''ਪਿੰਡ ਬਾਬੇ ਨਾਨਕ ਦਾ'' ਬਣਾਉਣ ਲਈ ਕਿਸਾਨਾਂ ਨੇ 70 ਏਕੜ ਜ਼ਮੀਨ ਕੀਤੀ ਅਕਵਾਇਰ

07/22/2019 5:31:50 PM

ਸੁਲਤਾਨਪੁਰ ਲੋਧੀ— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ 'ਤੇ ਮਨਾਉਣ ਲਈ ਤਿਆਰੀਆਂ ਜ਼ੋਰਾਂ-ਸ਼ੋਰਾਂ 'ਤੇ ਕੀਤੀਆਂ ਜਾ ਰਹੀਆਂ ਹਨ। ਦੱਸ ਦੇਈਏ ਕਿ ਪਿਛਲੇ ਸਾਲ ਕੇਂਦਰ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਪੁਰਬ 'ਤੇ ਸੁਲਤਾਨਪੁਰ ਲੋਧੀ 'ਚ 'ਪਿੰਡ ਬਾਬੇ ਨਾਨਕ ਦਾ' ਬਣਾਉਣ ਦਾ ਐਲਾਨ ਕੀਤਾ ਗਿਆ ਸੀ। ਇਸ ਪਿੰਡ ਦੀ ਉਸਾਰੀ ਲਈ ਪੰਜਾਬ ਸਰਕਾਰ ਦੇ ਮੰਤਰੀਆਂ ਦਾ ਇਕ ਸਮੂਹ, ਜਿਸ 'ਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਅਤੇ ਓਮ ਪ੍ਰਕਾਸ਼ ਸੋਨੀ ਸ਼ਾਮਲ ਸਨ, ਉਨ੍ਹਾਂ ਵੱਲੋਂ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੇੜੇ 70 ਏਕੜ ਜ਼ਮੀਨ ਦੀ ਚੋਣ ਕੀਤੀ ਗਈ ਹੈ। ਜਿਹੜੇ ਕਿਸਾਨਾਂ ਦੀ ਜ਼ਮੀਨ 'ਪਿੰਡ ਬਾਬੇ ਨਾਨਕ ਦਾ' ਲਈ ਅਕਵਾਇਰ ਕੀਤੀ ਜਾਣੀ ਹੈ, ਉਨ੍ਹਾਂ ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਜ਼ਮੀਨ ਦੇਣ ਲਈ ਸਹਿਮਤੀ ਦੇ ਦਿੱਤੀ ਹੈ। 'ਪਿੰਡ ਬਾਬੇ ਨਾਨਕ' ਦਾ ਬਣਾਉਣ ਦਾ ਕਾਰਜ ਸ਼ੁਰੂ ਕਰ ਦਿੱਤਾ ਜਾਵੇਗਾ। 
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ 'ਚ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਸਰਕਾਰ ਅਤੇ ਕੇਂਦਰੀ ਰੇਲ ਮੰਤਰਾਲੇ ਵੱਲੋਂ ਵੱਖ-ਵੱਖ ਕਾਰਜ ਜੰਗੀ ਪੱਧਰ 'ਤੇ ਕਰਵਾਏ ਜਾ ਰਹੇ ਹਨ ਅਤੇ ਆਸ ਪ੍ਰਗਟਾਈ ਜਾ ਰਹੀ ਹੈ ਕਿ ਸਤੰਬਰ ਤੱਕ ਸਾਰੇ ਕਰਾਜ ਪੂਰੇ ਕਰ ਲਏ ਜਾਣਗੇ। ਦੱਸਣਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੇੜੇ ਕਾਰ ਸੇਵਾ ਵਾਲੇ ਸੰਤਾਂ ਦੇ ਸਹਿਯੋਗ ਨਾਲ 6 ਮੰਜ਼ਿਲਾ ਬੇਬੇ ਨਾਨਕੀ ਨਿਵਾਸ, ਕਾਰ ਪਾਰਕਿੰਗ, ਪ੍ਰਬੰਧਕੀ ਬਲਾਕ, ਲੰਗਰ ਹਾਲ, ਦਰਸ਼ਨੀ ਡਿਉੜੀ ਅਤੇ ਗੁਰਦੁਆਰਾ ਸ੍ਰੀ ਹੱਟ ਸਾਹਿਬ ਨੇੜੇ ਤਿੰਨ ਮੰਜ਼ਿਲੀ ਸਰਾਂ ਅਤੇ ਗੁਰਦੁਆਰਾ ਸਾਹਿਬ ਦੇ ਬਾਹਰ ਪਾਰਕਿੰਗ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਸੇ ਤਰ੍ਹਾਂ ਗੁਰਦੁਆਰਾ ਸ੍ਰੀ ਸੰਤ ਘਾਟ ਨੇੜੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਵੱਲੋਂ ੴ ਮੂਲ ਮੰਤਰ ਅਸਥਾਨ ਦੀ ਉਸਾਰੀ ਚੱਲ ਰਹੀ ਹੈ। ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਪੁਰਾਣੇ ਬੱਸ ਸਟੈਂਡ ਵਾਲੀ ਥਾਂ 'ਤੇ 5 ਕਰੋੜ 73 ਲੱਖ ਰੁਪਏ ਨਾਲ ਨਵਾਂ ਬੱਸ ਸਟੈਂਡ, ਸੁਲਤਾਨਪੁਰ ਲੋਧੀ ਤੋਂ ਤਲਵੰਡੀ ਚੌਧਰੀਆਂ ਰੋਡ 'ਤੇ ਨਵਾਂ ਪੁਲ, ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਪਿਛਲੇ ਪਾਸੇ ਪਿੰਡ ਬੂਸੋਵਾਲ ਵੱਲ ਜਾਂਦਿਆਂ ਪਵਿੱਤਰ ਵੇਈਂ 'ਤੇ ਇਕ ਪੁਲ, ਪਿੰਡ ਰਣਧੀਰਪੁਰ, ਮਾਛੀਜੋਆ, ਤਰਫ ਬਹਿਬਲ ਬਹਾਦਰ ਵਿਖੇ ਟੈਂਟ ਸਿਟੀ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। 

PunjabKesari
550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ 'ਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਪਿਛਲੇ ਪਾਸੇ ਰਾਖਵੀਂ ਰੱਖੀ ਗਈ ਜ਼ਮੀਨ 'ਚ ਮੁੱਖ ਸਮਾਗਮ ਕਰਵਾਇਆ ਜਾਵੇਗਾ। ਇਸ 'ਚ 22 ਹਜ਼ਾਰ ਦੇ ਕਰੀਬ ਸੰਗਤਾਂ ਦੇ ਬੈਠਣ ਦੇ ਪ੍ਰਬੰਧ ਕੀਤਾ ਗਿਆ ਹੈ | ਪ੍ਰਸ਼ਾਸਨ ਵੱਲੋਂ ਟੈਂਟ ਸਿਟੀ ਤੋਂ ਇਲਾਵਾ ਜਲੰਧਰ, ਕਪੂਰਥਲਾ, ਅੰਮ੍ਰਿਤਸਰ, ਤਰਨਤਾਰਨ ਅਤੇ ਹੋਰ ਨੇੜਲੇ ਸ਼ਹਿਰਾਂ ਦੇ ਹੋਟਲ ਅਤੇ ਗੈੱਸਟ ਹਾਊਸਾਂ ਦੇ ਮਾਲਕਾਂ ਨਾਲ ਮੀਟਿੰਗ ਕਰਕੇ ਨਵੰਬਰ ਮਹੀਨੇ 'ਚ ਸ਼ਰਧਾਲੂਆਂ ਦੇ ਰੁਕਣ ਲਈ ਹੋਟਲ ਸਮੇਤ ਗੈੱਸਟ ਹਾਊਸਾਂ 'ਚ ਕਮਰੇ ਰਾਖਵੇਂ ਕਰਨ ਲਈ ਵੀ ਕਿਹਾ ਗਿਆ ਹੈ। ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਦੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ, ਪ੍ਰਵਾਸੀ ਭਰਾਵਾਂ ਦੀਆਂ ਖਾਲੀ ਪਈਆਂ ਕੋਠੀਆਂ 'ਚ ਵੀ ਸ਼ਰਧਾਲੂਆਂ ਦੇ ਠਹਿਰਣ ਲਈ ਪਿੰਡਾਂ ਦੇ ਲੋਕਾਂ ਨਾਲ ਰਾਬਤਾ ਕੀਤਾ ਜਾ ਰਿਹਾ ਹੈ। ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਇਕ ਮੋਬਾਈਲ ਐਪ ਵੀ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਜਾਵੇਗੀ, ਤਾਂ ਜੋ ਸ਼ਰਧਾਲੂਆਂ ਨੂੰ ਕੋਈ ਮੁਸ਼ਕਿਲ ਨਾ ਆ ਸਕੇ। 
ਲੰਗਰਾਂ, ਟੈਂਟ ਸਿਟੀ ਤੇ ਪਾਰਕਿੰਗ ਲਈ ਜ਼ਮੀਨ ਕੀਤੀ ਗਈ ਰਾਖਵੀਂ
ਪੰਜਾਬ ਸਰਕਾਰ ਵੱਲੋਂ ਟੈਂਟ ਸਿਟੀ, ਪਾਰਕਿੰਗ ਤੇ ਲੰਗਰਾਂ ਲਈ 879 ਏਕੜ ਜ਼ਮੀਨ ਰਾਖਵੀਂ ਕੀਤੀ ਗਈ ਹੈ। ਇਸ ਸਬੰਧੀ ਇੰਜ: ਡੀ. ਪੀ. ਐੱਸ. ਖਰਬੰਦਾ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਦੱਸਿਆ ਕਿ ਰਾਖਵੀਂ ਕੀਤੀ ਜ਼ਮੀਨ ਵਿਚੋਂ 400 ਏਕੜ 'ਚ ਟੈਂਟ ਸਿਟੀ ਅਤੇ ਬਾਕੀ ਜ਼ਮੀਨ ਪਾਰਕਿੰਗ ਸਮੇਤ ਲੰਗਰਾਂ ਲਈ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਹੋਣ ਵਾਲੇ ਸਮਾਗਮਾਂ 'ਚ 30 ਲੱਖ ਦੇ ਕਰੀਬ ਸ਼ਰਧਾਲੂਆਂ ਦੇ ਆਉਣ ਦੀ ਆਸ ਹੈ, ਜਿਸ ਨੂੰ ਮੱਦੇਨਜ਼ਰ ਰੱਖਦਿਆਂ ਪ੍ਰਸ਼ਾਸਨ ਵੱਲੋਂ ਬਣਾਏ ਜਾਣ ਵਾਲੇ ਟੈਂਟ ਸਿਟੀ 'ਚ 70 ਹਜ਼ਾਰ ਦੇ ਕਰੀਬ ਸੰਗਤਾਂ ਦੇ ਰਾਤ ਠਹਿਰਨ, ਲੰਗਰ ਆਦਿ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਤਿੰਨਾਂ ਥਾਵਾਂ 'ਤੇ ਟੈਂਟ ਸਿਟੀ ਬਣਾਉਣ ਦਾ ਕੰਮ ਇੰਦੌਰ ਦੀ ਇਕ ਕੰਪਨੀ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ, ਜੋ ਅਕਤੂਬਰ ਦੇ ਅੱਧ 'ਚ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਟੈਂਟ ਸਿਟੀ 'ਚ ਠਹਿਰਣ ਵਾਲੀਆਂ ਸੰਗਤਾਂ ਲਈ ਜਨਤਕ ਪਖਾਨੇ, ਮੈਡੀਕਲ ਸੁਵਿਧਾ, ਏ. ਟੀ. ਐੱਮ. ਅਤੇ ਗੁਰਦੁਆਰਾ ਸਾਹਿਬ ਤੱਕ ਜਾਣ ਲਈ ਮਿੰਨੀ ਬੱਸਾਂ ਅਤੇ ਈ-ਰਿਕਸ਼ਾ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। 
ਗੁਰਦੁਆਰਾ ਸ੍ਰੀ ਬੇਰ ਸਹਿਬ ਦੇ ਮੈਨੇਜਰ ਸਤਨਾਮ ਸਿੰਘ ਰਿਆੜ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪੁਰਾਣੇ ਲੰਗਰ ਹਾਲ ਵਾਲੀ ਜਗਾ 'ਤੇ ਹੀ ਨਵੇਂ ਲੰਗਰ ਹਾਲ ਦੀ ਉਸਾਰੀ ਕੀਤੀ ਜਾ ਰਹੀ ਹੈ, ਜਿਸ ਦੀ ਬੈਸਮੈਂਟ ਅਤੇ ਪਹਿਲੀ ਮੰਜਿਲ ਦਾ ਲੈਂਟਰ ਪੈ ਚੁੱਕਾ ਹੈ ਅਤੇ ਬਾਕੀ ਕਾਰਜ ਵੀ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਵੱਲੋਂ ਕਰਵਾਏ ਜਾ ਰਹੇ ਹਨ ਉਨ੍ਹਾਂ ਦੱਸਿਆ ਕਿ ਗੁਰਦੁਆਰਾ ਹੱਟ ਸਾਹਿਬ ਨੇੜੇ ਸਰਾਂ ਅਤੇ ਮਲਟੀ ਸਟੋਰੀ ਪਾਰਕਿੰਗ ਤੋਂ ਇਲਾਵਾ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਨੇੜੇ ਬੇਬੇ ਨਾਨਕੀ ਨਿਵਾਸ ਦਾ ਕੰਮ ਵੀ ਸਮੇਂ ਸਿਰ ਪੂਰਾ ਹੋ ਜਾਵੇਗਾ। ਇਸੇ ਤਰ੍ਹਾਂ ਦਰਸ਼ਨੀ ਡਿਊੜੀ ਅਤੇ ਪ੍ਰਬੰਧਕੀ ਬਲਾਕ ਦੀ ਉਸਾਰੀ ਦਾ ਕੰਮ ਵੀ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ। 
ਰੇਲਵੇ ਸਟੇਸ਼ਨ ਦਾ ਸੁੰਦਰੀਕਰਨ
ਰੇਲਵੇ ਮੰਤਰਾਲੇ ਵੱਲੋਂ ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ਦੇ ਸੁੰਦਰੀਕਰਨ ਦਾ ਕੰਮ ਵੀ ਲਗਾਤਾਰ ਜਾਰੀ ਹੈ। ਰੇਲਵੇ ਵਿਭਾਗ ਵੱਲੋਂ ਸਟੇਸ਼ਨ 'ਤੇ ਇਕ ਨਵਾਂ ਪਲੇਟਫਾਰਮ ਤਿਆਰ ਕੀਤਾ ਜਾ ਰਿਹਾ ਹੈ। ਇਕ ਪਲੇਟਫਾਰਮ ਤੋਂ ਦੂਜੇ ਪਲੇਟਫਾਰਮ 'ਤੇ ਜਾਣ ਲਈ ਦੋ ਨਵੇਂ ਪੁਲ ਵੀ ਬਣਾਏ ਜਾ ਰਹੇ ਹਨ। ਇਸੇ ਤਰ੍ਹਾਂ ਪਲੇਟਫਾਰਮਾਂ ਦੀ ਲੰਬਾਈ 400 ਮੀਟਰ ਤੋਂ ਵਧਾ ਕੇ 600 ਮੀਟਰ ਕੀਤੀ ਗਈ ਹੈ। ਰੇਲਵੇ ਵਿਭਾਗ ਵੱਲੋਂ 4 ਅਕਤੂਬਰ ਤੋਂ ਦਿੱਲੀ ਤੋਂ ਸੁਲਤਾਨਪੁਰ ਲੋਧੀ ਲਈ ਇਕ ਵਿਸ਼ੇਸ਼ ਰੇਲ ਗੱਡੀ ਚਲਾਈ ਜਾ ਰਹੀ ਹੈ, ਜੋ ਲੋਹੀਆਂ ਤੋਂ ਹੁੰਦੀ ਹੋਈ ਸੁਲਤਾਨਪੁਰ ਲੋਧੀ, ਜਲੰਧਰ ਤੋਂ ਦਿੱਲੀ ਪੁੱਜੇਗੀ। 


shivani attri

Content Editor

Related News