ਸਰਪੰਚ ''ਤੇ ਝੂਠਾ ਪਰਚਾ ਦਰਜ ਕਰਨ ਵਿਰੁੱਧ ਲੋਕਾਂ ਨੇ ਘੇਰਿਆ ਥਾਣਾ

06/06/2019 12:40:13 PM

ਤਲਵਾੜਾ (ਜ.ਬ.)— ਭਾਜਪਾ ਨਾਲ ਸਬੰਧਤ ਇਕ ਸਰਪੰਚ ਨਾਲ ਸਥਾਨਕ ਪੁਲਸ ਵੱਲੋਂ ਕੀਤੀ ਗਈ ਕਥਿਤ ਧੱਕੇਸ਼ਾਹੀ ਅਤੇ ਬੇਇਨਸਾਫੀ ਦੇ ਦੋਸ਼ਾਂ ਸਬੰਧੀ ਭਾਜਪਾ-ਸ਼੍ਰੋਮਣੀ ਅਕਾਲੀ ਦਲ ਵਰਕਰਾਂ ਅਤੇ ਆਮ ਜਨਤਾ ਨੇ ਬੀਤੇ ਦਿਨ ਪੁਲਸ ਥਾਣਾ ਘੇਰਿਆ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਭਾਜਪਾ ਨੇਤਾ ਹਰਸਿਮਰਤ ਸਾਹੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਐਡਵੋਕੇਟ ਰਾਜ ਗੁਲਜਿੰਦਰ ਸਿੰਘ ਸਿੱਧੂ ਦੀ ਅਗਵਾਈ 'ਚ ਪੁਲਸ ਸਟੇਸ਼ਨ ਸਾਹਮਣੇ ਇਕੱਠੇ ਲੋਕਾਂ ਨੇ 'ਤਲਵਾੜਾ ਪੁਲਸ ਮੁਰਦਾਬਾਦ', 'ਪੰਜਾਬ ਸਰਕਾਰ ਮੁਰਦਾਬਾਦ' ਦੇ ਨਾਅਰਿਆਂ ਨਾਲ ਪੀੜਤ ਪਿੰਡ ਭੂੰਬੋਤਪਤੀ (ਭੂੰਬੋਤਾੜ) ਦੇ ਸਰਪੰਚ ਕੁਲਜੀਤ ਸਿੰਘ ਲਈ ਇਨਸਾਫ ਦੀ ਮੰਗ ਕੀਤੀ।
ਪੁਲਸ 'ਤੇ ਕੀ ਹੈ ਦੋਸ਼
ਰੋਸ ਧਰਨੇ 'ਚ ਭਾਜਪਾ ਨੇਤਾ ਡਾ. ਹਰਸਿਮਰਤ ਸਿੰਘ ਸਾਹੀ, ਸ਼੍ਰੋਮਣੀ ਅਕਾਲੀ ਦਲ ਨੇਤਾ ਐਡਵੋਕੇਟ ਰਾਜ ਗੁਲਜਿੰਦਰ ਸਿੰਘ ਸਿੱਧੂ, ਸ਼ਿਵਮ ਸ਼ਰਮਾ ਅਤੇ ਨੰਦ ਕਿਸ਼ੋਰ ਪੁਰੀ ਨੇ ਸਥਾਨਕ ਪੁਲਸ 'ਤੇ ਦੋਸ਼ ਲਾਏ ਕਿ ਸਰਪੰਚ ਕੁਲਜੀਤ ਸਿੰਘ ਖਿਲਾਫ ਪੁਲਸ ਨੇ ਕਾਂਗਰਸੀ ਨੇਤਾਵਾਂ ਦੀ ਕਥਿਤ ਸ਼ਹਿ 'ਤੇ ਇਕਤਰਫਾ ਮਾਮਲਾ ਦਰਜ ਕਰਕੇ ਉਸ ਨਾਲ ਬੇਇਨਸਾਫੀ ਕੀਤੀ ਹੈ। ਪੁਲਸ ਨੇ ਸਰਪੰਚ ਨੂੰ ਫੋਨ 'ਤੇ ਬੀਤੇ ਦਿਨੀਂ ਧੋਖੇ ਨਾਲ ਥਾਣੇ ਬੁਲਾਇਆ ਅਤੇ ਦੋਵਾਂ ਧਿਰਾਂ ਦੀ ਸ਼ਿਕਾਇਤ ਦੀ ਜਾਂਚ ਕੀਤੇ ਬਿਨਾਂ ਉਸ ਨੂੰ ਥਾਣੇ 'ਚ ਬੰਦ ਕਰਕੇ ਉਸ ਦਾ ਅਪਮਾਨ ਕੀਤਾ।
ਆਗੂਆਂ ਨੇ ਕਿਹਾ ਕਿ ਲੋਕ ਸਭਾ ਚੋਣਾਂ 'ਚ ਕਾਂਗਰਸ ਆਪਣੀ ਹੋਈ ਹਾਰ ਕਾਰਨ ਬੌਖਲਾਈ ਹੋਈ ਹੈ ਅਤੇ ਭਾਜਪਾ ਵਰਕਰਾਂ ਖਿਲਾਫ ਝੂਠੇ ਪੁਲਸ ਕੇਸ ਦਰਜ ਕਰਵਾ ਰਹੀ ਹੈ। ਅਸੀਂ ਅਜਿਹੀ ਬੇਇਨਸਾਫ਼ੀ ਨੂੰ ਕਦੇ ਬਰਦਾਸ਼ਤ ਨਹੀਂ ਕਰਾਂਗੇ ਅਤੇ ਕਾਂਗਰਸ ਅਤੇ ਪੁਲਸ ਦੇ ਗਠਜੋੜ ਨੂੰ ਲੀਰੋ-ਲੀਰ ਕਰਨ ਤੋਂ ਅਸੀਂ ਪਿੱਛੇ ਨਹੀਂ ਹਟਾਂਗੇ।
ਇਸ ਧਰਨੇ 'ਚ ਭਾਜਪਾ ਨੇਤਾ ਸੁਸ਼ੀਲ ਪਿੰਕੀ, ਡਾ. ਧਰੁਵ ਸਿੰਘ, ਅਮਰਪਾਲ ਜੌਹਰ, ਅਸ਼ੋਕ ਮੰਗੂ, ਬਾਬੀ ਕੌਸ਼ਲ, ਲਲਿਤ ਸ਼ਰਮਾ, ਸਰਕਲ ਪ੍ਰਧਾਨ ਅਮਨਦੀਪ ਹੈਪੀ, ਦਿਹਾਤੀ ਪ੍ਰਧਾਨ ਵਿਪਨ ਕੁਮਾਰ, ਜ਼ਿਲਾ ਕਿਸਾਨ ਮੋਰਚਾ ਪ੍ਰਧਾਨ ਦਲਜੀਤ ਜੀਤੂ, ਪ੍ਰਵੀਨ ਮਲਹੋਤਰਾ, ਵਿਨੋਦ ਮਿੱਠੂ, ਐੱਸ. ਪੀ. ਮੋਰਚਾ ਪ੍ਰਧਾਨ ਵਿਪਨ ਵਰੈਅਤੀ, ਰਾਮ ਸਿੰਘ, ਪ੍ਰੇਮ ਚੰਦ, ਡਾ. ਸੁਭਾਸ਼ ਬਿੱਟੂ, ਭਵਨੌਰ ਆਦਿ ਹਾਜ਼ਰ ਸਨ।

PunjabKesari
ਧਰਨਾਕਾਰੀਆਂ ਦੀਆਂ ਕੀ ਸਨ ਮੰਗਾਂ
ਪੁਲਸ ਖਿਲਾਫ ਧਰਨਾ ਦੇ ਰਹੇ ਲੋਕਾਂ ਦੀ ਮੰਗ ਸੀ ਕਿ ਸਰਪੰਚ ਕੁਲਜੀਤ ਸਿੰਘ ਖਿਲਾਫ ਝੂਠਾ ਪਰਚਾ ਰੱਦ ਕੀਤਾ ਜਾਵੇ ਅਤੇ ਜਿਸ ਏ. ਐੈੱਸ. ਆਈ. ਨੇ ਇਹ ਪਰਚਾ ਬਿਨਾਂ ਜਾਂਚ-ਪੜਤਾਲ ਦੇ ਦਰਜ ਕੀਤਾ ਹੈ, ਉਸ ਖਿਲਾਫ਼ ਵਿਭਾਗੀ ਜਾਂਚ ਕੀਤੀ ਜਾਵੇ।
ਸਰਪੰਚ ਖਿਲਾਫ ਦਰਜ ਪਰਚਾ ਰੱਦ ਕੀਤਾ ਜਾਵੇਗਾ : ਐੱਸ. ਐੱਚ. ਓ.
ਐੱਸ. ਐੱਚ. ਓ. ਸੁਰਜੀਤ ਸਿੰਘ ਮਾਂਗਟ ਨੇ ਰੋਸ ਧਰਨੇ 'ਚ ਆਪ ਆ ਕੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਰਪੰਚ ਕੁਲਜੀਤ ਸਿੰਘ ਖਿਲਾਫ਼ ਦਰਜ ਪਰਚਾ ਰੱਦ ਕੀਤਾ ਜਾਵੇਗਾ ਅਤੇ ਜਾਂਚ ਅਧਿਕਾਰੀ ਖਿਲਾਫ਼ ਵੀ ਕਾਰਵਾਈ ਹੋਵੇਗੀ।
ਕੀ ਹੈ ਮਾਮਲਾ
ਭੂੰਬੋਤਪੱਤੀ ਤੋਂ ਸਤੀਸ਼ ਕੁਮਾਰ ਦੀ ਸ਼ਿਕਾਇਤ ਸੀ ਕਿ ਪਿੰਡ ਦੇ ਸਰਪੰਚ ਕੁਲਜੀਤ ਸਿੰਘ ਨੇ ਉਸ ਦੀ ਜ਼ਮੀਨ 'ਤੇ ਲੱਗੀ ਕੰਡਿਆਲੀ ਤਾਰ ਨੂੰ ਕੱਟ ਕੇ ਉਸ 'ਤੇ ਕਬਜ਼ਾ ਕਰਨ ਦਾ ਯਤਨ ਕੀਤਾ ਹੈ। ਪੁਲਸ ਨੇ ਪਿਛਲੇ ਦਿਨੀਂ ਇਸ ਸ਼ਿਕਾਇਤ ਦੇ ਆਧਾਰ 'ਤੇ ਸਰਪੰਚ ਕੁਲਜੀਤ ਸਿੰਘ ਨੂੰ ਥਾਣੇ ਬੁਲਾਇਆ ਸੀ ਅਤੇ ਉਸ ਖਿਲਾਫ ਪਰਚਾ ਦਰਜ ਕਰ ਦਿੱਤਾ ਸੀ।
ਕੀ ਕਹਿਣਾ ਹੈ ਸ਼ਿਕਾਇਤਕਰਤਾ ਦਾ
ਸਤੀਸ਼ ਕੁਮਾਰ ਪੁੱਤਰ ਧਰਮ ਚੰਦ ਪਿੰਡ ਭੂੰਬੋਤਪੱਤੀ ਨਾਲ ਜਦੋਂ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਸਰਪੰਚ ਕੁਲਜੀਤ ਸਿੰਘ ਅਤੇ ਉਨ੍ਹਾਂ ਦੀ ਜ਼ਮੀਨ ਦਾ ਸਾਂਝਾ ਖਾਤਾ ਹੈ। ਸਰਪੰਚ ਆਪਣੇ ਹਿੱਸੇ ਦੀ ਜ਼ਮੀਨ ਵੇਚ ਚੁੱਕਿਆ ਹੈ ਅਤੇ ਹੁਣ ਉਸ ਦੀ ਨਜ਼ਰ ਸਾਡੇ ਹਿੱਸੇ ਦੀ ਜ਼ਮੀਨ 'ਤੇ ਹੈ। ਉਹ ਪਿੰਡ ਦਾ ਸਰਪੰਚ ਹੋਣ ਦਾ ਕਥਿਤ ਫਾਇਦਾ ਉਠਾਉਂਦਿਆਂ ਸਾਡਾ ਹੱਕ ਮਾਰਨਾ ਚਾਹੁੰਦਾ ਹੈ।


shivani attri

Content Editor

Related News