ਬਾਰਿਸ਼ ਬਣੀ ਆਫ਼ਤ: 4500 ਤੋਂ ਵੱਧ ਸ਼ਿਕਾਇਤਾਂ, 6-7 ਘੰਟੇ ਗੁੱਲ ਰਹੀ ਬਿਜਲੀ ਖ਼ਪਤਕਾਰਾਂ ਲਈ ਬਣੀ ਮੁਸੀਬਤ

Wednesday, Jun 22, 2022 - 01:10 PM (IST)

ਬਾਰਿਸ਼ ਬਣੀ ਆਫ਼ਤ: 4500 ਤੋਂ ਵੱਧ ਸ਼ਿਕਾਇਤਾਂ, 6-7 ਘੰਟੇ ਗੁੱਲ ਰਹੀ ਬਿਜਲੀ ਖ਼ਪਤਕਾਰਾਂ ਲਈ ਬਣੀ ਮੁਸੀਬਤ

ਜਲੰਧਰ (ਪੁਨੀਤ)– ਤਾਪਮਾਨ ਵਿਚ ਗਿਰਾਵਟ ਕਰ ਕੇ ਬਿਜਲੀ ਦੀ ਮੰਗ ਵਿਚ ਭਾਰੀ ਕਟੌਤੀ ਹੋਣ ਨਾਲ ਪਾਵਰਕਾਮ ਨੂੰ ਭਾਵੇਂ ਰਾਹਤ ਮਿਲੀ ਹੈ ਪਰ ਬਾਰਿਸ਼ ਕਾਰਨ ਪੈਣ ਵਾਲੇ ਫਾਲਟ ਖਪਤਕਾਰਾਂ ਅਤੇ ਵਿਭਾਗ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਹੇ ਹਨ। ਸ਼ਿਕਾਇਤਾਂ ਨੂੰ ਨਿਪਟਾਉਣ ਨੂੰ ਲੈ ਕੇ ਮਹਿਕਮੇ ਦੇ ਕਰਮਚਾਰੀ ਗੰਭੀਰ ਨਜ਼ਰ ਨਹੀਂ ਆ ਰਹੇ, ਜਿਸ ਕਾਰਨ ਅਜੇ ਵੀ 2000 ਦੇ ਲਗਭਗ ਘਰਾਂ ਵਿਚ ਅਸਥਾਈ ਜੁਗਾੜ ਨਾਲ ਬਿਜਲੀ ਸਪਲਾਈ ਚਲਾਈ ਜਾ ਰਹੀ ਹੈ। ਬੀਤੀ ਰਾਤ 3 ਵਜੇ ਦੇ ਲਗਭਗ ਸ਼ੁਰੂ ਹੋਈ ਬਾਰਿਸ਼ ਕਾਰਨ ਕਈ ਫੀਡਰਾਂ ਦੀ ਸਪਲਾਈ ਪ੍ਰਭਾਵਿਤ ਹੋਈ, ਜਿਸ ਵਿਚ ਮੁੱਖ ਰੂਪ ਵਿਚ 11 ਕੇ. ਵੀ. ਕਪੂਰਥਲਾ ਰੋਡ, ਸਤਲੁਜ, ਗੜ੍ਹਾ, ਗੱਦੋਵਾਲੀ ਆਦਿ ਫੀਡਰਾਂ ਦੀ ਸਪਲਾਈ ਸਖ਼ਤ ਮੁਸ਼ੱਕਤ ਤੋਂ ਬਾਅਦ ਚਾਲੂ ਕੀਤੀ ਗਈ। ਬਾਰਿਸ਼ ਕਾਰਨ ਫਾਲਟ ਪੈਣ ’ਤੇ ਨਾਰਥ ਜ਼ੋਨ ਅਧੀਨ ਡਵੀਜ਼ਨ ਵਿਚ 4500 ਤੋਂ ਵੱਧ ਫਾਲਟ ਦੀਆਂ ਸ਼ਿਕਾਇਤਾਂ ਸੁਣਨ ਨੂੰ ਮਿਲੀਆਂ, ਜਿਸ ਨਾਲ ਵੱਖ-ਵੱਖ ਇਲਾਕਿਆਂ ਵਿਚ 6-7 ਘੰਟਿਆਂ ਤੱਕ ਬਿਜਲੀ ਗੁੱਲ ਰਹਿਣਾ ਖ਼ਪਤਕਾਰਾਂ ਲਈ ਮੁਸੀਬਤ ਬਣਿਆ।

ਕਈ ਖ਼ਪਤਕਾਰਾਂ ਨੇ ਦੱਸਿਆ ਕਿ ਰਾਤ ਨੂੰ ਫਾਲਟ ਕਾਰਨ ਬੰਦ ਹੋਈ ਸਪਲਾਈ ਸਵੇਰੇ 10 ਵਜੇ ਤੋਂ ਬਾਅਦ ਚਾਲੂ ਹੋਣ ਨਾਲ ਉਨ੍ਹਾਂ ਨੂੰ ਪਾਣੀ ਨੂੰ ਲੈ ਕੇ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਵੇਖਣ ਵਿਚ ਆ ਰਿਹਾ ਹੈ ਕਿ 15 ਜੂਨ ਨੂੰ ਆਈ ਬਾਰਿਸ਼ ਕਾਰਨ ਜਿਹੜੇ ਇਲਾਕਿਆਂ ਵਿਚ ਫਾਲਟ ਪੈਣ ਨਾਲ ਸਪਲਾਈ ਪ੍ਰਭਾਵਿਤ ਹੋਈ ਸੀ, ਉਨ੍ਹਾਂ ਵਿਚੋਂ ਕਈ ਇਲਾਕਿਆਂ ਵਿਚ ਦੋਬਾਰਾ ਫਾਲਟ ਪੈ ਗਏ। ਮੌਸਮ ਮਹਿਕਮੇ ਅਨੁਸਾਰ ਆਉਣ ਵਾਲੇ 1-2 ਦਿਨ ਬਾਰਿਸ਼ ਪੈਣ ਦੀ ਸੰਭਾਵਨਾ ਹੈ, ਜਿਸ ਨੂੰ ਲੈ ਕੇ ਵਿਭਾਗੀ ਅਧਿਕਾਰੀ ਹੁਣ ਤੋਂ ਹੀ ਫਿਕਰਮੰਦ ਨਜ਼ਰ ਆ ਰਹੇ ਹਨ ਕਿਉਂਕਿ ਪੁਰਾਣੀਆਂ ਸ਼ਿਕਾਇਤਾਂ ਨੂੰ ਨਿਪਟਾਉਣ ਦਾ ਕੰਮ ਅਜੇ ਤੱਕ ਪੂਰਾ ਨਹੀਂ ਹੋ ਸਕਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਟਾਫ਼ ਦੀ ਸ਼ਾਰਟੇਜ ਕਾਰਨ ਉਨ੍ਹਾਂ ਦੀ ਪਹਿਲੀ ਪਹਿਲ ਸਪਲਾਈ ਚਾਲੂ ਕਰਵਾਉਣਾ ਹੁੰਦੀ ਹੈ।

ਇਹ ਵੀ ਪੜ੍ਹੋ: ਅਹਿਮ ਖ਼ਬਰ: ਭਲਕੇ 12 ਵਜੇ ਤੋਂ ਅਣਮਿੱਥੇ ਸਮੇਂ ਤੱਕ ਬੱਸਾਂ ਦਾ ਰਹੇਗਾ ਚੱਕਾ ਜਾਮ, ਜਾਣੋ ਵਜ੍ਹਾ

PunjabKesari

ਦਿਹਾਤੀ ਇਲਾਕਿਆਂ ’ਚ ਮਹਿਕਮੇ ਵੱਲੋਂ ਭਾਵੇਂ ਪਾਵਰਕੱਟ ਨਹੀਂ ਲਾਏ ਜਾ ਰਹੇ ਪਰ ਫਾਲਟ ਪੈਣ ਕਾਰਨ ਕਈ ਇਲਾਕਿਆਂ ਵਿਚ 8 ਤੋਂ 10 ਘੰਟੇ ਬਿਜਲੀ ਗੁੱਲ ਰਹਿਣ ਦੀਆਂ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ। ਈਸਟ ਡਵੀਜ਼ਨ ਵਿਚ ਪੈਂਦੇ ਗੱਦੋਵਾਲੀ ਫੀਡਰ ਦੇ ਖ਼ਪਤਕਾਰਾਂ ਦਾ ਕਹਿਣਾ ਹੈ ਕਿ ਫੀਲਡ ਸਟਾਫ਼ ਦਿਹਾਤੀ ਇਲਾਕਿਆਂ ਵਿਚ ਫਾਲਟ ਨੂੰ ਲੈ ਕੇ ਗੰਭੀਰਤਾ ਨਹੀਂ ਦਿਖਾਉਂਦਾ। ਉਥੇ ਹੀ, ਨਗਰ ਨਿਗਮ ਦੀ ਹੱਦ ਤੋਂ ਬਾਹਰ ਪੈਂਦੇ ਛੋਟੇ ਸ਼ਹਿਰਾਂ ਵਿਚ ਬਿਜਲੀ ਦੇ ਫਾਲਟ ਨੂੰ ਲੈ ਕੇ ਲੋਕਾਂ ਵਿਚ ਰੋਸ ਵੇਖਣ ਨੂੰ ਮਿਲ ਰਿਹਾ ਹੈ। ਕਈ ਇਲਾਕਿਆਂ ਦੇ ਲੋਕਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਪਾਵਰਕਾਮ ਜੇਕਰ ਫਾਲਟ ਠੀਕ ਕਰਨ ਪ੍ਰਤੀ ਗੰਭੀਰਤਾ ਨਹੀਂ ਦਿਖਾਵੇਗਾ ਤਾਂ ਮਜਬੂਰਨ ਉਨ੍ਹਾਂ ਨੂੰ ਰੋਸ ਪ੍ਰਦਰਸ਼ਨ ਕਰਨੇ ਪੈਣਗੇ।

ਤਾਰਾਂ ਬਦਲਣ ਵਿਚ ਦੇਰੀ ਕਰਨ ਵਾਲੇ ਕਰਮਚਾਰੀਆਂ ’ਤੇ ਹੋਵੇਗੀ ਕਾਰਵਾਈ : ਸਰਕਲ ਹੈੱਡ
ਉਥੇ ਹੀ, ਇਸ ਸਬੰਧ ਵਿਚ ਸਰਕਲ ਹੈੱਡ ਡਿਪਟੀ ਚੀ ਫ ਇੰਜੀ. ਇੰਦਰਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਿਭਾਗ ਕੋਲ ਤਾਰਾਂ ਸਮੇਤ ਹਰ ਤਰ੍ਹਾਂ ਦਾ ਸਾਮਾਨ ਉਪਲੱਬਧ ਹੈ। ਜੇਕਰ ਕਿਸੇ ਇਲਾਕੇ ਦੇ ਖਪਤਕਾਰਾਂ ਦੇ ਫਾਲਟ ਨਿਪਟਾਉਣ ਵਿਚ ਦੇਰੀ ਹੋਈ ਹੈ ਤਾਂ ਉਹ ਇਸ ਬਾਰੇ ਪਤਾ ਲਗਵਾਉਣਗੇ। ਉਨ੍ਹਾਂ ਕਿਹਾ ਕਿ ਫਾਲਟ ਠੀਕ ਕਰਨ ਅਤੇ ਤਾਰਾਂ ਬਦਲਣ ਦੇ ਕੰਮ ਵਿਚ ਬਿਨਾਂ ਵਜ੍ਹਾ ਦੇਰੀ ਕਰਨ ਵਾਲੇ ਸਬੰਧਤ ਕਰਮਚਾਰੀਆਂ ’ਤੇ ਕਾਰਵਾਈ ਕੀਤੀ ਜਾਵੇਗੀ।

PunjabKesari

ਪਾਸ਼ ਇਲਾਕਿਆਂ ਦੇ ਲੋਕਾਂ ’ਚ ਵਧ ਰਿਹੈ ਗੁੱਸਾ
ਮਾਡਲ ਟਾਊਨ ਸਮੇਤ ਕਈ ਪਾਸ਼ ਇਲਾਕਿਆਂ ਦੇ ਲੋਕਾਂ ਦਾ ਕਹਿਣਾ ਹੈ ਕਿ ਬੀਤੇ ਦਿਨੀਂ ਆਈ ਹਨੇਰੀ ਤੇ ਬਾਰਿਸ਼ ਕਾਰਨ ਉਨ੍ਹਾਂ ਦੇ ਘਰਾਂ ਦੀ ਬਿਜਲੀ ਦੀਆਂ ਤਾਰਾਂ ਖਰਾਬ ਹੋਈਆਂ ਸਨ, ਜਿਸ ਨੂੰ ਲੈ ਕੇ 1912 ਤੇ ਨੋਡਲ ਕੰਪਲੇਂਟ ਸੈਂਟਰ ’ਤੇ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਪਰ 4-5 ਦਿਨ ਬੀਤਣ ਦੇ ਬਾਵਜੂਦ ਤਾਰਾਂ ਬਦਲਣ ਦਾ ਕੰਮ ਅਜੇ ਤੱਕ ਨਹੀਂ ਹੋ ਸਕਿਆ। ਬਸਤੀਆਂ ਤੇ ਕਪੂਰਥਲਾ ਰੋਡ ਫੀਡਰ ਅਧੀਨ ਪੈਂਦੇ ਇਲਾਕੇ ਦੇ ਖ਼ਪਤਕਾਰਾਂ ਨੇ ਕਿਹਾ ਕਿ ਵਾਰ-ਵਾਰ ਸ਼ਿਕਾਇਤਾਂ ਲਿਖਾਉਣ ਦੇ ਬਾਵਜੂਦ ਸਮੱਸਿਆ ਦਾ ਸਥਾਈ ਹੱਲ ਨਹੀਂ ਹੋ ਰਿਹਾ।

ਇਹ ਵੀ ਪੜ੍ਹੋ: ਕੈਬਨਿਟ ਵੱਲੋਂ ਪਾਸ ਪੰਜਾਬ ਲੋਕ ਆਯੁਕਤ ਬਿੱਲ ਦੇ ਇਸ ਵਾਰ ਵੀ ਵਿਧਾਨ ਸਭਾ ’ਚ ਆਉਣ ਦੀ ਸੰਭਾਵਨਾ ਘੱਟ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News