ਜੇਕਰ ਕੇਂਦਰ ''ਚ ਨਵੀਂ ਸਰਕਾਰ ਬਣੀ ਤਾਂ EVM ਨੂੰ ਨਦੀ ''ਚ ਸੁੱਟ ਦਿੱਤਾ ਜਾਵੇਗਾ : ਫਾਰੂਕ ਅਬਦੁੱਲਾ
Friday, May 10, 2024 - 04:31 PM (IST)
ਗਾਂਦਰਬਲ (ਭਾਸ਼ਾ)- ਨੈਸ਼ਨਲ ਕਾਨਫਰੰਸ (ਐੱਨ.ਸੀ.) ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਭਾਜਪਾ ਲੋਕ ਸਭਾ ਚੋਣਾਂ ਹਾਰ ਜਾਂਦੀ ਹੈ ਤਾਂ ਨਵੀਂ ਸਰਕਾਰ ਚੋਣਾਂ 'ਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐੱਮ.) ਦਾ ਇਸਤੇਮਾਲ ਬੰਦ ਕਰ ਦੇਵੇਗੀ। ਅਬਦੁੱਲਾ ਨੇ ਕਿਹਾ ਕਿ ਈ.ਵੀ.ਐੱਮ. ਦਾ ਇਸਤੇਮਾਲ ਦੁਨੀਆ 'ਚ ਕਿਤੇ ਹੋਰ ਨਹੀਂ ਕੀਤਾ ਜਾ ਰਿਹਾ ਹੈ ਪਰ ਇੱਥੇ ਇਸ ਨੂੰ ਸਾਡੇ 'ਤੇ ਥੋਪਿਆ ਗਿਆ ਹੈ।'' ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ,''ਅੱਲਾਹ ਨੇ ਚਾਹਿਆ ਤਾਂ ਜੇਕਰ ਦਿੱਲੀ 'ਚ ਨਵੀਂ ਸਰਕਾਰ ਆਈ ਤਾਂ ਇਨ੍ਹਾਂ ਮਸ਼ੀਨਾਂ ਨੂੰ ਨਦੀ 'ਚ ਸੁੱਟ ਦਿੱਤਾ ਜਾਵੇਗਾ।'' ਅਬਦੁੱਲਾ ਨੇ ਇੱਥੇ ਮੱਧ ਕਸ਼ਮੀਰ ਜ਼ਿਲ੍ਹੇ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ,''ਇਹ ਮਸ਼ੀਨ ਚੋਰੀ ਦੀ ਮਸ਼ੀਨ ਹੈ। ਜਦੋਂ ਤੁਸੀਂ ਵੋਟ ਦੇਵੋ ਤਾਂ ਇਹ ਯਕੀਨੀ ਕਰ ਲਵੋ ਕਿ ਆਵਾਜ਼ ਆਈ ਹੈ ਜਾਂ ਨਹੀਂ, ਲਾਈਟ ਜਗੀ ਹੈ ਜਾਂ ਨਹੀਂ। ਜੇਕਰ ਤੁਹਾਨੂੰ ਲਾਈਟ ਜਗਦੀ ਹੋਈ ਨਹੀਂ ਦਿੱਸੇ ਤਾਂ ਉੱਥੇ ਮੌਜੂਦ ਅਧਿਕਾਰੀਆਂ ਤੋਂ ਪੁੱਛੋ। ਡਰੋ ਨਹੀਂ। ਇਹ ਦੇਖਣ ਲਈ ਵੀਵੀਪੈਟ ਵੀ ਜਾਂਚ ਲਵੋ ਕਿ ਤੁਹਾਡਾ ਵੋਟ ਐੱਨ.ਸੀ. ਦੇ ਚੋਣ ਚਿੰਨ੍ਹ 'ਤੇ ਪਿਆ ਹੈ ਜਾਂ ਨਹੀਂ।''
ਅਬਦੁੱਲਾ ਸ਼੍ਰੀਨਗਰ ਲੋਕ ਸਭਾ ਖੇਤਰ ਤੋਂ ਆਪਣੀ ਪਾਰਟੀ ਦੇ ਉਮੀਦਵਾਰ ਆਗਾ ਸਈਅਦ ਰੂਹੁਲਾਹ ਮੇਹਦੀ ਲਈ ਪ੍ਰਚਾਰ ਕਰ ਰਹੇ ਸਨ। ਸ਼੍ਰੀਨਗਰ ਚੋਣ ਖੇਤਰ ਤੋਂ ਮੌਜੂਦਾ ਸੰਸਦ ਮੈਂਬਰ ਅਬਦੁੱਲਾ ਇਸ ਵਾਰ ਸਿਹਤ ਕਾਰਨਾਂ ਕਰ ਕੇ ਚੋਣ ਨਹੀਂ ਲੜ ਰਹੇ ਹਨ। ਭਾਜਪਾ 'ਤੇ ਆਪਣਾ ਹਮਲਾ ਜਾਰੀ ਰੱਖਦੇ ਹੋਏ ਐੱਨ.ਸੀ. ਨੇਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਪਾਰਟੀ 'ਤੇ ਦੇਸ਼ 'ਚ ਨਫ਼ਰਤ ਫੈਲਾਉਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਪੀ.ਐੱਮ. ਮੋਦੀ ਉਨ੍ਹਾਂ ਮੁੱਦਿਆਂ ਨੂੰ ਭੁੱਲ ਗਏ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ 2014 'ਚ ਸੀਨੀਅਰ ਅਹੁਦੇ ਤੱਕ ਪਹੁੰਚਾਇਆ ਸੀ। ਅਬਦੁੱਲਾ ਨੇ ਕਿਹਾ,''ਉਹ ਹੁਣ ਮਹਿੰਗਾਈ ਆਦਿ ਬਾਰੇ ਗੱਲ ਨਹੀਂ ਕਰਦੇ ਹਨ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e