ਪ੍ਰਤਾਪ ਬਾਗ ਡੰਪ ਵਾਲੇ ਸਥਾਨ ’ਤੇ ਨਹੀਂ ਬਣੇਗੀ ਮਲਟੀਸਟੋਰੀ ਪਾਰਕਿੰਗ

10/21/2021 2:47:53 PM

ਜਲੰਧਰ (ਖੁਰਾਣਾ)– ਪੰਜਪੀਰ ਬਾਜ਼ਾਰ, ਅਟਾਰੀ ਬਾਜ਼ਾਰ ਅਤੇ ਨਾਲ ਲੱਗਦੇ ਹਲਕੇ ਦੇ ਹਜ਼ਾਰਾਂ ਦੁਕਾਨਦਾਰਾਂ ਨੂੰ ਆਪਣੇ ਵਾਹਨ ਆਦਿ ਪਾਰਕ ਕਰਨ ਦੀ ਜੋ ਸਮੱਸਿਆ ਪੇਸ਼ ਆ ਰਹੀ ਸੀ, ਉਸ ਦੇ ਹੱਲ ਲਈ ਕਾਂਗਰਸੀ ਨੇਤਾ ਲਗਾਤਾਰ ਇਹ ਭਰੋਸਾ ਦਿੰਦੇ ਚਲੇ ਆ ਰਹੇ ਸਨ ਕਿ ਪ੍ਰਤਾਪ ਬਾਗ ਡੰਪ ਵਾਲੇ ਸਥਾਨ ’ਤੇ ਮਲਟੀਸਟੋਰੀ ਪਾਰਕਿੰਗ ਬਣਾ ਕੇ ਇਸ ਸਮੱਸਿਆ ਦਾ ਹੱਲ ਕਰਵਾ ਦਿੱਤਾ ਜਾਵੇਗਾ ਪਰ ਹੁਣ ਸਾਫ਼ ਹੋ ਗਿਆ ਹੈ ਕਿ ਪ੍ਰਤਾਪ ਬਾਗ ਵਿਚ ਡੰਪ ਵਾਲੇ ਸਥਾਨ ’ਤੇ ਮਲਟੀਸਟੋਰੀ ਪਾਰਕਿੰਗ ਨਹੀਂ ਬਣ ਸਕੇਗੀ ਕਿਉਂਕਿ ਸਰਫੇਸ ਵਾਟਰ ਪ੍ਰਾਜੈਕਟ ’ਤੇ ਕੰਮ ਕਰ ਰਹੀ ਕੰਪਨੀ ਨੇ ਉਥੇ ਪਹਿਲਾਂ ਤੋਂ ਲੱਗੀ ਪਾਣੀ ਦੀ ਟੈਂਕੀ ਨੂੰ ਵਰਤੋਂ ਵਿਚ ਲਿਆਉਣ ਦਾ ਪਲਾਨ ਬਣਾਇਆ ਹੋਇਆ ਹੈ।

ਕੰਪਨੀ ਅਧਿਕਾਰੀਆਂ ਨੇ ਦੱਸਿਆ ਕਿ ਅੱਡਾ ਹੁਸ਼ਿਆਰਪੁਰ ਤੋਂ ਸਰਫੇਸ ਵਾਟਰ ਪਾਈਪ ਪਾਉਣ ਦਾ ਜੋ ਕੰਮ ਸ਼ੁਰੂ ਕੀਤਾ ਗਿਆ ਸੀ, ਉਸ ਨੂੰ ਫਿਲਹਾਲ ਪੰਜਪੀਰ ਚੌਕ ਤੱਕ ਪੂਰਾ ਕੀਤਾ ਗਿਆ ਹੈ ਅਤੇ ਅੱਗੇ ਦਾ ਕੰਮ ਰੁਕਵਾ ਦਿੱਤਾ ਗਿਆ ਹੈ। ਪੰਜਪੀਰ ਚੌਕ ਤੋਂ ਇਹ ਪਾਈਪਲਾਈਨ ਭਗਤ ਸਿੰਘ ਚੌਂਕ ਹੁੰਦੇ ਹੋਏ ਪ੍ਰਤਾਪ ਬਾਗ ਡੰਪ ਵਾਲੇ ਸਥਾਨ ’ਤੇ ਲੱਗੀ ਪਾਣੀ ਦੀ ਟੈਂਕੀ ਨਾਲ ਜੋੜੀ ਜਾਵੇਗੀ, ਜਿੱਥੋਂ ਪੀਣ ਦਾ ਪਾਣੀ ਆਸ-ਪਾਸ ਦੇ ਘਰਾਂ ਵਿਚ ਸਪਲਾਈ ਹੋਵੇਗਾ। ਕੰਪਨੀ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਉਥੇ ਲੱਗੀ ਟੈਂਕੀ ਦੀ ਸਟ੍ਰੈਂਥ ਦੀ ਜਾਂਚ ਕਰਵਾਈ ਜਾਵੇਗੀ ਅਤੇ ਜੇ ਲੋੜ ਪਈ ਤਾਂ ਉਸ ਟੈਂਕੀ ਨੂੰ ਤੋੜ ਕੇ ਉਥੇ ਨਵੀਂ ਟੈਂਕੀ ਦਾ ਨਿਰਮਾਣ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਜੇਕਰ ਉਸ ਹਲਕੇ ਵਿਚ ਪਾਣੀ ਦੀ ਵੱਡੀ ਟੈਂਕੀ ਨੂੰ ਨਹੀਂ ਹਟਾਇਆ ਜਾਂਦਾ ਹੈ ਤਾਂ ਉਥੇ ਮਲਟੀਸਟੋਰੀ ਪਾਰਕਿੰਗ ਬਣਨੀ ਕਾਫ਼ੀ ਮੁਸ਼ਕਿਲ ਹੈ, ਇਸ ਲਈ ਪਾਰਕਿੰਗ ਦਾ ਪ੍ਰਾਜੈਕਟ ਫਿਲਹਾਲ ਡਰਾਪ ਸਮਝਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਚੱਬੇਵਾਲ ਵਿਖੇ ਵਾਪਰਿਆ ਭਿਆਨਕ ਸੜਕ ਹਾਦਸਾ, ਨਣਾਨ-ਭਰਜਾਈ ਦੀ ਦਰਦਨਾਕ ਮੌਤ

PunjabKesari

ਸਿਰਫ਼ ਧੋਗੜੀ ਰੋਡ ’ਤੇ ਪਾਈਆਂ ਜਾ ਰਹੀਆਂ ਨੇ ਵੱਡੀਆਂ ਪਾਈਪਾਂ
ਪਿਛਲੇ ਕੁਝ ਮਹੀਨਿਆਂ ਤੋਂ ਸਰਫੇਸ ਵਾਟਰ ਪ੍ਰਾਜੈਕਟ ’ਤੇ ਕੰਮ ਕਰ ਰਹੀ ਕੰਪਨੀ ਨੇ ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ਨੂੰ ਬੁਰੀ ਤਰ੍ਹਾਂ ਤੋੜ ਦਿੱਤਾ ਸੀ, ਇਸ ਕਾਰਨ ਸ਼ਹਿਰ ਦੀ ਹਾਲਤ ਕਾਫੀ ਵਿਗੜ ਗਈ ਸੀ। ਹੁਣ ਕਿਉਂਕਿ ਵਿਧਾਨ ਸਭਾ ਚੋਣਾਂ ਨੂੰ ਸਿਰਫ਼ ਦੋ-ਤਿੰਨ ਮਹੀਨੇ ਦਾ ਸਮਾਂ ਬਾਕੀ ਰਹਿ ਗਿਆ ਹੈ, ਅਜਿਹੇ ਵਿਚ ਕਾਂਗਰਸੀ ਨੇਤਾਵਾਂ ਨੇ ਕੰਪਨੀ ਨੂੰ ਨਿਰਦੇਸ਼ ਦਿੱਤੇ ਹਨ ਕਿ ਹੁਣ ਸੜਕਾਂ ਦੀ ਹੋਰ ਪੁਟਾਈ ਨਾ ਕੀਤੀ ਜਾਵੇ ਅਤੇ ਜਿਨ੍ਹਾਂ ਸੜਕਾਂ ਨੂੰ ਪਹਿਲਾਂ ਤੋਂ ਪੁੱਟਿਆ ਜਾ ਚੁੱਕਾ ਹੈ ਉਥੇ ਰੈਸਟੋਰੇਸ਼ਨ ਕਰਵਾਈ ਜਾਵੇ ਭਾਵ ਸੜਕ ਬਣਾਈ ਜਾਵੇ। ਇਨ੍ਹਾਂ ਨਿਰਦੇਸ਼ਾਂ ਦੇ ਬਾਵਜੂਦ ਕੰਪਨੀ ਨੇ ਧੋਗੜੀ ਰੋਡ ’ਤੇ ਵੱਡੇ-ਵੱਡੇ ਪਾਈਪ ਪਾਉਣ ਦਾ ਕੰਮ ਚਾਲੂ ਰੱਖਿਆ ਹੋਇਆ ਹੈ। ਕੰਪਨੀ ਵੱਲੋਂ ਇਨ੍ਹੀਂ ਦਿਨੀਂ ਹਰਗੋਬਿੰਦ ਨਗਰ ਦੇ ਨੇੜੇ ਮੇਨ ਸੜਕ ’ਤੇ ਪਾਈਪ ਪਾਏ ਜਾ ਰਹੇ ਹਨ। ਅੱਜ ਕੰਪਨੀ ਕਰਮਚਾਰੀਆਂ ਦੀ ਗਲਤੀ ਨਾਲ ਉਥੇ ਵਾਟਰ ਸਪਲਾਈ ਲਾਈਨ ਟੁੱਟ ਗਈ, ਜਿਸ ਦਾ ਫਾਲਟ ਦੂਰ ਕਰਨ ਵਿਚ ਕਈ ਘੰਟੇ ਲੱਗੇ। ਹਲਕੇ ਦੇ ਕੌਂਸਲਰਪਤੀ ਕੁਲਦੀਪ ਸਿੰਘ ਲੁਬਾਣਾ ਨੇ ਦੱਸਿਆ ਕਿ ਕੰਪਨੀ ਕੋਲ ਉਚਿਤ ਪਲੰਬਰ ਨਹੀਂ ਹੈ, ਜਿਸ ਕਾਰਨ ਟੁੱਟੇ ਹੋਏ ਕੁਨੈਕਸ਼ਨ ਜੋਡ਼ਨ ਵਿਚ ਕਾਫੀ ਸਮਾਂ ਲੱਗ ਜਾਂਦਾ ਹੈ ਅਤੇ ਲੋਕਾਂ ਨੂੰ ਮੁਸ਼ਕਲ ਪੇਸ਼ ਆਉਂਦੀ ਹੈ।

ਇਹ ਵੀ ਪੜ੍ਹੋ: ਕੈਪਟਨ ਬੋਲੇ, ਨਵੀਂ ਪਾਰਟੀ ਬਣਾਉਣ ਦਾ ਫ਼ੈਸਲਾ ਅਟਲ, ਨਵਜੋਤ ਸਿੱਧੂ ’ਤੇ ਦਿੱਤਾ ਵੱਡਾ ਬਿਆਨ

PunjabKesari

ਚੋਣਾਂ ਦੇ ਤੁਰੰਤ ਬਾਅਦ ਹੋਵੇਗਾ ਸ਼ਹਿਰ ਦਾ ਬੁਰਾ ਹਾਲ
ਕੁਝ ਮਹੀਨੇ ਪਹਿਲਾਂ ਸੀਵਰੇਜ ਬੋਰਡ ਅਤੇ ਨਿਗਮ ਅਧਿਕਾਰੀਆਂ ਨੇ ਐੱਲ. ਐਂਡ ਟੀ. ਕੰਪਨੀ ਨੂੰ 25 ਕਿਲੋਮੀਟਰ ਦੀਆਂ ਸੜਕਾਂ ਕਲੀਅਰ ਕਰਕੇ ਦਿੱਤੀਆਂ ਸਨ, ਜਿਥੇ ਕੰਪਨੀ ਨੇ ਪਾਈਪ ਪਾਉਣ ਦਾ ਕੰਮ ਕਰਨਾ ਸੀ। ਹੁਣ ਤੱਕ ਕੰਪਨੀ ਨੇ ਲਗਭਗ 8 ਕਿਲੋਮੀਟਰ ਸੜਕ ’ਤੇ ਪਾਈਪ ਹੀ ਪਾਈ ਹੈ ਅਤੇ ਉਸ ਨੂੰ ਕੰਮ ਕਰਨ ਤੋਂ ਰੋਕ ਦਿੱਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਵਿਧਾਨ ਸਭਾ ਚੋਣਾਂ ਖ਼ਤਮ ਹੁੰਦੇ ਹੀ ਕੰਪਨੀ ਵੱਲੋਂ ਸਾਰੇ ਸ਼ਹਿਰ ਦੀਆਂ ਸੜਕਾਂ ਨੂੰ ਤੋੜਨ ਦਾ ਸਿਲਸਿਲਾ ਫਿਰ ਸ਼ੁਰੂ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਮਾਛੀਵਾੜਾ ਸਾਹਿਬ ਵਿਖੇ ਗੈਂਗਰੇਪ ਦੀ ਸ਼ਿਕਾਰ ਹੋਈ ਕੁੜੀ ਨੇ ਹਸਪਤਾਲ ’ਚ ਤੋੜਿਆ ਦਮ

3 ਅੰਡਰਗਰਾਊਂਡ ਵਾਟਰ ਟੈਂਕ ਬਣਨੇ ਸ਼ੁਰੂ
ਸੜਕਾਂ ’ਤੇ ਪਾਈਪ ਪਾਉਣ ਦਾ ਕੰਮ ਰੋਕੇ ਜਾਣ ਤੋਂ ਬਾਅਦ ਕੰਪਨੀ ਅਧਿਕਾਰੀਆਂ ਨੇ ਹੁਣ ਅੰਡਰਗਰਾਊਂਡ ਵਾਟਰ ਟੈਂਕ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਫਿਲਹਾਲ ਢਿੱਲਵਾਂ ਰੋਡ, ਮਾਡਲ ਟਾਊਨ ਸ਼ਮਸ਼ਾਨਘਾਟ ਦੇ ਪਿੱਛੇ ਅਤੇ ਬਰਲਟਨ ਪਾਰਕ ਵਿਚ ਵੱਡੇ-ਵੱਡੇ ਅੰਡਰਗਰਾਊਂਡ ਵਾਟਰ ਟੈਂਕ ਬਣਨੇ ਸ਼ੁਰੂ ਹੋ ਗਏ ਹਨ ਅਤੇ ਜਲਦੀ ਹੀ ਸੂਰਿਆ ਐਨਕਲੇਵ ਅਤੇ ਬੇਅੰਤ ਸਿੰਘ ਪਾਰਕ ਵਿਚ ਵੀ ਅੰਡਰਗਰਾਊਂਡ ਟੈਂਕ ਦਾ ਨਿਰਮਾਣ ਸ਼ੁਰੂ ਹੋ ਜਾਵੇਗਾ।

ਇਹ ਵੀ ਪੜ੍ਹੋ: ਨਵਾਂਸ਼ਹਿਰ: ਸਹੁਰਿਆਂ ਦੇ ਤਸ਼ੱਦਦ ਅੱਗੇ ਹਾਰੀ ਵਿਆਹੁਤਾ, ਜ਼ਹਿਰੀਲੀ ਚੀਜ਼ ਖਾ ਕੇ ਲਾਇਆ ਮੌਤ ਨੂੰ ਗਲੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News