ਦਲਿਤ ਸੰਗਠਨਾਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਸੰਤੋਖ ਚੌਧਰੀ ਦਾ ਕੀਤਾ ਵਿਰੋਧ (ਵੀਡੀਓ)

04/15/2019 6:11:40 PM

ਜਲੰਧਰ (ਚੋਪੜਾ)— ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੀ ਜਯੰਤੀ ਮੌਕੇ ਸਥਾਨਕ ਡਾ. ਅੰਬੇਡਕਰ ਚੌਕ ਵਿਚ ਸਥਾਪਿਤ ਉਨ੍ਹਾਂ ਦੇ ਬੁੱਤ ਕੋਲ ਦਲਿਤ ਸੰਗਠਨਾਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਸੰਸਦ ਮੈਂਬਰ ਅਤੇ ਲੋਕ ਸਭਾ ਚੋਣਾਂ ਵਿਚ ਕਾਂਗਰਸੀ ਉਮੀਦਵਾਰ ਸੰਤੋਖ ਚੌਧਰੀ ਦਾ ਜ਼ੋਰਦਾਰ ਵਿਰੋਧ ਕੀਤਾ। ਇਸ ਦੌਰਾਨ ਦਲਿਤ ਆਗੂਆਂ ਦੀਪਕ ਤੇਲੂ, ਪਰਸ਼ੋਤਮ ਸੋਂਧੀ, ਭਜਨ ਲਾਲ ਚੋਪੜਾ, ਸੁਸ਼ੀਲ ਸੋਂਧੀ ਤੇ ਉਨ੍ਹਾਂ ਦੇ ਸਮਰਥਕ ਡਾ. ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਪਹੁੰਚੇ। ਇਸ ਦੌਰਾਨ ਸੰਸਦ ਮੈਂਬਰ ਚੌਧਰੀ ਨੂੰ ਕਾਲੀਆਂ ਝੰਡੀਆਂ ਵੀ ਦਿਖਾਈਆਂ ਗਈਆਂ, ਜਿਸ ਤੋਂ ਬਾਅਦ ਚੌਧਰੀ ਆਪਣੇ ਸਮਰਥਕਾਂ ਨਾਲ ਡਾ. ਅੰਬੇਡਕਰ ਦੀ ਫੋਟੋ 'ਤੇ ਫੁੱਲਾਂ ਦੀ ਮਾਲਾ ਪੁਆਉਣ ਪਹੁੰਚੇ।

PunjabKesari
ਦੀਪਕ ਤੇਲੂ, ਪੁਰਸ਼ੋਤਮ ਸੋਂਧੀ ਤੇ ਹੋਰਨਾਂ ਨੇ ਕਿਹਾ ਕਿ ਸਾਲ 1952 ਵਿਚ ਜਦੋਂ ਡਾ. ਅੰਬੇਡਕਰ ਬੂਟਾ ਮੰਡੀ ਆਏ ਸਨ ਤਾਂ ਸੰਤੋਖ ਚੌਧਰੀ ਦੇ ਪਿਤਾ ਸਵ. ਮਾਸਟਰ ਗੁਰਬੰਤਾ ਸਿੰਘ ਨੇ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਸਨ। ਡਾ. ਅੰਬੇਡਕਰ ਦੇ ਚੋਣ ਹਾਰਨ 'ਤੇ ਉਸ ਸਮੇਂ ਚੌਧਰੀ ਪਰਿਵਾਰ ਨੇ ਲੱਡੂ ਵੀ ਵੰਡੇ ਸਨ। ਦੀਪਕ ਤੇਲੂ ਨੇ ਕਿਹਾ ਕਿ ਅੱਜ ਚੌਧਰੀ ਪਰਿਵਾਰ ਖੁਦ ਨੂੰ ਡਾ. ਅੰਬੇਡਕਰ ਦਾ ਪੈਰੋਕਾਰ ਕਹਿ ਕੇ ਦਲਿਤਾਂ ਤੋਂ ਵੋਟਾਂ ਮੰਗ ਰਿਹਾ ਹੈ ਪਰ ਚੌਧਰੀ ਪਰਿਵਾਰ ਡਾ. ਅੰਬੇਡਕਰ ਦੀ ਵਿਚਾਰਧਾਰਾ ਦੇ ਉਲਟ ਦਲਿਤਾਂ ਦੇ ਵਿਰੋਧ 'ਚ ਕੰਮ ਕਰ ਰਿਹਾ ਹੈ, ਇਸ ਕਾਰਨ ਚੌਧਰੀ ਪਰਿਵਾਰ ਨੂੰ ਕੋਈ ਹੱਕ ਨਹੀਂ ਕਿ ਉਹ ਡਾ. ਅੰਬੇਡਕਰ ਦੇ ਬੁੱਤ ਨੂੰ ਫੁੱਲਾਂ ਦੀ ਮਾਲਾ ਪਾ ਸਕੇ।
ਚੌਧਰੀ ਸੰਤੋਖ ਸਿੰਘ ਦੇ ਬੁੱਤ ਕੋਲ ਪਹੁੰਚਦਿਆਂ ਹੀ ਦਲਿਤ ਸੰਗਠਨਾਂ ਨੇ ਚੌਧਰੀ ਮੁਰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਚੌਧਰੀ ਸਮਰਥਕਾਂ ਤੇ ਕਾਂਗਰਸੀ ਆਗੂਆਂ ਨੇ ਨਾਅਰੇਬਾਜ਼ੀ ਕਰਦੇ ਹੋਏ ਸੰਸਦ ਮੈਂਬਰ ਚੌਧਰੀ ਜ਼ਿੰਦਾਬਾਦ ਦੀ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਬਲਦੇਵ ਸਿੰਘ ਦੇਵ, ਵਿਧਾਇਕ ਰਾਜਿੰਦਰ ਬੇਰੀ, ਮੇਅਰ ਜਗਦੀਸ਼ ਰਾਜਾ, ਸੂਬਾ ਕਾਂਗਰਸ ਦੀ ਬੁਲਾਰਨ ਡਾ. ਜਸਲੀਨ ਸੇਠੀ, ਜ਼ਿਲਾ ਕਾਂਗਰਸ ਐੱਸ. ਸੀ. ਸੈੱਲ ਦੇ ਚੇਅਰਮੈਨ ਤੇ ਕੌਂਸਲਰ ਪਵਨ ਕੁਮਾਰ, ਸੀਨੀਅਰ ਕਾਂਗਰਸੀ ਆਗੂ ਬੱਬੂ ਨੀਲਕੰਠ, ਯਸ਼ਪਾਲ ਸਫਰੀ ਤੇ ਹੋਰ ਵੀ ਮੌਜੂਦ ਸਨ।


shivani attri

Content Editor

Related News