਾਏਗਾ ਰੈਸਟੋਰੈਂਟ (ਵੀਡੀਓ)

ਗਰੁੱਪ ਬਣਾਉਣ ਦੇ ਬਦਲਾਅ ਨਾਲ 17 ਤੋਂ 64 ਠੇਕੇ ਖੋਲ੍ਹਣ ਦੀ ਵਿਵਸਥਾ

ਇਸ ਵਾਰ ਬਣਾਏ ਗਏ ਗਰੁੱਪਾਂ ਵਿੱਚ ਪਿਛਲੀ ਵਾਰ ਦੇ ਮੁਕਾਬਲੇ ਕਈ ਤਰ੍ਹਾਂ ਦੇ ਵੱਡੇ ਬਦਲਾਅ ਦੇਖਣ ਨੂੰ ਮਿਲੇ ਹਨ। ਪਿਛਲੀ ਵਾਰ ਗਰੁੱਪ 'ਚ 5 ਤੋਂ 8 ਠੇਕੇ ਆਏ ਸਨ ਅਤੇ ਕੀਮਤ ਨੂੰ 5-7 ਕਰੋੜ ਰੁਪਏ ਰੱਖਿਆ ਗਿਆ ਸੀ, ਜਦੋਂ ਕਿ ਇਸ ਵਾਰ ਗਰੁੱਪ ਦੀ ਕੀਮਤ 25 ਕਰੋੜ ਤੋਂ ਲੈ ਕੇ 31 ਕਰੋੜ ਤੱਕ ਰੱਖੀ ਗਈ ਹੈ। ਕੀਮਤ ਵਧਣ ਨਾਲ ਠੇਕਿਆਂ ਦੀਆਂ ਹੱਦਾਂ ਵੀ ਵਧੀਆਂ ਹਨ। ਇਸ ਕਾਰਨ ਠੇਕੇਦਾਰਾਂ ਵੱਲੋਂ ਦੁਕਾਨਾਂ ਖੋਲ੍ਹਣ ਦੇ ਸਥਾਨ ਦੀ ਸਾਵਧਾਨੀ ਨਾਲ ਚੋਣ ਕੀਤੀ ਜਾ ਰਹੀ ਹੈ ਤਾਂ ਕਿ ਘਾਟਾ ਨਾ ਉਠਾਉਣਾ ਪਵੇ। ਇਸ ਲੜੀ ਵਿੱਚ ਸ਼ਹਿਰ ਦੇ ਅੰਦਰ ਬੱਸ ਸਟੈਂਡ, ਮਾਡਲ ਟਾਊਨ, ਫੋਕਲ ਪੁਆਇੰਟ ਵਰਗੇ ਗਰੁੱਪਾਂ 'ਚ ਠੇਕਿਆਂ ਦੀ ਗਿਣਤੀ 17 ਰੱਖੀ ਗਈ ਹੈ। ਉਥੇ ਹੀ ਅਵਤਾਰ ਨਗਰ ਤੇ ਮਕਸੂਦਾਂ 'ਚ 20 ਠੇਕੇ ਖੋਲ੍ਹਣ ਦੀ ਵਿਵਸਥਾ ਹੈ। ਦਿਹਾਤੀ ਦੀ ਗੱਲ ਕਰੀਏ ਤਾਂ ਸ਼ਾਹਕੋਟ ਗਰੁੱਪ 'ਚ 64, ਜਦੋਂ ਕਿ ਆਦਮਪੁਰ ਤੇ ਭੋਗਪੁਰ ਗਰੁੱਪ 'ਚ 57-57 ਠੇਕੇ ਆਉਂਦੇ ਹਨ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News