ਪਿੰਡਾਂ ਦੇ ਵਿਕਾਸ ਨਾਲ ਜੁਡ਼ੀ ਐ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ : ਭਾਰਤ ਭੂਸ਼ਣ ਆਸ਼ੂ

01/13/2019 2:25:25 AM

ਹੁਸ਼ਿਆਰਪੁਰ,   (ਘੁੰਮਣ)-   ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਮੰਤਰੀ ਪੰਜਾਬ ਸ਼੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਕਹਿੰਦੇ ਸਨ ਕਿ ਹਿੰਦੋਸਤਾਨ ਪਿੰਡਾਂ ਵਿਚ ਵਸਦਾ ਹੈ, ਇਸ ਲਈ ਪਿੰਡਾਂ ਦੇ ਵਿਕਾਸ ਨਾਲ ਹੀ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਜੁਡ਼ੀ ਹੋਈ ਹੈ। ਉਹ ਅੱਜ ਹੁਸ਼ਿਆਰਪੁਰ ਵਿਖੇ ਜ਼ਿਲਾ ਪੱਧਰੀ ਸਹੁੰ-ਚੁੱਕ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ। 
ਸ਼੍ਰੀ ਆਸ਼ੂ ਨੇ ਕਿਹਾ ਕਿ ਪੰਚਾਇਤ ਲੋਕਤੰਤਰ ਦਾ ਮੁੱਢਲਾ ਧੁਰਾ ਹੈ, ਇਸ ਲਈ ਲੋਕਤੰਤਰ ਦੀ ਮਜ਼ਬੂਤੀ ਲਈ ਮਜ਼ਬੂਤ ਪੰਚਾਇਤ ਦੀ ਲੋਡ਼ ਹੈ। ਜ਼ਿਲੇ ਦੀਆਂ 295 ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਹਨ, ਇਸ ਲਈ ਹੁਸ਼ਿਆਰਪੁਰ ਜ਼ਿਲੇ ਦੇ ਲੋਕ  ਵਧਾਈ ਦੇ ਪਾਤਰ ਹਨ। ਸਮਾਗਮ ਦੌਰਾਨ ਸ਼੍ਰੀ ਆਸ਼ੂ ਨੇ 1404 ਸਰਪੰਚਾਂ, 7884 ਪੰਚਾਂ, 25 ਜ਼ਿਲਾ ਪ੍ਰੀਸ਼ਦ ਮੈਂਬਰਾਂ ਅਤੇ 211 ਪੰਚਾਇਤ ਸੰਮਤੀ ਮੈਂਬਰਾਂ ਨੂੰ ਕਾਨੂੰਨ ਵੱਲੋਂ ਸਥਾਪਤ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਠਾ ਰੱਖਣ, ਭਾਰਤ ਦੀ ਪ੍ਰਭੂਤਾ-ਅਖੰਡਤਾ ਨੂੰ ਕਾਇਮ ਰੱਖਣ, ਆਪਣੇ ਫਰਜ਼ਾਂ ਨੂੰ ਈਮਾਨਦਾਰੀ ਨਾਲ ਨਿਭਾਉਣ ਅਤੇ ਲੋਕਾਂ ਨਾਲ ਬਿਨਾਂ ਕਿਸੇ ਡਰ, ਪੱਖਪਾਤ, ਸੰਦੇਹ ਜਾਂ ਮਾਡ਼ੀ ਭਾਵਨਾ ਦੇ, ਭਾਰਤ ਦੇ ਸੰਵਿਧਾਨ ਅਤੇ ਕਾਨੂੰਨ ਮੁਤਾਬਕ ਨਿਆਂ ਕਰਨ ਦੀ ਸਹੁੰ ਚੁਕਾਈ। ਅਹੁਦੇ ਦੀ ਸਹੁੰ ਚੁਕਾਉਣ ਉਪਰੰਤ ਉਨ੍ਹਾਂ ‘ਡੇਪੋ’ ਤਹਿਤ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਬਣਾਉਣ ਲਈ ਪਿੰਡ ਵਾਸੀਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵ ਬਾਰੇ ਜਾਗਰੂਕ ਕਰਨ ਅਤੇ ਨਸ਼ਿਆਂ ਦੇ ਖਾਤਮੇ ਲਈ ਪੰਜਾਬ ਸਰਕਾਰ ਦੀਆਂ ਨੀਤੀਆਂ  ਅਤੇ ਪ੍ਰੋਗਰਾਮਾਂ ਦੀ ਸਫਲਤਾ ਲਈ ਪੂਰਾ ਸਹਿਯੋਗ ਦੇਣ ਦੀ ਸਹੁੰ ਵੀ ਚੁਕਾਈ।
ਉਦਯੋਗ ਤੇ ਵਣਜ ਮੰਤਰੀ ਪੰਜਾਬ ਸ਼੍ਰੀ ਸੁੰਦਰ ਸ਼ਾਮ ਅਰੋਡ਼ਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੇ ਲੋਕਤੰਤਰ ਦੀ ਖੂਬਸੂਰਤੀ ਹੈ ਕਿ ਇਥੇ ਬਿਨਾਂ ਚੋਣ ਲਡ਼ੇ ਸਰਬਸੰਮਤੀ ਨਾਲ ਪੰਚਾਇਤਾਂ ਚੁਣੀਆਂ ਜਾ ਰਹੀਆਂ ਹਨ। ਹੁਸ਼ਿਆਰਪੁਰ ਵਿਚ ਵੱਡੇ ਪੱਧਰ ’ਤੇ ਪੰਚਾਇਤਾਂ ਦੀ ਸਰਬਸੰਮਤੀ ਨਾਲ ਚੋਣ ਹੋਣੀ ਇਸ ਦੀ ਤਾਜ਼ਾ ਮਿਸਾਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਹਰ ਪਿੰਡ ਨੂੰ 550 ਪੌਦੇ ਮੁਫਤ ਮੁਹੱਈਆ ਕਰਵਾਏ ਜਾ ਰਹੇ ਹਨ।     
ਇਸ ਮੌਕੇ  ਵਿਧਾਇਕ ਟਾਂਡਾ ਸੰਗਤ ਸਿੰਘ ਗਿਲਜੀਆਂ,  ਵਿਧਾਇਕ ਸ਼ਾਮਚੁਰਾਸੀ ਪਵਨ ਕੁਮਾਰ ਆਦੀਆ,  ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ, ਜ਼ਿਲਾ ਪ੍ਰਧਾਨ ਕਾਂਗਰਸ ਡਾ. ਕੁਲਦੀਪ ਨੰਦਾ,  ਵਿਧਾਇਕ ਦਸੂਹਾ ਅਰੁਣ ਡੋਗਰਾ, ਸਾਬਕਾ ਕੇਂਦਰੀ ਰਾਜ  ਮੰਤਰੀ ਸ਼੍ਰੀਮਤੀ ਸੰਤੋਸ਼ ਚੌਧਰੀ, ਆਈ. ਜੀ. ਨੌਨਿਹਾਲ ਸਿੰਘ, ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ, ਰਜਨੀਸ਼ ਟੰਡਨ, ਮਨਮੋਹਨ ਸਿੰਘ ਕਪੂਰ ਆਦਿ ਹਾਜ਼ਰ ਸਨ।  
ਮੰਤਰੀ ਜੀ ਪਹੁੰਚੇ  ਡੇਢ ਘੰਟਾ ਲੇਟ, ਲੋਕ ਕਡ਼ਾਕੇ ਦੀ ਠੰਡ ’ਚ ਬੈਠੇ ਰਹੇ : ਜ਼ਿਲਾ ਪੱਧਰੀ ਸਹੁੰ-ਚੁੱਕ ਸਮਾਗਮ ਦੌਰਾਨ ਪੰਚਾਂ-ਸਰਪੰਚਾਂ, ਜ਼ਿਲਾ ਪ੍ਰੀਸ਼ਦ  ਤੇ ਪੰਚਾਇਤ ਸੰਮਤੀ ਮੈਂਬਰਾਂ  ਨੂੰ ਸਹੁੰ ਚੁਕਾਉਣ ਲਈ ਸਵੇਰੇ 10 ਵਜੇ ਦਾ ਸਮਾਂ ਦਿੱਤਾ ਗਿਆ ਸੀ।  ਸਮਾਗਮ ’ਚ ਮੁੱਖ ਮਹਿਮਾਨ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ 11 ਵਜੇ ਪਹੁੰਚਣਾ ਸੀ ਪਰ ਉਹ ਨਿਯਤ ਸਮੇਂ ਤੋਂ ਡੇਢ ਘੰਟਾ ਲੇਟ ਪਹੁੰਚੇ, ਜਦਕਿ ਲੋਕ ਠੰਡ ਦੇ ਮੌਸਮ ਦੌਰਾਨ ਸਮਾਗਮ ’ਚ  ਜ਼ਿਲੇ ਦੇ ਦੂਰ-ਦੁਰਾਡੇ ਇਲਾਕਿਆਂ ’ਚੋਂ ਪਹੁੰਚੇ ਸਨ। ਮੰਤਰੀ ਜੀ ਬਡ਼ੇ ਆਰਾਮ ਨਾਲ ਸਮਾਗਮ ’ਚ ਪਹੁੰਚੇ, ਜਿਸ ਤੋਂ ਲੱਗਦਾ ਹੈ ਕਿ ਜ਼ਿੰਮੇਵਾਰ ਅਹੁਦੇ ’ਤੇ ਬੈਠੇ ਵਿਅਕਤੀ ਸਮੇਂ ਦੀ ਪ੍ਰਵਾਹ ਨਹੀਂ ਕਰਦੇ।
ਪੁਲਸ ਵਾਲੇ ਵੀ ਝਾੜਦੇ ਰਹੇ ਵਰਦੀ ਦਾ ਰੋਅਬ : ਪੁਲਸ ਮੁਲਾਜ਼ਮ ਆਪਣੀ ਖਾਕੀ ਵਰਦੀ ਦਾ ਰੋਅਬ ਝਾਡ਼ਦੇ ਦੇਖੇ ਗਏ।   ਅਨੁਸ਼ਾਸਨ ਬਣਾਈ ਰੱਖਣ ਅਤੇ ਸੁਰੱਖਿਆ ਦੀ ਆਡ਼ ’ਚ ਉਨ੍ਹਾਂ ਵੱਲੋਂ ਆਪਣੀ ਡਿਊਟੀ ਦੇ ਦਾਇਰੇ ਵਿਚੋਂ ਬਾਹਰ ਨਿਕਲਦਿਆਂ ਓਏ ਆਦਿ ਸ਼ਬਦ ਵਰਤੇ ਗਏ। ਜਿਸ ਤੋਂ ਇੰਝ ਲੱਗਦਾ ਸੀ ਕਿ ਜਿਵੇਂ ਜਨਤਾ  ਦੇ ਨੁਮਾਇੰਦਿਆਂ ਨੂੰ ਸਹੁੰ ਚੁਕਾਉਣ ਲਈ ਨਾ ਬੁਲਾਇਆ ਹੋਵੇ ਸਗੋਂ ਥਾਣੇ ’ਚ ਮੁਲਜ਼ਮ ਵਜੋਂ ਬੁਲਾਇਆ ਗਿਆ ਹੋਵੇ।  ਪੁਲਸ ਮੁਲਾਜ਼ਮ ਪ੍ਰੈੱਸ ਵਾਲਿਆਂ ਨਾਲ ਐਂਟਰੀ ਨੂੰ ਲੈ ਕੇ ਬਹਿਸਦੇ ਰਹੇ ਅਤੇ ਟਰੈਫਿਕ ਦੀ ਸਮੱਸਿਆ ਨਾਲ ਨਜਿੱਠਣ ਲਈ ਕੋਈ ਢੁੱਕਵੇਂ ਪ੍ਰਬੰਧ ਨਹੀਂ ਕੀਤੇ ਗਏ ਸਨ,  ਜਿਸ ਕਾਰਨ ਲੋਕਾਂ ਨੂੰ ਜਾਮ ਲੱਗਣ ’ਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।  ਜਿਹਡ਼ੇ ਮੁਲਾਜ਼ਮ ਡਿਊਟੀਆਂ ’ਤੇ ਤਾਇਨਾਤ ਸਨ, ’ਚੋਂ ਬਹੁਤ ਸਾਰੇ  ਸਿਰਫ਼ ਆਪਣੇ ਫੋਨਾਂ ’ਤੇ ਮਸਰੂਫ ਸਨ ਅਤੇ ਟਰੈਫਿਕ ਦਾ ਉਨ੍ਹਾਂ ਨੂੰ ਕੋਈ ਫਿਕਰ ਨਹੀਂ ਸੀ। 
ਕਾਂਗਰਸੀ ਕੈਪ. ਅਮਰਿੰਦਰ  ਸਿੰਘ ਦਾ  ਗੁਣਗਾਨ ਕਰ ਕੇ ਚੱਲਦੇ ਬਣੇ : ਸਮਾਗਮ ਦੌਰਾਨ ਕਾਂਗਰਸ ਆਗੂਆਂ ਅਤੇ ਮੰਤਰੀਆਂ ਵੱਲੋਂ ਸਰਕਾਰ ਦੇ ਪਿਛਲੇ 2 ਸਾਲਾ ਸਮੇਂ ’ਤੇ ਝਾਤ ਮਾਰਨ ਦੀ ਬਜਾਏ ਮੁੱਖ ਮੰਤਰੀ  ਕੈਪ. ਅਮਰਿੰਦਰ ਸਿੰਘ ਦਾ ਗੁਣਗਾਨ ਕਰਨ ਨੂੰ ਹੀ ਤਰਜੀਹ ਦਿੱਤੀ ਗਈ ਅਤੇ ਵਾਅਦਿਆਂ ਤੇ ਦਾਅਵਿਆਂ ਤੱਕ ਹੀ ਸੀਮਤ ਰਹੇ। ਲੋਕਾਂ ਨੂੰ ਲੱਗਦਾ ਸੀ ਕਿ ਸਰਕਾਰ ਵੱਲੋਂ ਇਸ ਸਮਾਗਮ ਦੌਰਾਨ ਪਿੰਡਾਂ ਦੇ ਵਿਕਾਸ ਲਈ ਵਿਸ਼ੇਸ਼ ਯੋਜਨਾਵਾਂ ਅਤੇ ਫੰਡਾਂ ਦਾ ਵੀ ਐਲਾਨ ਕੀਤਾ ਜਾਵੇਗਾ ਪਰ ਅਜਿਹਾ ਹੋਇਆ ਨਹੀਂ।


Related News