ਛੁੱਟੀ ਵਾਲੇ ਦਿਨ ਨਿਗਮ ਨੂੰ 1.25 ਕਰੋੜ ਰੁਪਏ ਪ੍ਰਾਪਰਟੀ ਟੈਕਸ ਆਇਆ
Sunday, Sep 29, 2019 - 12:35 PM (IST)

ਜਲੰਧਰ (ਖੁਰਾਣਾ)— ਪੰਜਾਬ ਸਰਕਾਰ ਚਾਲੂ ਸਾਲ ਦਾ ਪ੍ਰਾਪਰਟੀ ਟੈਕਸ 30 ਸਤੰਬਰ ਤੱਕ ਜਮ੍ਹਾ ਕਰਵਾਉਣ ਵਾਲਿਆਂ ਨੂੰ 10 ਫੀਸਦੀ ਰਿਬੇਟ ਦਿੰਦੀ ਹੈ, ਜਿਸ ਨੂੰ ਲੈਣ ਲਈ ਜ਼ਿਆਦਾਤਰ ਕਮਰਸ਼ੀਅਲ ਅਤੇ ਉਦਯੋਗਿਕ ਅਦਾਰੇ ਆਪਣਾ ਪ੍ਰਾਪਰਟੀ ਟੈਕਸ ਸਤੰਬਰ ਮਹੀਨੇ 'ਚ ਹੀ ਜਮ੍ਹਾ ਕਰਵਾ ਦਿੰਦੇ ਹਨ। ਟੈਕਸ ਦੀ ਆਮਦ ਨੂੰ ਦੇਖਦਿਆਂ ਨਿਗਮ ਨੇ ਵੀ ਛੁੱਟੀਆਂ ਵਾਲੇ ਦਿਨ ਆਪਣੇ ਕੁਲੈਕਸ਼ਨ ਸੈਂਟਰ ਖੁੱਲ੍ਹੇ ਰੱਖੇ ਤੇ ਅੱਜ ਸ਼ਨੀਵਾਰ ਨੂੰ ਨਿਗਮ ਨੂੰ ਪ੍ਰਾਪਰਟੀ ਟੈਕਸ ਦੇ ਤੌਰ 'ਤੇ ਕਰੀਬ 1.25 ਕਰੋੜ ਰੁਪਏ ਆਏ। ਸ਼ਾਖਾ ਦੇ ਸੁਪਰਿੰਟੈਂਡੈਂਟ ਮਹੀਨ ਸਰੀਨ ਅਤੇ ਰਾਜੀਵ ਰਿਸ਼ੀ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਪ੍ਰਾਪਰਟੀ ਟੈਕਸ ਕੁਲੈਕਸ਼ਨ ਸੈਂਟਰ ਜੋ ਸਾਰੇ ਜ਼ੋਨ ਦਫਤਰਾਂ ਤੇ ਨਿਗਮ ਬਿਲਡਿੰਗ ਵਿਚ ਸਥਿਤ ਹਨ, ਐਤਵਾਰ ਨੂੰ ਵੀ ਖੁੱਲ੍ਹੇ ਰਹਿਣਗੇ।
ਸੈਣੀ ਕਾਲੋਨੀ 'ਚ ਲੱਗਾ ਪ੍ਰਾਪਰਟੀ ਟੈਕਸ ਕੈਂਪ
ਉਦਯੋਗ ਵਰਗ ਦੀ ਨੁਮਾਇੰਦਾ ਸੰਸਥਾ ਜੁਆਇੰਟ ਐਕਸ਼ਨ ਕਮੇਟੀ ਦਾ ਆਯੋਜਨ ਸੈਣੀ ਕਾਲੋਨੀ ਸਥਿਤ ਬਹਿਲ ਪਾਲੀਮਰਸ ਦੇ ਕੰਪਲੈਕਸ 'ਚ ਕੀਤਾ ਗਿਆ, ਜਿਸ ਵਿਚ ਨਿਗਮ ਤੋਂ ਬਾਲਕ੍ਰਿਸ਼ਨ, ਸਚਿਨ ਆਦਿ ਨੇ 150 ਰਿਟਰਨਾਂ ਸਵੀਕਾਰ ਕਰਕੇ 5 ਲੱਖ ਰੁਪਏ ਟੈਕਸ ਵਸੂਲਿਆ, ਜਿਸ ਦੌਰਾਨ ਵਪਾਰੀ ਆਗੂ ਗੁਰਸ਼ਰਨ ਸਿੰਘ, ਰਾਕੇਸ਼ ਬਹਿਲ ਅਤੇ ਹੋਰ ਵੀ ਮੌਜੂਦ ਸਨ।