ਪਿੰਡ ਬਰਗਾੜੀ ਨੇੜੇ ਐਲ.ਪੀ.ਜੀ ਗੈਸ ਲੈ ਕੇ ਜਾ ਰਿਹਾ ਕੈਂਟਰ ਪਲਟਿਆ, ਰੋਕੀ ਗਈ ਆਵਾਜਾਈ
Saturday, May 16, 2026 - 06:28 PM (IST)
ਕੋਟਕਪੂਰਾ (ਨਰਿੰਦਰ ਬੈੜ੍ਹ) : ਅੱਜ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ''ਤੇ ਪਿੰਡ ਬਰਗਾੜੀ ਨੇੜੇ ਉਸ ਸਮੇਂ ਵੱਡਾ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ ਜਦ ਭਾਰਤ ਪੈਟਰੋਲੀਅਮ ਦਾ ਐਲ.ਪੀ.ਜੀ ਗੈਸ ਨਾਲ ਭਰਿਆ ਕੈਂਟਰ ਸੜਕ ''ਤੇ ਪਲਟ ਗਿਆ। ਜਾਣਕਾਰੀ ਅਨੁਸਾਰ ਐਲ.ਪੀ.ਜੀ. ਗੈਸ ਦਾ ਇਹ ਕੈਂਟਰ ਬਠਿੰਡਾ ਤੋਂ ਸ਼੍ਰੀਨਗਰ ਜਾ ਰਿਹਾ ਸੀ ਕਿ ਦੁਪਹਿਰ ਸਮੇਂ ਜਦ ਇਹ ਬਰਗਾੜੀ ਦੇ ਬਾਹਰਵਾਰ ਪੁੱਜਿਆ ਤਾਂ ਇਹ ਪਲਟ ਗਿਆ। ਇਸ ਹਾਦਸੇ ਵਿਚ ਕੈਂਟਰ ਡਰਾਈਵਰ ਮੁਹੰਮਦ ਮੁਜ਼ਮਿਲ ਸੋਹਿਲ ਵਾਲ-ਵਾਲ ਬਚ ਗਿਆ, ਜੋ ਕਿ ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਕੈਂਟਰ ਪਲਟਣ ਨਾਲ ਇਕ ਮੋਟਰਸਾਈਕਲ ਸਵਾਰ ਵਿਅਕਤੀ ਜ਼ਖਮੀ ਹੋ ਗਿਆ, ਜਿਸ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਲੰਭਵਾਲੀ ਵਜੋਂ ਹੋਈ ਹੈ, ਜਿਸਨੂੰ ਸੜਕ ਸੁਰੱਖਿਆ ਦੀ ਟੀਮ ਨੇ ਤੁਰੰਤ ਹਸਪਤਾਲ ਪਹੁੰਚਾਇਆ।
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਚੌਂਕੀ ਬਰਗਾੜੀ ਦੇ ਇੰਚਾਰਜ ਗੁਰਮੇਜ ਸਿੰਘ ਸੰਧੂ ਪੁਲਸ ਟੀਮ ਸਮੇਤ ਤੁਰੰਤ ਮੌਕੇ ''ਤੇ ਪਹੁੰਚੇ ਅਤੇ ਕੋਟਕਪੂਰਾ ਫਾਇਰ ਬ੍ਰਿਗੇਡ ਦੀ ਇਕ ਟੀਮ ਨੂੰ ਮੌਕੇ ''ਤੇ ਬੁਲਾਇਆ ਗਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਦੋ ਗੱਡੀਆਂ ਨਾਲ ਮੌਕੇ ''ਤੇ ਪਹੁੰਚ ਗਈ ਸੀ ਅਤੇ ਸੁਰੱਖਿਆ ਦੇ ਮੱਦੇਨਜ਼ਰ ਕੈਂਟਰ ਦੇ ਆਲੇ-ਦੁਆਲੇ ਫੋਮ ਦਾ ਛਿੜਕਾਅ ਕੀਤਾ ਗਿਆ। ਇਸ ਦੌਰਾਨ ਪੰਜਾਬ ਪੁਲਸ ਦੇ ਬਰਗਾੜੀ ਚੌਂਕੀ ਦੇ ਡਿਊਟੀ ਅਫਸਰ ਅਤੇ 112 ਟੀਮ ਵੀ ਮੌਕੇ ''ਤੇ ਮੌਜੂਦ ਸੀ। ਪੁਲਸ ਨੇ ਆਵਾਜਾਈ ਨੂੰ ਡਾਈਵਰਟ ਕਰ ਦਿੱਤਾ ਅਤੇ ਲੋਕਾਂ ਨੂੰ ਵਾਹਨ ਦੇ ਨੇੜੇ ਜਾਣ ਤੋਂ ਸਖ਼ਤੀ ਨਾਲ ਰੋਕਿਆ ਗਿਆ।
