2 ਗੱਡੀਆਂ ''ਚੋਂ 105 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ

06/06/2019 4:28:18 PM

ਰਾਹੋਂ (ਪ੍ਰਭਾਕਰ)— ਪੁਲਸ ਨੇ ਚੰਡੀਗੜ੍ਹ ਤੋਂ ਆ ਰਹੀਆਂ 2 ਗੱਡੀਆਂ 'ਚ 105 ਪੇਟੀਆਂ ਨਾਜਾਇਜ਼ ਸ਼ਰਾਬ ਜ਼ਬਤ ਕਰ ਕੇ ਇਕ ਡਰਾਈਵਰ ਨੂੰ ਕਾਬੂ ਕਰਨ ਦੀ ਸਫਲਤਾ ਪ੍ਰਾਪਤ ਕੀਤੀ ਹੈ ਅਤੇ ਇਕ ਡਰਾਈਵਰ ਦੇ ਫਰਾਰ ਹੋਣ ਦਾ ਸਮਾਚਾਰ ਹੈ। ਥਾਣਾ ਰਾਹੋਂ ਦੇ ਐੱਸ. ਐੱਚ. ਓ. ਗੌਰਵ ਧੀਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਉਸਮਾਨਪੁਰ ਦੇ ਨੇੜੇ ਏ.ਐੱਸ.ਆਈ. ਸੁਰਿੰਦਰ ਸਿੰਘ ਦੀ ਪੁਲਸ ਪਾਰਟੀ ਨੇ ਬੀਤੇ ਦਿਨ ਨਾਕਾ ਲਗਾਇਆ ਹੋਇਆ ਸੀ ਕਿ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਪਿੰਡ ਉਸਮਾਨਪੁਰ ਵਿਖੇ ਅਮਰੀਕ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਉਸਮਾਨਪੁਰ ਥਾਣਾ ਰਾਹੋਂ ਅਤੇ ਰਮਨ ਭੂੰਬਲਾ ਪੁੱਤਰ ਦਰਸ਼ਨ ਭੂੰਬਲਾ ਵਾਸੀ ਪਿੰਡ ਰੱਤੇਵਾਲ ਦੋਵੇਂ ਇਨੋਵਾ ਗੱਡੀ ਅਤੇ ਇਕ ਟਾਟਾ 407 'ਚ ਚੰਡੀਗੜ੍ਹ ਦੀ ਸ਼ਰਾਬ ਦੀਆਂ ਪੇਟੀਆਂ ਲਿਆਕੇ ਸ਼ਰਾਬ ਦੀ ਸਮੱਗਲਿੰਗ ਕਰ ਰਹੇ ਹਨ। ਇਸ ਦੀ ਸੂਚਨਾ ਮਿਲਦੇ ਹੀ ਏ. ਐੱਸ. ਆਈ. ਸੁਰਿੰਦਰ ਸਿੰਘ ਦੀ ਪੁਲਸ ਪਾਰਟੀ ਨੇ ਅਮਰੀਕ ਸਿੰਘ ਨੂੰ ਇਨੋਵਾ ਗੱਡੀ 'ਚੋਂ 38 ਪੇਟੀਆਂ ਸ਼ਰਾਬ ਸਣੇ ਕਾਬੂ ਕਰ ਲਿਆ ਜਦਕਿ ਟਾਟਾ 407 ਦਾ ਡਰਾਈਵਰ ਰਮਨ ਭੂੰਬਲਾ ਗੱਡੀ ਛੱਡ ਕੇ ਫਰਾਰ ਹੋ ਗਿਆ। ਗੱਡੀ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 67 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਸ਼ਰਾਬ ਤੇ ਗੱਡੀਆਂ ਨੂੰ ਜ਼ਬਤ ਕਰ ਕੇ ਦੋਵਾਂ ਡਰਾਈਵਰਾਂ ਖਿਲਾਫ਼ ਮਾਮਲਾ ਦਰਜ ਕਰ ਕੇ ਅਮਰੀਕ ਸਿੰਘ ਨੂੰ ਨਵਾਂਸ਼ਹਿਰ ਦੀ ਅਦਾਲਤ 'ਚ ਪੇਸ਼ ਕਰਕੇ ਇਕ ਦਿਨ ਦਾ ਰਿਮਾਂਡ ਲਿਆ ਗਿਆ। ਦੂਜੇ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


shivani attri

Content Editor

Related News