ਰਾਹੁਲ ਦਾ ਗਰੀਬਾਂ ਲਈ ਘੱਟੋ-ਘੱਟ ਆਮਦਨ ਦਾ ਵਾਅਦਾ ਵਿਆਪਕ ਅਸਰ ਦਿਖਾਏਗਾ : ਕੈਪ. ਅਮਰਿੰਦਰ ਸਿੰਘ
Tuesday, Mar 26, 2019 - 03:44 AM (IST)
ਜਲੰਧਰ, (ਧਵਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਅੱਜ ਦੇਸ਼ ਦੇ ਬੇਹੱਦ ਗਰੀਬ ਪਰਿਵਾਰਾਂ ਲਈ 72000 ਰੁਪਏ ਸਾਲਾਨਾ ਦੀ ਘੱਟੋ-ਘੱਟ ਆਮਦਨ ਦੇ ਐਲਾਨ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਸ ਦਾ ਵਿਆਪਕ ਅਸਰ ਲੋਕ ਸਭਾ ਚੋਣਾਂ ਵਿਚ ਦੇਖਣ ਨੂੰ ਮਿਲੇਗਾ। ਉਨ੍ਹਾਂ ਇਕ ਬਿਆਨ ਵਿਚ ਕਿਹਾ ਕਿ ਭਾਜਪਾ ਦੀ ਨਕਾਰਾਤਮਕ ਅਤੇ ਵੰਡ ਪਾਉਣ ਦੀ ਖੇਡ ਯੋਜਨਾ ਹੁਣ ਤਹਿਸ-ਨਹਿਸ ਹੋ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਅਸਲ ਵਿਚ ਦੇਸ਼ ਦੇ ਬੇਹੱਦ ਗਰੀਬ ਪਰਿਵਾਰਾਂ ਵਿਚ ਜਿਊਣ ਦੀ ਇੱਛਾ ਸ਼ਕਤੀ ਪੈਦਾ ਕੀਤੀ ਹੈ ਜਦੋਂਕਿ ਨਰਿੰਦਰ ਮੋਦੀ ਦੀ ਸਰਕਾਰ ਤਾਂ ਗਰੀਬਾਂ ਵਿਚ ਕੁਝ ਵੀ ਲਾਭ ਦੇਣ ਵਿਚ ਸਫਲ ਨਹੀਂ ਹੋਈ। ਉਲਟਾ ਮੋਦੀ ਸਰਕਾਰ ਵਲੋਂ ਦੇਸ਼ ਵਿਚ ਲਾਗੂ ਜੀ. ਐੱਸ. ਟੀ. ਅਤੇ ਨੋਟਬੰਦੀ ਕਾਰਨ ਗਰੀਬਾਂ ਦੀਆਂ ਨੌਕਰੀਆਂ ਹੀ ਚਲੀਆਂ ਗਈਆਂ ਸਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਯੋਜਨਾ ਦੇ ਤਹਿਤ ਰਾਹੁਲ ਗਾਂਧੀ ਨੇ ਐਲਾਨ ਕੀਤਾ ਹੈ ਕਿ ਜੋ ਵੀ ਪਰਿਵਾਰ ਹਰ ਮਹੀਨੇ 12000 ਤੋਂ ਘੱਟ ਕਮਾਉਂਦਾ ਹੋਵੇਗਾ, ਨੂੰ ਹਰ ਮਹੀਨੇ ਸਰਕਾਰ 6000 ਰੁਪਏ ਹੋਰ ਦੇਵੇਗੀ। ਇਸ ਨਾਲ ਲਗਭਗ 50 ਫੀਸਦੀ ਪਰਿਵਾਰਾਂ ਨੂੰ ਲਾਭ ਮਿਲੇਗਾ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਸਿਰਫ ਨਾਂਹਪੱਖੀ ਚੋਣ ਪ੍ਰਚਾਰ ਦੇ ਸਹਾਰੇ ਚੱਲ ਰਹੀ ਹੈ। ਉਸ ਕੋਲ ਦੇਸ਼ ਲਈ ਕੋਈ ਏਜੰਡਾ ਨਹੀਂ ਹੈ। ਉਸ ਨੂੰ ਗਰੀਬਾਂ ਦੀਆਂ ਸਮੱਸਿਆਵਾਂ ਦਾ ਅਹਿਸਾਸ ਤਕ ਨਹੀਂ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਤਾਂ ਸਿਰਫ ਮਕਬੂਜ਼ਾ ਕਸ਼ਮੀਰ ਵਿਚ ਕੀਤੇ ਗਏ ਹਵਾਈ ਹਮਲੇ ਦੇ ਸਹਾਰੇ ਹੀ ਚੋਣ ਲੜ ਰਹੀ ਹੈ ਜਦੋਂਕਿ ਚੋਣ ਕਮਿਸ਼ਨ ਨੇ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ ਦੇਸ਼ ਦੀ ਸੁਰੱਖਿਆ ਨਾਲ ਜੁੜੇ ਮਾਮਲਿਆਂ ’ਤੇ ਚੋਣਾਂ ਵਿਚ ਚਰਚਾ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਜੇਕਰ ਭਾਰਤੀ ਹਵਾਈ ਫੌਜ ਨੇ ਮਕਬੂਜ਼ਾ ਕਸ਼ਮੀਰ ’ਤੇ ਹਮਲਾ ਕੀਤਾ ਹੈ ਤਾਂ ਇਸ ’ਤੇ ਕਾਂਗਰਸ ਨੂੰ ਕੋਈ ਇਤਰਾਜ਼ ਨਹੀਂ ਹੈ ਕਿਉਂਕਿ ਕਾਂਗਰਸ ਸਰਕਾਰਾਂ ਦੇ ਸਮੇਂ ਵੀ ਅਜਿਹੇ ਹਮਲੇ ਹੁੰਦੇ ਰਹੇ ਹਨ ਪਰ ਕਾਂਗਰਸ ਨੇ ਕਦੇ ਵੀ ਇਨ੍ਹਾਂ ਮੁੱਦਿਆਂ ਦਾ ਸਿਆਸੀਕਰਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਵਿਚ ਦੇਸ਼ ਵਿਚ ਮਹਿੰਗਾਈ ਜਿਸ ਤਰ੍ਹਾਂ ਵਧੀ, ਉਸ ਦੀ ਚਰਚਾ ਤਾਂ ਭਾਜਪਾ ਕਰਨ ਲਈ ਤਿਆਰ ਨਹੀਂ ਹੈ। ਨੌਜਵਾਨਾਂ ਨੂੰ ਹਰ ਸਾਲ 2 ਕਰੋੜ ਨੌਕਰੀਆਂ ਦੇਣ ਵਿਚ ਵੀ ਮੋਦੀ ਸਰਕਾਰ ਅਸਫਲ ਰਹੀ। ਅਜਿਹੇ ਸਵਾਲਾਂ ਤੋਂ ਬਚਣ ਲਈ ਹੀ ਵੱਖ-ਵੱਖ ਮੁੱਦੇ ਭਾਜਪਾ ਉਠਾ ਰਹੀ ਹੈ। ਉਨ੍ਹਾਂ ਕਿਹਾ ਕਿ ਜਨਤਾ ਨਾਲ ਜੁੜੇ ਆਮ ਮੁੱਦਿਆਂ ’ਤੇ ਭਾਜਪਾ ਨੂੰ ਚਰਚਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।