ਪੰਜਾਬੀ ਵਿਰੋਧੀ ਸਿੱਖਿਆ ਸਕੱਤਰ ਪੰਜਾਬ ਨੂੰ ਚੱਲਦਾ ਕਰਨ ਦੀ ਮੁੱਖ ਮੰਤਰੀ ਤੋਂ ਕੀਤੀ ਮੰਗ

06/17/2020 3:52:56 PM

ਗੋਰਾਇਆ (ਮੁਨੀਸ਼ ਬਾਵਾ)— ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਜ਼ਿਲ੍ਹਾ ਜਲੰਧਰ ਇਕਾਈ ਦੇ ਪ੍ਰਧਾਨ ਪੁਸ਼ਪਿੰਦਰ ਕੁਮਾਰ ਵਿਰਦੀ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਮੀਟਿੰਗ ਦੇ ਸ਼ੁਰੂ 'ਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਸਰਕਾਰੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਪ. ਸ. ਸ. ਫ. ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਸਾਥੀ ਸੁਖਵਿੰਦਰ ਸਿੰਘ ਚਾਹਲ ਨੂੰ ਜਾਰੀ ਕੀਤੀ ਬੇਬੁਨਿਆਦ ਅਤੇ ਮਨਘੜੰਤ ਝੂਠੀ ਦੋਸ਼ ਸੂਚੀ ਨੂੰ ਬਿਨਾਂ ਸ਼ਰਤ ਤੁਰੰਤ ਵਾਪਸ ਲਿਆ ਜਾਵੇ ਅਤੇ ਮਾਤਾ ਭਾਸ਼ਾ ਪੰਜਾਬੀ ਵਿਰੋਧੀ ਸਿੱਖਿਆ ਸਕੱਤਰ ਪੰਜਾਬ ਨੂੰ ਸਿੱਖਿਆ ਮਹਿਕਮਾ ਪੰਜਾਬ ਤੋਂ ਤੁਰੰਤ ਚੱਲਦਾ ਕੀਤਾ ਜਾਵੇ। ਇਕ ਹੋਰ ਮਤਾ ਪਾਸ ਕਰਕੇ ਪ. ਸ. ਸ. ਫ. ਵੱਲੋਂ ਸਰਕਾਰੀ ਅਧਿਆਪਕ ਯੂਨੀਅਨ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸਾਥੀ ਸੁਰਿੰਦਰ ਸਿੰਘ ਔਜਲਾ ਨਾਲ਼ ਉਨ੍ਹਾਂ ਦੇ ਮਾਤਾ ਜੀ ਦੀ ਹੋਈ ਅਚਾਨਕ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

ਇਸ ਸਮੇਂ ਮੀਟਿੰਗ ਨੂੰ ਸੰਬੋਧਨ ਕਰਦੇ ਪ. ਸ. ਸ. ਫ.ਦੇ ਸੂਬਾ ਜਨਰਲ ਸਕੱਤਰ ਅਤੇ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈੱਡਰੇਸ਼ਨ ਦੇ ਕੌਮੀ ਕਾਰਜਕਾਰਨੀ ਮੈਂਬਰ ਸਾਥੀ ਤੀਰਥ ਸਿੰਘ ਬਾਸੀ ਨੇ ਕਿਹਾ ਕਿ ਸਿੱਖਿਆ ਸਕੱਤਰ ਪੰਜਾਬ ਨੇ ਅਧਿਆਪਕਾਂ ਦੇ ਚਿਰਾਂ ਤੋਂ ਲਟਕਦੇ ਮਸਲਿਆਂ ਨੂੰ ਹਲ ਕਰਨ ਦੀ ਬਜਾਏ ਗੁੱਝੀ ਚੁੱਪ ਧਾਰੀ ਹੋਈ ਹੈ ਅਤੇ ਅਧਿਆਪਕਾਂ ਦੇ ਮਸਲਿਆਂ ਬਾਰੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਵਾਰ-ਵਾਰ ਲਿਖਤੀ ਰੂਪ 'ਚ ਅਤੇ ਈ-ਮੇਲ ਕਰਕੇ ਅਜੰਡੇ ਭੇਜੇ ਗਏ ਹਨ ਪਰ ਇਨ੍ਹਾਂ ਅਜੰਡਿਆਂ 'ਤੇ ਬੈਠ ਕੇ ਗੱਲਬਾਤ ਕਰਨ ਦੀ ਬਜਾਏ ਆਪਣੇ ਜਿੱਦੀ ਅਤੇ ਅੜੀਅਲ ਸੁਭਾਅ ਕਾਰਨ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਨਾਲ ਟਕਰਾ ਦੀ ਨੀਤੀ 'ਤੇ ਚੱਲ ਰਿਹਾ ਹੈ। ਇਸੇ ਕਾਰਨ ਹੀ ਜੀ. ਟੀ. ਯੂ.ਪੰਜਾਬ ਦੇ ਸੂਬਾ ਪ੍ਰਧਾਨ ਅਤੇ ਪ. ਸ. ਸ. ਫ.ਦੇ ਸੀਨੀਅਰ ਮੀਤ ਪ੍ਰਧਾਨ ਸੂਬਾ ਸਾਥੀ ਸੁਖਵਿੰਦਰ ਸਿੰਘ ਚਾਹਲ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕਰਨ ਅਤੇ ਬਦਨਾਮ ਕਰਨ ਲਈ ਬੇਬੁਨਿਆਦ ਅਤੇ ਮਨਘੜੰਤ ਝੂਠੀ ਦੋਸ਼ ਜਾਰੀ ਕੀਤੀ ਗਈ ਹੈ, ਜਿਸ ਨੂੰ ਰੱਦ ਕਰਵਾਉਣ ਲਈ ਪ. ਸ. ਸ. ਫ.ਵੱਲੋਂ ਵੀ ਹਰ ਪੱਧਰ 'ਤੇ ਹੋਣ ਵਾਲੇ ਸੰਘਰਸ਼ਾਂ 'ਚ ਵੱਧ ਚੜ੍ਹ ਕੇ ਹਿੱਸਾ ਪਾਇਆ ਜਾਵੇਗਾ।

ਇਸ ਦੇ ਨਾਲ਼ ਹੀ ਸਾਥੀ ਬਾਸੀ ਨੇ ਕਿਹਾ ਕਿ ਮਿਤੀ 3 ਜੁਲਾਈ ਨੂੰ ਦਸ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਮੁਲਾਜ਼ਮਾਂ ਅਤੇ ਮਜ਼ਦੂਰਾਂ ਦੀਆਂ ਸਾਂਝੀਆਂ ਮੰਗਾਂ ਸਬੰਧੀ ਦੇਸ਼ ਭਰ 'ਚ 'ਵਿਰੋਧ ਦਿਵਸ' ਮਨਾਇਆ ਜਾ ਰਿਹਾ ਹੈ ਅਤੇ ਸਮੂਹ ਮੁਲਾਜ਼ਮਾਂ ਨੂੰ 3 ਜੁਲਾਈ ਦੇ ਵਿਰੋਧ 'ਚ ਵੱਧ ਤੋਂ ਵੱਧ ਗਿਣਤੀ 'ਚ ਸ਼ਾਮਲ ਹੋਣ ਲਈ ਅਪੀਲ ਕੀਤੀ ਤਾਂ ਜੋ ਮੁਲਾਜ਼ਮਾਂ ਅਤੇ ਮਜ਼ਦੂਰਾਂ ਦੀਆਂ ਸਾਂਝੀਆਂ ਮੰਗਾਂ ਨੂੰ ਮਨਵਾਉਣ ਲਈ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ 'ਤੇ ਦਬਾਅ ਬਣਾਇਆ ਜਾ ਸਕੇ।ਸਾਥੀ ਬਾਸੀ ਨੇ ਇਹ ਵੀ ਅਪੀਲ ਕੀਤੀ ਕਿ ਅਧਿਆਪਕਾਂ ਦੀਆਂ ਸਾਂਝੀਆਂ ਸਮੱਸਿਆਵਾਂ ਹੱਲ ਲਈ ਅਤੇ ਸੂਬਾ ਪ੍ਰਧਾਨ ਸਾਥੀ ਸੁਖਵਿੰਦਰ ਸਿੰਘ ਚਾਹਲ ਦੀ ਬੇਬੁਨਿਆਦ ਅਤੇ ਮਨਘੜਤ ਝੂਠੀ ਦੋਸ਼ ਸੂਚੀ ਨੂੰ ਰੱਦ ਕਰਵਾਉਣ ਲਈ 22 ਜੂਨ ਤੋਂ 26 ਜੂਨ ਤੱਕ ਵਿਧਾਇਕਾਂ ਅਤੇ ਮੰਤਰੀਆਂ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਜੋ ਰੋਸ ਪੱਤਰ ਭੇਜੇ ਜਾ ਰਹੇ ਹਨ। ਉਸ ਸਮੇਂ ਵੀ ਪ. ਸ. ਸ. ਫ.ਦੇ ਜੁਝਾਰੂ ਸਾਥੀ ਵੱਧ ਤੋਂ ਵੱਧ ਗਿਣਤੀ 'ਚ ਰੋਸ ਪੱਤਰ ਦੇਣ ਸਮੇਂ ਸ਼ਾਮਲ ਹੋਣ।

ਮਿੱਡ ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਪ. ਸ. ਸ. ਫ. ਦੇ ਸਾਥੀਆਂ  ਦੇ ਸਹਿਯੋਗ ਨਾਲ ਮਿੱਡ ਡੇ-ਮੀਲ ਵਰਕਰਾਂ ਵੱਲੋਂ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਭੇਜੇ ਗਏ ਯਾਦ ਪੱਤਰਾਂ ਦੇ ਐਕਸ਼ਨ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਤੀਰਥ ਸਿੰਘ ਬਾਸੀ, ਪੁਸ਼ਪਿੰਦਰ ਕੁਮਾਰ ਵਿਰਦੀ, ਕੁਲਦੀਪ ਸਿੰਘ ਕੌੜਾ, ਤਰਸੇਮ ਮਾਧੋਪੁਰੀ,ਗਣੇਸ਼ ਭਗਤ ਆਦਿ ਜੁਝਾਰੂ ਸਾਥੀ ਹਾਜ਼ਰ ਹੋਏ ।


shivani attri

Content Editor

Related News