ਪ੍ਰੋਫੈਸ਼ਨਲ ਲੁਟੇਰਿਆਂ ਦੇ ਨਿਸ਼ਾਨੇ 'ਤੇ ਹਨ ਫਗਵਾੜਾ ਦੇ ਜਿਊਲਰ

Saturday, Feb 01, 2020 - 01:10 AM (IST)

ਪ੍ਰੋਫੈਸ਼ਨਲ ਲੁਟੇਰਿਆਂ ਦੇ ਨਿਸ਼ਾਨੇ 'ਤੇ ਹਨ ਫਗਵਾੜਾ ਦੇ ਜਿਊਲਰ

ਫਗਵਾੜਾ, (ਜਲੋਟਾ)- ਫਗਵਾੜਾ ’ਚ ਸਿਰਫ਼ 27 ਦਿਨਾਂ ਵਿਚ ਇਕ ਦੇ ਬਾਅਦ ਇਕ ਅਣਪਛਾਤੇ ਦੋਸ਼ੀ ਲੁਟੇਰਿਆਂ ਵਲੋਂ ਸਥਾਨਕ ਸਰਾਫਾ ਬਾਜ਼ਾਰ ਵਿਚ ਬੰਗਾਲੀ ਕਾਰੀਗਰਾਂ ਅਤੇ ਪਿੰਡ ਪਾਂਸ਼ਟਾ ’ਚ ਮੈ: ਕਾਲੀਆ ਜਿਊਲਰ ਨੂੰ ਨਿਸ਼ਾਨਾ ਬਣਾ ਕੇ ਉਥੇ ਅੰਜਾਮ ਦਿੱਤੀ ਗਈ ਲੁੱਟ ਦੀ ਵਾਰਦਾਤ ਨੂੰ ਲੈ ਕੇ ਜਿਥੇ ਆਮ ਜਨਤਾ, ਦੁਕਾਨਦਾਰਾਂ, ਵਪਾਰੀ ਵਰਗ ਆਦਿ ਵਿਚ ਭਾਰੀ ਡਰ ਅਤੇ ਸੰਤਾਪ ਪਾਇਆ ਜਾ ਰਿਹਾ ਹੈ ਅਤੇ ਪੁਲਸ ਲਗਾਤਾਰ ਦਾਅਵਾ ਕਰ ਰਹੀ ਹੈ ਕਿ ਉਕਤ ਦੋਵੇਂ ਲੁੱਟਾਂ ਨੂੰ ਛੇਤੀ ਟਰੇਸ ਕਰ ਲਿਆ ਜਾਵੇਗਾ, ਉਥੇ ਹੀ ਹਾਲਾਤ ਦੀ ਕੌੜੀ ਸੱਚਾਈ ਇਹ ਬਣੀ ਹੈ ਕਿ ਫਗਵਾੜਾ ਪੁਲਸ ਦੇ ਹੱਥ ਦੋਵੇਂ ਲੁੱਟਾਂ ਨੂੰ ਲੈ ਕੇ ਹੱਥ ਫਿਲਹਾਲ ਪੂਰੀ ਤਰ੍ਹਾਂ ਨਾਲ ਖਾਲੀ ਹੈ ਅਤੇ ਪੁਲਸ ਵਲੋਂ ਆਨ ਰਿਕਾਡਰ ਦੋਵੇਂ ਮਾਮਲਿਆਂ ਸਬੰਧੀ ਕਿਸੇ ਵੀ ਦੋਸ਼ੀ ਲੁਟੇਰੇ ਅਤੇ ਗੈਂਗਸ ਨਾਲ ਸਬੰਧਤ ਗੈਂਗਸਟਰ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ । ਇਸ ਦੀ ਪੁਸ਼ਟੀ ਜ਼ਿਲਾ ਕਪੂਰਥਲਾ ਦੇ ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ ਕੀਤੀ ਹੈ। ਇਸ ਦੌਰਾਨ ਸੂਤਰਾਂ ਨੇ ਅਹਿਮ ਖੁਲਾਸਾ ਕੀਤਾ ਹੈ ਕਿ ਫਗਵਾੜਾ ਦੇ ਜਿਊਲਰ ਇਕ ਨਹੀਂ ਸਗੋਂ ਦੋ ਪ੍ਰੋਫੈਸ਼ਨਲ ਲੁਟੇਰਿਆਂ ਗੈਂਗਸ ਦੇ ਨਿਸ਼ਾਨੇ ’ਤੇ ਰਹੇ ਹਨ। 3 ਜਨਵਰੀ 2020 ਨੂੰ ਫਗਵਾੜਾ ਦੇ ਬੇਹੱਦ ਸੰਘਣੀ ਆਬਾਦੀ ਵਾਲੇ ਸਰਾਫਾ ਬਾਜ਼ਾਰ ਵਿਚ ਹੋਈ ਅੱਧਾ ਕਿਲੋ ਸੋਨੇ ਦੀ ਲੁੱਟ ਵਿਚ ਗੜ੍ਹਦੀਵਾਲਾ ਗੈਂਗਸ ਦਾ ਹੱਥ ਰਿਹਾ ਹੈ, ਜਿਸ ਨੇ 28 ਦਸੰਬਰ 2019 ਵਿਚ ਸਭ ਤੋਂ ਪਹਿਲਾਂ ਹੁਸ਼ਿਆਰਪੁਰ ਵਿਚ ਜਿਊਲਰ ਨੂੰ ਟਾਰਗੈਟ ਕਰਕੇ ਉੱਥੇ ਸੋਨੇ ਦੀ ਲੁੱਟ-ਖਸੁੱਟ ਕੀਤੀ ਅਤੇ ਇਹ ਉਹ ਹੀ ਗੈਂਗ ਹੈ, ਜਿਸ ਨੇ ਹਾਲ ਹੀ ਵਿਚ ਅੰਮ੍ਰਿਤਸਰ ਵਿਚ ਇਕ ਹੋਰ ਜਿਊਲਰ ਨੂੰ ਨਿਸ਼ਾਨਾ ਬਣਾ ਕੇ ਉੱਥੋਂ ਭਾਰੀ ਮਾਤਰਾ ਵਿਚ ਸੋਨਾ ਲੁੱਟਿਆ ਹੈ।

ਇਸ ਦੌਰਾਨ ਇਹ ਵੀ ਖੁਲਾਸਾ ਹੋਇਆ ਹੈ ਕਿ ਜਿਸ ਗੈਂਗ ਨੇ 30 ਜਨਵਰੀ ਨੂੰ ਪਿੰਡ ਪਾਂਸ਼ਟਾ ਵਿਚ ਸਥਿਤ ਮੈਂ: ਕਾਲੀਆ ਜਿਊਲਰ ਨੂੰ ਟਾਰਗੈਟ ਕਰਦੇ ਹੋਏ ਦੁਕਾਨ ਦੇ ਮਾਲਕ ਦੀਪਕ ਕਾਲੀਆ ਅਤੇ ਕਰਿੰੰਦੇ ਸੁਖਪਾਲ ’ਤੇ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਜ਼ਖਮੀ ਕਰਦੇ ਹੋਏ ਸੋਨਾ, ਚਾਂਦੀ ਅਤੇ ਨਕਦੀ ਨਾਲ ਭਰਿਆ ਬੈਗ ਲੁੱਟਿਆ ਹੈ ਅਤੇ ਉਹ ਜ਼ਿਲਾ ਕਪੂਰਥਲਾ ਨਾਲ ਹੀ ਸਬੰਧਤ ਹਨ। ਸੂਤਰਾਂ ਨੇ ਦੱਸਿਆ ਕਿ ਉਕਤ ਵਾਰਦਾਤ ਨੂੰ ਅੰਜਾਮ ਦੇਣ ਵਿਚ ਕਾਕਾ ਗੈਂਗ ਦੇ ਸਰਗਰਮ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਫਗਵਾੜਾ ਪੁਲਸ ਨੂੰ ਵੀ ਉਕਤ ਦੋਵੇਂ ਗੈਂਗਸ ਦੇ ਫਗਵਾੜਾ ਵਿਚ ਸਰਗਰਮ ਰਹਿ ਕੇ ਇਥੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਲੀਡਜ਼ ਮਿਲ ਚੁੱਕੀ ਹੈ ਅਤੇ ਉੱਚ ਪੁਲਸ ਅਧਿਕਾਰੀਆਂ ਵਲੋਂ ਇਸ ਦਿਸ਼ਾ ਵਿਚ ਪੁਲਸ ਜਾਂਚ ਨੂੰ ਅੱਗੇ ਵੀ ਵਧਾਇਆ ਜਾ ਰਿਹਾ ਹੈ ਪਰ ਅਜੇ ਪੁਲਸ ਤੰਤਰ ਇਸ ਗੱਲ ਨੂੰ ਲੈ ਕੇ ਬੇਹੱਦ ਹੈਰਾਨ ਹੈ ਕਿ ਉਕਤ ਦੋਵੇਂ ਗੈਂਗਸ ਦੇ ਹੋਰ ਸਾਥੀ ਗੈਂਗਸਟਰ ਕੌਣ ਰਹੇ ਹਨ ਜਿਨ੍ਹਾਂ ਨੇ ਫਗਵਾੜਾ ਵਿਚ ਲੁੱਟ ਦੀਆਂ 2 ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ । ਸੂਤਰਾਂ ਅਨੁਸਾਰ ਫਗਵਾੜਾ ਪੁਲਸ ਦੇ ਕੋਲ ਗੜ੍ਹਦੀਵਾਲ ਗੈਂਗ ਨੂੰ ਲੈ ਕੇ ਅਹਿਮ ਲੀਡਜ਼ ਹਨ ਅਤੇ ਇਸ ਤਰ੍ਹਾਂ ਕਾਕਾ ਗੈਂਗ ਨੂੰ ਲੈ ਕੇ ਵੀ ਪੁਲਸ ਦੇ ਕੋਲ ਪੁਖਤਾ ਤੌਰ ਉੱਤੇ ਠੋਸ ਸਬੂਤ ਮੌਜੂਦ ਹਨ।

ਦੋਵੇਂ ਵਾਰਦਾਤਾਂ ਨੂੰ ਪ੍ਰੋਫੈਸ਼ਨਲ ਲੁਟੇਰਿਆਂ ਨੇ ਦਿੱਤਾ ਹੈ ਅੰਜਾਮ : ਐੱਸ. ਐੱਸ. ਪੀ.

ਕਪੂਰਥਲਾ ਦੇ ਐੱਸ. ਐੱਸ. ਪੀ. ਸਤਿੰਦਰ ਸਿੰਘ ਤੋਂ ਉਕਤ ਦੋਵੇਂ ਗੈਂਗਸ ਸਬੰਧੀ ਪੁੱਛਿਆ ਗਿਆ ਕਿ ਕੀ ਦੋਵੇਂ ਵਾਰਦਾਤਾਂ ’ਚ ਉਕਤ ਗੈਂਗਸ ਦੀ ਸਰਗਰਮ ਭੂਮਿਕਾ ਰਹੀ ਹੈ? ਇਸਦਾ ਜਵਾਬ ਦਿੰਦੇ ਹੋਏ ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ ਕਿਹਾ ਕਿ ਹੋ ਸਕਦਾ ਹੈ ਕਿ ਉਕਤ ਦੋਵੇਂ ਵਾਰਦਾਤਾਂ ਵਿਚ ਉਕਤ ਦੋਵੇਂ ਗੈਂਗਸ ਸ਼ਾਮਲ ਹੋਣ। ਉਨ੍ਹਾਂ ਕਿਹਾ ਕਿ ਜਦੋਂ ਤਕ ਪੁਲਸ ਜਾਂਚ ਜਾਰੀ ਹੈ ਉਦੋਂ ਤਕ ਹਰ ਪ੍ਰਕਾਰ ਦੀ ਸੰਭਾਵਨਾ ਬਣੀ ਰਹਿੰਦੀ ਹੈ। ਅਜਿਹੇ ਵਿਚ ਉਹ ਇਹ ਹੀ ਕਹਿਣਗੇਂ ਕਿ ਹੁਣ ਤਕ ਚੱਲੀ ਪੁਲਸ ਜਾਂਚ ਵਿਚ ਇਹ ਤੱਥ ਸਾਫ਼ ਹੋ ਗਿਆ ਹੈ ਕਿ ਫਗਵਾੜਾ ਵਿਚ ਹੋਈਆਂ ਦੋਵੇਂ ਵਾਰਦਾਤਾਂ ਵਿਚ ਇਕ ਗੈਂਗ ਸ਼ਾਮਲ ਨਹੀਂ ਰਿਹਾ ਹੈ । ਦੋਵੇਂ ਵਾਰਦਾਤਾਂ ਨੂੰ ਵੱਖ-ਵੱਖ ਲੁਟੇਰਿਆਂ ਵਲੋਂ ਅੰਜਾਮ ਦਿੱਤਾ ਗਿਆ ਹੈ।


author

Bharat Thapa

Content Editor

Related News