ਫਗਵਾੜਾ ਪੁਲਸ ਨੇ ਸੁਲਝਾਈ ਚੌਂਕੀਦਾਰ ਦੇ ਕਤਲ ਦੀ ਗੁੱਥੀ, ਦੋ ਮੁਲਜ਼ਮ ਕੀਤੇ ਗ੍ਰਿਫ਼ਤਾਰ

Thursday, Jun 24, 2021 - 05:49 PM (IST)

ਫਗਵਾੜਾ ਪੁਲਸ ਨੇ ਸੁਲਝਾਈ ਚੌਂਕੀਦਾਰ ਦੇ ਕਤਲ ਦੀ ਗੁੱਥੀ, ਦੋ ਮੁਲਜ਼ਮ ਕੀਤੇ ਗ੍ਰਿਫ਼ਤਾਰ

ਫਗਵਾੜਾ (ਜਲੋਟਾ)- ਵਿਗਿਆਨਕ ਜਾਂਚ ਤੋਂ ਬਾਅਦ ਅਪਰਾਧ ਵਾਲੀ ਥਾਂ ਤੋਂ ਮਿਲੇ ਛੋਟੇ ਸੁਰਾਗਾਂ ਰਾਂਹੀ ਫਗਵਾੜਾ ਪੁਲਸ ਵੱਲੋਂ ਤਿੰਨ ਦਿਨਾਂ ਦੇ ਅੰਦਰ ਅੰਨ੍ਹੇ ਕਤਲ ਅਤੇ ਲੁੱਟ-ਖੋਹ ਦੀ ਵਾਰਦਾਤ ਨੂੰ ਹੱਲ ਕਰਦੇ ਹੋਏ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਵਾਰਦਾਤ ਵਿਚ, 20 ਜੂਨ ਨੂੰ ਪਿੰਡ ਬਘਾਂਣਾ ਵਿਚ ਇਕ ਇੱਟਾਂ ਦੇ ਭੱਠੇ ਦੇ 35 ਸਾਲਾ ਸੁਰੱਖਿਆ ਗਾਰਡ ਨੂੰ ਕ਼ਤਲ ਕਰ ਦਿੱਤਾ ਗਿਆ ਸੀ ਅਤੇ ਮੋਕੇ ਤੋਂ ਇਕ ਨਿਊ ਹਾਲੈਂਡ ਟ੍ਰੈਕਟਰ ਸਮੇਤ ਹੋਰ ਸਾਮਾਨ ਲੁੱਟ ਲਿਆ ਗਿਆ ਸੀ।  ਵਾਰਦਾਤ ਵਿਚ ਸ਼ਾਮਲ ਦੋਸ਼ੀਆਂ ਦੀ ਪਛਾਣ ਮੂਸਾ ਪੁੱਤਰ ਮੁਹੰਮਦ ਖ਼ਾਨ ਉਰਫ਼ ਭੱਟੀ ਵਾਸੀ ਪਿੰਡ ਬੇਲਾ, ਚੰਬਾ, ਹਿਮਾਚਲ ਪ੍ਰਦੇਸ਼ ਅਤੇ ਸੁਖਵਿੰਦਰ ਸਿੰਘ ਉਰਫ਼ ਲੱਕੀ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਗੁਜਰਾਤਾਂ, ਫਗਵਾੜਾ ਵਜੋਂ ਹੋਈ ਹੈ। ਉਨ੍ਹਾਂ ਦਾ ਇਕ ਸਾਥੀ ਬਲਜੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਰਾਮਪੁਰ ਸੁੰਨਰਾ ਅਜੇ ਫਰਾਰ ਹੈ।

ਇਹ ਵੀ ਪੜ੍ਹੋ:  ਰੂਪਨਗਰ ਦੇ ਇਸ ਪਿੰਡ ਦੀ ਸਿਆਸੀ ਆਗੂਆਂ ਨੂੰ ਚਿਤਾਵਨੀ, ਸੋਚ ਸਮਝ ਕੇ ਪਿੰਡ ਦਾਖ਼ਲ ਹੋਣ 'ਲੀਡਰ'

ਇਕ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਪਿੰਡ ਬਘਾਂਣਾ ਵਿੱਚ ਸਥਿਤ ਇਕ ਇੱਟਾਂ ਦੇ ਭੱਠੇ 'ਤੇ ਤਾਇਨਾਤ ਸੁੱਰਖਿਆ ਗਾਰਡ ਦੇਸ ਰਾਜ ਦਾ ਕਤਲ ਕੁਝ ਅਣਪਛਾਤੇ ਲੋਕਾਂ ਵੱਲੋਂ 19-20 ਤਰੀਖ ਦੀ ਦਰਮਿਆਨੀ ਰਾਤ ਨੂੰ ਕਰਕੇ ਇਕ ਨਿਊ ਹਾਲੈਂਡ ਟ੍ਰੈਕਟਰ ਸਮੇਤ ਕੁਝ ਸਾਮਾਨ ਦੀ ਲੁੱਟ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਹ ਅੰਨ੍ਹੇ ਕਤਲ ਅਤੇ ਲੁੱਟ-ਖੋਹ ਦਾ ਮਾਮਲਾ ਸੀ ਜੋਕਿ ਮ੍ਰਿਤਕ ਦੇਸ ਰਾਜ ਦੀ ਪਤਨੀ ਉਸ਼ਾ ਵਾਸੀ ਪੂਰਾ, ਮੱਧ ਪ੍ਰਦੇਸ਼ ਦੇ ਬਿਆਨ 'ਤੇ ਦਰਜ ਕੀਤਾ ਗਿਆ ਸੀ। ਐੱਸ. ਐੱਸ. ਪੀ.  ਨੇ ਕਿਹਾ ਕਿ ਐੱਸ. ਪੀ. ਫਗਵਾੜਾ ਸਰਬਜੀਤ ਸਿੰਘ ਬਾਹੀਆ ਅਤੇ ਡੀ. ਐੱਸ. ਪੀ. ਪਰਮਜੀਤ ਸਿੰਘ ਦੀ ਨਿਗਰਾਨੀ ਹੇਠ ਐੱਸ. ਐੱਚ. ਓ. ਰਾਵਲਪਿੰਡੀ, ਸੀ. ਆਈ. ਏ. ਸਟਾਫ਼ ਫਗਵਾੜਾ ਅਤੇ ਇੰਚਾਰਜ ਪੁਲਸ ਚੌਂਕੀ ਪਾਸ਼ਟਾ ਸਮੇਤ ਪੁਲਸ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ।

ਇਹ ਵੀ ਪੜ੍ਹੋ: ਜਲੰਧਰ: ਪਿੰਡ ’ਚ ਹੋਏ ਝਗੜੇ ਦੌਰਾਨ ਪਤੀ ਨੂੰ ਛੁਡਾਉਣਾ ਪਤਨੀ ਨੂੰ ਪਿਆ ਮਹਿੰਗਾ, ਮਿਲੀ ਦਰਦਨਾਕ ਮੌਤ

PunjabKesari

ਉਨ੍ਹਾਂ ਦੱਸਿਆ ਕਿ ਪੁਲਸ ਦੀਆਂ ਇਹ ਟੀਮਾਂ ਇਸ ਮਾਮਲੇ ਨੂੰ ਸੁਲਝਾਉਣ ਲਈ ਵੱਖ-ਵੱਖ ਸਿਧਾਂਤਾਂ 'ਤੇ ਕੰਮ ਕਰ ਰਹੀਆਂ ਸਨ ਅਤੇ ਇਸ ਦੀ ਵਿਗਿਆਨਕ ਜਾਂਚ ਵਿਚ ਉਨ੍ਹਾਂ ਨੂੰ ਕੁਝ ਅਹਿਮ ਸੁਰਾਗ ਮਿਲੇ, ਜਿਸ ਰਾਂਹੀ ਪੁਲਸ ਮੁਲਜ਼ਮਾਂ ਮੂਸਾ ਅਤੇ ਸੁਖਵਿੰਦਰ ਤੱਕ ਪਹੁੰਚਣ ਵਿੱਚ ਕਾਮਯਾਬ ਹੋਈ। ਉਨ੍ਹਾਂ ਨੇ ਅਗੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਪੁਲਸ ਵੱਲੋਂ ਚੈਕਿੰਗ ਦੌਰਾਨ ਬੇਂਈ ਪੁਲੀ ਪਿੰਡ ਦੁੱਗਾਂ ਥਾਣਾ ਰਾਵਾਲਪਿੰਡੀ ਤੋਂ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਨ੍ਹਾਂ ਨੇ ਪੁਲਸ ਪਾਰਟੀ ਨੂੰ ਵੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਫੜੇ ਗਏ ਮੁਲਜ਼ਮਾਂ ਨੇ ਖ਼ੁਲਾਸਾ ਕੀਤਾ ਕਿ ਇਹ ਲੁੱਟ ਦੀ ਸਾਜ਼ਿਸ਼ ਬਲਜੀਤ ਸਿੰਘ ਪੁੱਤਰ ਜਸਵੰਤ ਸਿੰਘ ਨਿਵਾਸੀ ਪਿੰਡ ਰਾਮਪੁਰ ਸੁੰਨਰਾਂ ਨੇ ਰਚੀ ਸੀ ਅਤੇ ਇਨ੍ਹਾਂ ਸਾਰੇ ਦੋਸ਼ੀਆਂ ਨੇ ਰਾਤ ਸਮੇਂ ਲੋਕਾਂ ਦੇ ਘਰਾਂ ਅਤੇ ਹੋਰ ਅਦਾਰਿਆਂ ਵਿਚ ਲੁੱਟ ਖੋਹ ਕਰਨ ਲਈ ਇਕ ਗਿਰੋਹ ਬਣਾਇਆ ਹੋਇਆ ਸੀ।

ਇਹ ਵੀ ਪੜ੍ਹੋ: ਮਜੀਠੀਆ ਦੇ ਕੈਪਟਨ ’ਤੇ ਵੱਡੇ ਇਲਜ਼ਾਮ, ਕਿਹਾ-ਕੁਰਸੀ ਨੂੰ ਬਚਾਉਣ ਲਈ ਬਾਦਲ ਸਾਬ੍ਹ ਨੂੰ ਕਰਵਾਉਣਗੇ ਗ੍ਰਿਫ਼ਤਾਰ

PunjabKesari

ਉਨ੍ਹਾਂ ਕਿਹਾ ਕਿ ਇਸ ਗਿਰੋਹ ਦਾ ਮੁਖੀ ਬਲਜੀਤ ਸਿੰਘ ਗ੍ਰਿਫ਼ਤਾਰੀ ਤੋਂ ਬਚਣ ਲਈ ਭੱਜ ਗਿਆ ਹੈ ਪਰ ਪੁਲਸ ਟੀਮਾਂ ਨੂੰ ਉਸ ਦੇ ਠਿਕਾਣਿਆਂ 'ਤੇ ਛਾਪੇਮਾਰੀ ਕਰਨ ਲਈ ਲਗਾਇਆ ਗਿਆ ਹੈ ਅਤੇ ਜਲਦੀ ਹੀ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਸ ਨੂੰ ਇਸ ਕਤਲ ਅਤੇ ਲੁੱਟ ਵਿੱਚ ਵਰਤੀ ਗਈ ਆਲਟੋ ਕਾਰ ਨੰਬਰ (ਪੀ. ਬੀ 36-ਜੇ -7255) ਦੀ ਵੀ ਭਾਲ ਹੈ। ਪੁਲਸ ਨੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਦੱਸੀ ਹੋਈ ਜਗ੍ਹਾ ਤੋਂ ਦੇਸ ਰਾਜ ਨੂੰ ਮਾਰਨ ਲਈ ਵਰਤੇ ਹਥਿਆਰ, ਚੋਰੀ ਕੀਤਾ ਨਿਊ ਹਾਲੈਂਡ ਟਰੈਕਟਰ, ਬੈਂਕ ਦਾ ਕਾਰਡ ਅਤੇ ਆਧਾਰ ਕਾਰਡ ਸਮੇਤ ਹੋਰ ਸਮਾਨ ਬਰਾਮਦ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲਸ ਟੀਮ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੂੰ ਅੱਜ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕਰੇਗੀ ਅਤੇ ਇਸ ਕੇਸ ਦੀ ਅਗਲੀ ਜਾਂਚ ਲਈ ਉਨ੍ਹਾਂ ਦੇ ਪੁਲਸ ਰਿਮਾਂਡ ਦੀ ਮੰਗ ਕਰੇਗੀ। ਉਨ੍ਹਾਂ ਕਿਹਾ ਕਿ ਪੁਲਸ ਰਿਮਾਂਡ ਦੌਰਾਨ ਪੁੱਛ-ਪੜਤਾਲ ਕਰਨ 'ਤੇ ਕੁਝ ਹੋਰ ਅਣਸੁਲਝੀਆਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਦੇ ਹੱਲ ਹੋਣ ਦੀ ਵੀ ਉਮੀਦ ਹੈ।

ਇਹ ਵੀ ਪੜ੍ਹੋ: ਜਲੰਧਰ: ਪਿੰਡ ’ਚ ਹੋਏ ਝਗੜੇ ਦੌਰਾਨ ਪਤੀ ਨੂੰ ਛੁਡਾਉਣਾ ਪਤਨੀ ਨੂੰ ਪਿਆ ਮਹਿੰਗਾ, ਮਿਲੀ ਦਰਦਨਾਕ ਮੌਤ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News