ਫਿਰ ਤੋਂ ਸ਼ੁਰੂ ਹੋਈ ਬਾਰਿਸ਼ ਨੇ ਕਿਸਾਨਾਂ ਨੂੰ ਫਿਕਰਾਂ ''ਚ ਪਾਇਆ

09/30/2019 12:37:56 PM

ਕਾਠਗੜ੍ਹ (ਰਾਜੇਸ਼)— ਅਗਸਤ ਮਹੀਨੇ ਪਏ ਭਾਰੀ ਮੀਂਹ ਨਾਲ ਹੋਏ ਨੁਕਸਾਨ ਤੋਂ ਅਜੇ ਕਿਸਾਨ ਅਤੇ ਆਮ ਲੋਕ ਉੱਪਰ ਉੱਠੇ ਵੀ ਨਹੀਂ ਸਨ ਕਿ ਹੁਣ ਫਿਰ ਤੋਂ ਸ਼ੁਰੂ ਹੋਈ ਬਾਰਸ਼ ਨੇ ਕਿਸਾਨਾਂ ਨੂੰ ਫਿਕਰਾਂ ਵਿਚ ਪਾ ਦਿੱਤਾ ਹੈ। ਉਂਝ ਤਾਂ ਬੀਤੇ ਸਮੇਂ ਦੌਰਾਨ ਹੋਈ ਬਾਰਸ਼ ਨੇ ਝੋਨੇ ਦੀ ਫਸਲ ਨੂੰ ਕਾਫੀ ਨੁਕਸਾਨ ਪਹੁੰਚਾਇਆ ਸੀ ਅਤੇ ਅਜੇ ਤੱਕ ਵੀ ਖੇਤਾਂ 'ਚ ਖੜ੍ਹਾ ਪਾਣੀ ਨਹੀਂ ਸੱਕਿਆ। ਜਿਹੜੀ ਫਸਲ ਦਾ ਬਚਾਅ ਹੋ ਗਿਆ ਸੀ, ਉਹ ਹੁਣ ਪੂਰੀ ਤਰ੍ਹਾਂ ਪੱਕ ਕੇ ਤਿਆਰ ਖੜ੍ਹੀ ਹੈ ਜਦਕਿ ਇੱਕਾ-ਦੁੱਕਾ ਕਿਸਾਨਾਂ ਨੇ ਕੰਬਾਈਨਾਂ ਆਦਿ ਨਾਲ ਕਟਾਈ ਸ਼ੁਰੂ ਵੀ ਕਰਵਾ ਦਿੱਤੀ ਹੈ ਪਰ ਫਿਰ ਤੋਂ ਬਾਰਸ਼ ਸ਼ੁਰੂ ਹੋਣ ਨਾਲ ਝੋਨੇ ਦੀ ਕਟਾਈ 'ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਇਸੇ ਤਰ੍ਹਾਂ ਮੱਕੀ ਦੀ ਫਸਲ ਨੂੰ ਵੀ ਨੁਕਸਾਨ ਹੋਣ ਦਾ ਡਰ ਹੈ।

ਬਾਰਸ਼ ਕਾਰਨ ਆਮ ਲੋਕਾਂ ਦੇ ਕੰਮ-ਧੰਦੇ ਵੀ ਪ੍ਰਭਾਵਿਤ ਹੋ ਰਹੇ ਹਨ ਕਿਉਂਕਿ ਤਿਉਹਾਰਾਂ ਦੇ ਸੀਜ਼ਨ ਵਿਚ ਹਰੇਕ ਦੀਆਂ ਨਜ਼ਰਾਂ ਪੈਸਾ ਕਮਾਉਣ 'ਤੇ ਲੱਗੀਆਂ ਹੋਈਆਂ ਹਨ। ਇਸ ਤੋਂ ਇਲਾਵਾ ਮੀਂਹ ਕਰ ਕੇ ਸੜਕਾਂ ਅਤੇ ਗਲੀਆਂ ਵਿਚ ਮੁੜ ਤੋਂ ਪਾਣੀ ਜਮ੍ਹਾ ਹੋਣਾ ਸ਼ੁਰੂ ਹੋ ਗਿਆ, ਜਿਸ ਨਾਲ ਲੋਕਾਂ ਨੂੰ ਆਉਣ-ਜਾਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਹਰਾਂ ਮੁਤਾਬਕ ਜੇਕਰ ਮੀਂਹ ਕੁਝ ਘੰਟੇ ਲਗਾਤਾਰ ਜਾਰੀ ਰਿਹਾ ਤਾਂ ਝੋਨੇ ਦੀ ਫਸਲ ਨੂੰ ਨੁਕਸਾਨ ਹੋ ਸਕਦਾ ਹੈ ਅਤੇ ਖੇਤਾਂ ਵਿਚ ਪਾਣੀ ਖੜ੍ਹਨ ਨਾਲ ਕਟਾਈ ਲੇਟ ਹੋ ਸਕਦੀ ਹੈ।

ਮੌਸਮ ਹੋਇਆ ਠੰਡਾ, ਪੱਖੇ ਬੰਦ
ਦੂਜੇ ਪਾਸੇ ਜਿਥੇ ਭਾਦੋਂ ਮਹੀਨੇ ਲਗਾਤਾਰ ਪਈ ਹੁੰਮਸ ਭਰੀ ਗਰਮੀ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ ਅਤੇ ਇਸ ਹੁੰਮਸ ਵਾਲੀ ਗਰਮੀ ਕਰਕੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਵੀ ਲੋਕਾਂ ਨੂੰ ਸਾਹਮਣਾ ਕਰਨਾ ਪਿਆ, ਉਥੇ ਬੀਤੇ ਦਿਨੀਂ ਵੱਖ-ਵੱਖ ਥਾਵਾਂ 'ਤੇ ਪਏ ਮੀਂਹ ਨੇ ਮੌਸਮ ਵਿਚ ਕਾਫੀ ਤਬਦੀਲੀ ਲਿਆਂਦੀ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਪਰ ਬੀਤੇ ਦਿਨ ਸ਼ੁਰੂ ਹੋਈ ਬਾਰਸ਼ ਨੇ ਤਾਂ ਮੌਸਮ ਨੂੰ ਬਿਲਕੁਲ ਨਵੰਬਰ ਵਰਗਾ ਬਣਾ ਦਿੱਤਾ ਅਤੇ ਲੋਕਾਂ ਨੇ ਪੱਖੇ ਤੱਕ ਵੀ ਬੰਦ ਕਰ ਦਿੱਤੇ।


shivani attri

Content Editor

Related News