ਕਰੋੜਾਂ ਰੁਪਏ ਲਾ ਕੇ ਸਾਲਾਂ ਪਹਿਲਾਂ ਬਣਾਏ ਗਏ ਪਿਟ ਕੰਪੋਸਟਿੰਗ ਯੂਨਿਟ ਹੋਣਗੇ ਚਾਲੂ, ਭਰਤੀ ਹੋਵੇਗਾ ਨਵਾਂ ਸਟਾਫ਼

12/05/2022 2:04:11 PM

ਜਲੰਧਰ (ਖੁਰਾਣਾ)-ਪਿਛਲੇ 5 ਸਾਲ ਪੰਜਾਬ ’ਤੇ ਕਾਬਜ਼ ਰਹੀ ਕਾਂਗਰਸ ਸਰਕਾਰ ਨੇ ਜਲੰਧਰ ਵਰਗੇ ਵੱਡੇ ਸ਼ਹਿਰ ਦੀ ਸਾਫ਼-ਸਫ਼ਾਈ ਵਿਵਸਥਾ ਨੂੰ ਸੁਧਾਰਨ ਲਈ ਕੋਈ ਯਤਨ ਨਹੀਂ ਕੀਤਾ। ਇਸ ਦੌਰਾਨ ਜਲੰਧਰ ਨਿਗਮ ਨੂੰ ਸਵੱਛ ਭਾਰਤ ਮਿਸ਼ਨ ਅਤੇ ਸਮਾਰਟ ਸਿਟੀ ਰਾਹੀਂ ਕਰੋੜਾਂ ਰੁਪਏ ਦੀ ਗ੍ਰਾਂਟ ਸੈਨੀਟੇਸ਼ਨ ਕੰਮਾਂ ਲਈ ਪ੍ਰਾਪਤ ਵੀ ਹੋਈ ਪਰ ਇਸ ਦੇ ਬਾਵਜੂਦ ਸ਼ਹਿਰ ਦੇ ਹਾਲਾਤ ਭੈੜੇ ਹੋ ਚੁੱਕੇ ਹਨ। ਹੁਣ ਨਵੇਂ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਸ਼ਹਿਰ ਦੀ ਸਾਫ਼-ਸਫ਼ਾਈ ਵਿਵਸਥਾ ਨੂੰ ਸੁਧਾਰਨ ਪ੍ਰਤੀ ਗੰਭੀਰਤਾ ਵਿਖਾਈ ਹੈ, ਜਿਸ ਦੇ ਕਾਰਨ ਉਨ੍ਹਾਂ ਨੇ ਵੱਖ-ਵੱਖ ਨਿਗਮ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਪ੍ਰਤੀ ਜਵਾਬਦੇਹ ਬਣਾਇਆ ਹੈ।

ਕਮਿਸ਼ਨਰ ਦੀ ਯੋਜਨਾ ਹੈ ਕਿ ਕਰੋੜਾਂ ਰੁਪਏ ਲਾ ਕੇ ਸਾਲਾਂ ਪਹਿਲੇ ਜੋ ਪਿਟ ਕੰਪੋਸਟਿੰਗ ਯੂਨਿਟ ਸ਼ਹਿਰ ਦੇ ਵੱਖ-ਵੱਖ ਖੇਤਰਾਂ ’ਚ ਬਣਾਏ ਜਾ ਚੁੱਕੇ ਹਨ, ਉਨ੍ਹਾਂ ਨੂੰ ਹਰ ਹਾਲ ’ਚ ਚਾਲੂ ਕੀਤਾ ਜਾਵੇ ਤਾਂ ਕਿ ਗਿੱਲਾ ਅਤੇ ਸੁੱਕਾ ਕੂੜਾ ਉੱਥੇ ਵੱਖ-ਵੱਖ ਹੋ ਕੇ ਜਾਵੇ ਅਤੇ ਗਿੱਲੇ ਕੂੜੇ ਨਾਲ ਉੱਥੇ ਖਾਦ ਬਣ ਸਕੇ।
ਕਮਿਸ਼ਨਰ ਦਾ ਮੰਨਣਾ ਹੈ ਕਿ ਜਿੱਥੇ ਪਿਟ ਕੰਪੋਸਟਿੰਗ ਨਾਲ ਕੂੜਾ ਮੈਨੇਜ ਹੋ ਸਕਦਾ ਹੈ ਉੱਥੇ ਇਸ ਦੀ ਵਰਤੋਂ ਕੀਤੀ ਜਾਵੇ ਜਦਕਿ ਦੂਜੀਆਂ ਥਾਵਾਂ ’ਤੇ ਛੋਟੀਆਂ ਮਸ਼ੀਨਾਂ ਲਾ ਕੇ ਕੂੜੇ ਨੂੰ ਮੈਨੇਜ ਕੀਤਾ ਜਾ ਸਕਦਾ ਹੈ। ਜਾਪਦਾ ਹੈ ਕਿ ਪਿਟ ਕੰਪੋਸਟਿੰਗ ਯੂਨਿਟਾਂ ਨੂੰ ਚਲਾਉਣ ਲਈ ਨਗਰ ਨਿਗਮ ਆਉਣ ਵਾਲੇ ਦਿਨਾਂ ’ਚ ਆਊਟਸੋਰਸ ’ਤੇ ਸਟਾਫ ਦੀ ਭਰਤੀ ਕਰ ਸਕਦਾ ਹੈ। ਹੁਣ ਇਹ ਦੇਖਣਾ ਹੋਵੇਗਾ ਕਿ ਕੀ ਨਿਗਮ ਯੂਨੀਅਨ ਇਸ ਸਬੰਧ ’ਚ ਕੋਈ ਰੁਕਾਵਟ ਪਾਉਂਦੀ ਹੈ ਜਾਂ ਕਮਿਸ਼ਨਰ ਵੱਲੋਂ ਸਭ ਕੁਝ ਮੈਨੇਜ ਕਰ ਲਿਆ ਜਾਂਦਾ ਹੈ।

ਇਹ ਵੀ ਪੜ੍ਹੋ : ਜਲੰਧਰ ਵਿਖੇ ਜਾਗੋ ਮੌਕੇ ਸ਼ਰਾਬ ਦੇ ਪੈੱਗ ਤੋਂ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, ਚੱਲੀਆਂ ਗੋਲੀਆਂ

ਕਮਿਸ਼ਨਰ ਰਿਹਾਇਸ਼ ’ਚ ਵੀ ਬਣਾਈ ਜਾਵੇਗੀ ਪਿਟਸ

ਸ਼ਹਿਰ ’ਚ ਪਹਿਲਾ ਪਿਟ ਕੰਪੋਸਟਿੰਗ ਯੂਨਿਟ ਪਿੰਡ ਨੰਗਲਸ਼ਾਮਾ ’ਚ ਡੌਗ ਕੰਪਾਊਂਡ ਦੇ ਨੇੜੇ ਬਣਿਆ ਸੀ ਪਰ ਉੱਥੇ ਇਸ ਦਾ ਵਿਰੋਧ ਹੋਇਆ ਅਤੇ ਨਾਲ ਲੱਗਦੀ ਹਾਊਸਿੰਗ ਸੋਸਾਇਟੀ ਨੇ ਅਦਾਲਤ ਕੋਲੋਂ ਸਟੇਅ ਆਰਡਰ ਹਾਸਲ ਕਰ ਲਿਆ ਹੈ ਜਿਸ ਦੇ ਬਾਅਦ ਤੋਂ ਇਹ ਪ੍ਰਾਜੈਕਟ ਬੰਦ ਪਿਆ ਹੈ। ਉਸ ਦੇ ਬਾਅਦ ਨਿਗਮ ਨੇ ਸਵੱਛ ਭਾਰਤ ਦੀ ਗ੍ਰਾਂਟ ਖਰਚ ਕਰਨ ਦੇ ਮਕਸਦ ਨਾਲ ਪਿੰਡ ਬੜਿੰਗ, ਪਿੰਡ ਦਕੋਹਾ, ਬਸਤੀ ਸ਼ੇਖ, ਫੋਲੜੀਵਾਲ ਅਤੇ ਕੁਝ ਹੋਰਨਾਂ ਥਾਵਾਂ ’ਤੇ ਪਿਟ ਕੰਪੋਸਟਿੰਗ ਯੂਨਿਟ ਬਣਾਏ ਜੋ ਚਾਲੂ ਹੀ ਨਹੀਂ ਕੀਤੇ ਜਾ ਸਕੇ। ਹੁਣ ਕਮਿਸ਼ਨਰ ਦਾ ਨਿਰਦੇਸ਼ ਹੈ ਕਿ ਅਜਿਹੇ ਹੀ ਪਿਟਸ ਕਮਿਸ਼ਨਰ ਰਿਹਾਇਸ਼ ’ਚ ਵੀ ਬਣਾਏ ਜਾਣ ਅਤੇ ਉੱਥੇ ਕੂੜੇ ਨੂੰ ਖਾਦ ’ਚ ਬਦਲਿਆ ਜਾਵੇ ਤਾਂ ਕਿ ਇਸ ਪ੍ਰਾਜੈਕਟ ਦਾ ਵਿਰੋਧ ਕਰਨ ਵਾਲਿਆਂ ਨੂੰ ਦਿਖਾਇਆ ਜਾ ਸਕੇ ਕਿ ਜੇਕਰ ਇੱਥੇ ਕੂੜਾ ਕੰਪੋਸਟ ’ਚ ਬਦਲ ਸਕਦਾ ਹੈ ਤਾਂ ਦੂਜੀਆਂ ਥਾਵਾਂ ’ਤੇ ਕੀ ਦਿੱਕਤ ਹੈ।

ਹਰ ਵਾਰਡ ਦਾ ਕੂੜਾ ਵਾਰਡ ਤੱਕ ਹੀ ਰਹੇ

ਕਮਿਸ਼ਨਰ ਦੀ ਇਹ ਵੀ ਯੋਜਨਾ ਹੈ ਕਿ ਸ਼ਹਿਰ ’ਚ ਵੱਡੀਆਂ ਡੰਪ ਥਾਵਾਂ ਨੂੰ ਲੈ ਕੇ ਜੋ ਦਿੱਕਤ ਆ ਰਹੀ ਹੈ, ਉਸ ਨੂੰ ਦੇਖਦੇ ਹੋਏ ਹਰ ਵਾਰਡ ਦਾ ਕੂੜਾ ਉੱਥੋਂ ਤੱਕ ਹੀ ਸੀਮਤ ਰੱਖਿਆ ਜਾਵੇ। ਇਸ ਦੇ ਲਈ ਕੌਂਸਲਰਾਂ ਦੇ ਸਹਿਯੋਗ ਨਾਲ ਕੁਝ ਥਾਵਾਂ ਚੁਣੀਆਂ ਜਾਣ ਜਿੱਥੇ ਸਹੀ ਲਿਫਟਿੰਗ ਹੋਵੇ ਅਤੇ ਕੂੜੇ ਨੂੰ ਵੱਡੀ ਡੰਪ ਥਾਂ ’ਤੇ ਸੁੱਟਣ ਦੀ ਨੌਬਤ ਹੀ ਨਾ ਆਵੇ। ਦੱਸਣਯੋਗ ਹੈ ਕਿ ਮਾਡਲ ਟਾਊਨ ਸ਼ਮਸ਼ਾਨਘਾਟ ਦੇ ਸਾਹਮਣੇ ਡੰਪ ’ਤੇ ਇਸ ਸਮੇਂ ਲਗਭਗ 12 ਵਾਰਡਾਂ ਦਾ ਕੂੜਾ ਸੁੱਟਿਆ ਜਾ ਰਿਹਾ ਹੈ ਜਿਸ ਕਾਰਨ ਉੱਥੇ ਲੋਕ ਕਾਫੀ ਗੁੱਸੇ ’ਚ ਹਨ। ਕਮਿਸ਼ਨਰ ਨੇ ਅਧਿਕਾਰੀਆਂ ਨੂੰ ਇਹ ਵੀ ਹੁਕਮ ਦਿੱਤੇ ਹਨ ਕਿ ਵਾਰਡਾਂ ਅਤੇ ਮੇਨ ਸੜਕਾਂ ’ਤੇ ਇਸ ਸਮੇਂ ਜ ੋ ਨਾਜਾਇਜ਼ ਡੰਪ ਬਣੇ ਹੋਏ ਹਨ ਉਨ੍ਹਾਂ ਦੀ ਪੂਰੀ ਰਿਪੋਰਟ ਦਿੱਤੀ ਜਾਵੇ ਤਾਂ ਕਿ ਉਨ੍ਹਾਂ ਸਬੰਧੀ ਯੋਜਨਾ ਵੀ ਬਣਾਈ ਜਾ ਸਕੇ। ਮੰਨਿਆ ਜਾ ਰਿਹਾ ਹੈ ਕਿ ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਅਬੋਹਰ ਨਗਰ ਨਿਗਮ ’ਚ ਬਤੌਰ ਕਮਿਸ਼ਨਰ ਜੋ ਕੰਮ ਕੀਤਾ ਹੈ ਉਸ ਦਾ ਤਜਰਬਾ ਉਨ੍ਹਾਂ ਨੂੰ ਜਲੰਧਰ ਨਿਗਮ ’ਚ ਆ ਕੇ ਮਿਲ ਰਿਹਾ ਹੈ। ਹੁਣ ਦੇਖਣਾ ਹੈ ਕਿ ਨਵੇਂ ਕਮਿਸ਼ਨਰ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਸੁਧਾਰਨ ’ਚ ਕਿੰਨਾ ਕਾਮਯਾਬ ਹੋ ਸਕਦੇ ਹਨ।

ਇਹ ਵੀ ਪੜ੍ਹੋ :  ਫਿਲੌਰ ਦੇ ਗੁਰੂਘਰ 'ਚ ਬੇਅਦਬੀ ਦੀ ਘਟਨਾ, ਗੋਲਕ ਨੂੰ ਤੋੜਨ ਦੀ ਕੀਤੀ ਗਈ ਕੋਸ਼ਿਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


shivani attri

Content Editor

Related News