ਗੜ੍ਹਸ਼ੰਕਰ ਵਿਖੇ ਖੇਤੀ ਕਾਨੂੰਨ ਦੀਆਂ ਕਾਪੀਆਂ ਫੂਕ ਕੱਢੀ ਕੇਂਦਰ ਸਰਕਾਰ ਖ਼ਿਲਾਫ਼ ਭੜਾਸ
01/13/2021 3:46:36 PM
ਗੜ੍ਹਸ਼ੰਕਰ (ਸ਼ੋਰੀ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਇਥੋਂ ਦੇ ਪਿੰਡ ਹਾਜੀਪੁਰ ਵਿੱਚ ਖੇਤੀ ਕਾਨੂੰਨ ਦੇ ਵਿਰੋਧ ਵਿਚ ਆਮ ਲੋਕਾਂ ਨੇ ਖੇਤੀ ਸੁਧਾਰ ਬਿੱਲਾਂ ਦੀਆਂ ਕਾਪੀਆਂ ਨੂੰ ਸਾੜ ਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸੁਰਜੀਤ ਕੁਮਾਰ ਚੌਹਾਨ, ਮਾਸਟਰ ਓਮ ਪ੍ਰਕਾਸ਼, ਸ਼ਿੰਗਾਰਾ ਸਿੰਘ ਭੱਜਲ, ਪਵਨ ਕੁਮਾਰ ਛਾਵਲਾ, ਪੰਡਿਤ ਗਗਨ, ਰਾਮਕਿ੍ਰਸ਼ਨ, ਅਮਰੀਕ ਚੰਦ, ਗਿਆਨ ਚੰਦ, ਹਰਮੇਸ਼ ਲਾਲ ਚੌਹਾਨ, ਸੁਰਜੀਤ ਸਿੰਘ, ਸੋਨੂੰ, ਕੇਸ਼ੀ, ਜੋਗਿੰਦਰ ਸਿੰਘ ਅਤੇ ਉਂਕਾਰ ਸਿੰਘ ਚੌਹਾਨ ਨੇ ਵੀ ਸੰਬੋਧਨ ਕਰਦੇ ਮੋਦੀ ਸਰਕਾਰ ਖ਼ਿਲਾਫ਼ ਰੱਜ ਕੇ ਭੜਾਸ ਕੱਢੀ।
ਇਹ ਵੀ ਪੜ੍ਹੋ : ਕੱਚੇ ਮੁਲਾਜ਼ਮਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਅਨੋਖਾ ਫ਼ਰਮਾਨ
ਇਥੇ ਦੱਸਣਯੋਗ ਹੈ ਕਿ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਅੱਜ 49ਵੇਂ ਦਿਨ ’ਚ ਪ੍ਰਵੇਸ਼ ਕਰ ਗਿਆ ਹੈ। ਦਿੱਲੀ ਦੇ ਸਿੰਘੂ, ਟਿਕਰੀ, ਗਾਜ਼ੀਪੁਰ ਸਰਹੱਦਾਂ ’ਤੇ ਕਿਸਾਨ ਕੜਾਕੇ ਦੀ ਠੰਡ ’ਚ ਡਟੇ ਹੋਏ ਹਨ। ਕੱਲ੍ਹ ਸੁਪਰੀਮ ਕੋਰਟ ਦੇ ਫ਼ੈਸਲੇ ਮਗਰੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਪ੍ਰੈੱਸ ਕਾਨਫਰੰਸ ਕਰਕੇ ਸਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ। ਬੁੱਧਵਾਰ ਨੂੰ ਲੋਹੜੀ ਦੇ ਮੌਕੇ ’ਤੇ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਨਾਲ ਹੀ 26 ਜਨਵਰੀ ਯਾਨੀ ਕਿ ਗਣਤੰਤਰ ਦਿਵਸ ਦੇ ਦਿਨ ਸ਼ਾਂਤੀ ਨਾਲ ਟਰੈਕਟਰ ਮਾਰਚ ਕੱਢਣ ਦੀ ਗੱਲ ਆਖੀ ਹੈ। ਹਾਲਾਂਕਿ ਇਸ ਮਸਲੇ ’ਤੇ ਸੁਪਰੀਮ ਕੋਰਟ ਨੇ ਵੀ ਕਿਸਾਨਾਂ ਨੂੰ ਨੋਟਿਸ ਵੀ ਜਾਰੀ ਕੀਤਾ ਹੈ। ਇਹ ਮਸਲਾ ਹੁਣ ਸੋਮਵਾਰ ਨੂੰ ਸੁਪਰੀਮ ਕੋਰਟ ’ਚ ਸੁਣਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬੀਆਂ ਦੀ ਅਣਖ ਤੇ ਗੈਰਤ ਦੀ ਪ੍ਰਤੀਕ ਦੁੱਲਾ ਭੱਟੀ ਦੀ ਮਜ਼ਾਰ ਪਾਕਿ ’ਚ ਅਣਦੇਖੀ ਦੀ ਸ਼ਿਕਾਰ
ਸੁਪਰੀਮ ਕੋਰਟ ਨੇ ਨਵੇਂ ਖੇਤੀ ਕਾਨੂੰਨਾਂ ਦੇ ਲਾਗੂ ਹੋਣ ’ਤੇ ਰੋਕ ਲਾ ਦਿੱਤੀ ਹੈ। ਕਾਨੂੰਨਾਂ ’ਤੇ ਰੋਕ ਲੱਗਣ ਮਗਰੋਂ ਵੀ ਕਿਸਾਨ ਆਪਣੀ ਜ਼ਿੱਦ ’ਤੇ ਅੜੇ ਹੋਏ ਹਨ ਕਿ ਉਹ ਅੰਦੋਲਨ ਖ਼ਤਮ ਨਹੀਂ ਕਰਨਗੇ। ਦਰਅਸਲ ਅਦਾਲਤ ਨੇ ਸਰਕਾਰ ਅਤੇ ਕਿਸਾਨਾਂ ਵਿਚਾਲੇ ਕਿਸਾਨੀ ਮਸਲੇ ਨੂੰ ਨਿਪਟਾਉਣ ਲਈ 4 ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਹੈ, ਹੁਣ ਉਸ ਨੂੰ ਲੈ ਕੇ ਬਹਿਸ ਛਿੜ ਗਈ ਹੈ। ਕਿਸਾਨ ਜਥੇਬੰਦੀਆਂ ਦਾ ਦੋਸ਼ ਹੈ ਕਿ ਕਮੇਟੀ ’ਚ ਸ਼ਾਮਲ ਚਾਰੋਂ ਲੋਕ- ਭੁਪਿੰਦਰ ਸਿੰਘ ਮਾਨ, ਡਾ. ਪ੍ਰਮੋਦ ਕੁਮਾਰ ਜੋਸ਼ੀ, ਅਸ਼ੋਕ ਗੁਲਾਟੀ ਅਤੇ ਅਨਿਲ ਘਨਵਟ ਖੇਤੀ ਕਾਨੂੰਨਾਂ ਦਾ ਸਮਰਥਨ ਕਰ ਚੁੱਕੇ ਹਨ।
ਇਹ ਵੀ ਪੜ੍ਹੋ : ਅਫ਼ਸੋਸਜਨਕ ਖ਼ਬਰ: ਕਿਸਾਨੀ ਸੰਘਰਸ਼ ਦੌਰਾਨ ਮੁਕਤਸਰ ਦੇ ਕਿਸਾਨ ਦੀ ਹੋਈ ਮੌਤ