ਜਾਮ ਦੇ ਜੰਜਾਲ ’ਚ ਜਲੰਧਰ, ਬਾਰਿਸ਼ ਮਗਰੋਂ ਟ੍ਰੈਫਿਕ ਦੇ ਸੈਲਾਬ ’ਚ ਫਸੇ ਲੱਖਾਂ ਲੋਕ, ਲੱਗਾ ਰਿਹਾ ਘੰਟਿਆਂਬੱਧੀ ਜਾਮ

Saturday, Nov 11, 2023 - 12:20 PM (IST)

ਜਲੰਧਰ (ਵਰੁਣ)–ਜਲੰਧਰ ਸ਼ਹਿਰ ਵੀਰਵਾਰ ਸਵੇਰ ਤੋਂ ਲੈ ਕੇ ਰਾਤ ਤਕ ਟ੍ਰੈਫਿਕ ਜਾਮ ਦੇ ਜੰਜਾਲ ਵਿਚ ਫਸਿਆ ਰਿਹਾ। ਬਾਰਿਸ਼ ਮਗਰੋਂ ਜਿਉਂ ਹੀ ਲੋਕ ਖ਼ਰੀਦਦਾਰੀ ਕਰਨ ਜਾਂ ਫਿਰ ਆਪਣੇ-ਆਪਣੇ ਕੰਮਾਂ ’ਤੇ ਜਾਣ ਲਈ ਸੜਕ ’ਤੇ ਉਤਰੇ ਤਾਂ ਲੱਖਾਂ ਲੋਕ ਟ੍ਰੈਫਿਕ ਦੇ ਸੈਲਾਬ ਵਿਚ ਫਸ ਗਏ। ਸ਼ਹਿਰ ਦੇ ਵਧੇਰੇ ਚੌਕ ਟ੍ਰੈਫਿਕ ਜਾਮ ਤੋਂ ਪੀੜਤ ਦਿਸੇ ਅਤੇ 2-2 ਘੰਟੇ ਲੋਕ ਜਾਮ ਵਿਚੋਂ ਨਿਕਲਣ ਲਈ ਰਸਤਾ ਦੇਖਦੇ ਰਹੇ। ਟ੍ਰੈਫਿਕ ਪੁਲਸ ਦੀ ਗੱਲ ਕਰੀਏ ਤਾਂ ਨਫਰੀ ਘੱਟ ਹੋਣ ਕਾਰਨ ਟ੍ਰੈਫਿਕ ਪੁਲਸ ਵੀ ਸ਼ਹਿਰ ਦੇ ਲੋਕਾਂ ਨੂੰ ਜਾਮ ਵਿਚੋਂ ਕੱਢਣ ਵਿਚ ਅਸਫਲ ਰਹੀ। ਸਭ ਤੋਂ ਬੁਰਾ ਹਾਲ ਸ਼੍ਰੀ ਰਾਮ ਚੌਕ ਤੋਂ ਲੈ ਕੇ ਬਸਤੀ ਅੱਡਾ ਚੌਕ ਰੋਡ, ਗੁਰੂ ਨਾਨਕ ਮਿਸ਼ਨ ਚੌਕ ਤੋਂ ਕਪੂਰਥਲਾ ਚੌਕ, ਕੈਂਟ ਰੋਡ, ਪੀ. ਪੀ. ਆਰ. ਮਾਰਕੀਟ ਮੋੜ, ਚੀਮਾ ਚੌਕ, ਸੰਘਾ ਚੌਕ, ਮਿੱਠਾਪੁਰ ਰੋਡ, ਸ਼ਹੀਦ ਭਗਤ ਸਿੰਘ ਚੌਕ ਤੋਂ ਲੈ ਕੇ ਅੱਡਾ ਹੁਸ਼ਿਆਰਪੁਰ ਚੌਕ, ਮਾਈ ਹੀਰਾਂ ਗੇਟ, ਬਸਤੀਆਂ ਇਲਾਕਾ, ਮਾਡਲ ਟਾਊਨ ਰੋਡ, ਮਾਡਲ ਟਾਊਨ ਮਾਰਕੀਟ ਆਦਿ ਸੜਕਾਂ ਦਾ ਸੀ, ਜਿਥੇ ਵਾਹਨ ਰੀਂਗਦੇ ਹੋਏ ਚੱਲਦੇ ਦੇਖੇ ਗਏ।

ਇਹ ਵੀ ਪੜ੍ਹੋ: ਜਲੰਧਰ ਵਿਖੇ ਦੀਵਾਲੀ ਦੇ ਮੱਦੇਨਜ਼ਰ ਮੈਡੀਕਲ ਸੁਪਰਡੈਂਟ ਡਾਕਟਰਾਂ ਨੂੰ ਜਾਰੀ ਕੀਤੇ ਨਵੇਂ ਹੁਕਮ

PunjabKesari

ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਟ੍ਰੈਫਿਕ ਪੁਲਸ ਫੀਲਡ ਵਿਚ ਸੀ ਪਰ ਜਾਮ ਨੂੰ ਖੁੱਲ੍ਹਵਾਉਣ ਵਿਚ ਅਸਫਲ ਰਹੀ। ਲੋਕਾਂ ਨੂੰ ਕਈ ਘੰਟੇ ਜਾਮ ਵਿਚ ਫਸੇ ਰਹਿਣਾ ਪਿਆ। ਕਈ ਥਾਵਾਂ ’ਤੇ ਵਾਹਨਾਂ ਨੂੰ ਲੈ ਕੇ ਲੋਕ ਆਪਸ ਵਿਚ ਉਲਝਦੇ ਵੀ ਦਿਖਾਈ ਦਿੱਤੇ। ਹਾਲਾਤ ਇਹ ਸਨ ਕਿ ਜਾਮ ਵਿਚ ਫਸੇ ਲੋਕਾਂ ਨੂੰ 2 ਤੋਂ 3 ਘੰਟੇ ਜਾਮ ਵਿਚ ਹੀ ਫਸੇ ਰਹਿਣਾ ਪਿਆ। ਡਾ. ਬੀ. ਆਰ. ਅੰਬੇਡਕਰ ਚੌਂਕ ਦੀ ਗੱਲ ਕਰੀਏ ਤਾਂ ਚੌਕ ਵਿਚੋਂ ਨਿਕਲਣ ਲਈ ਹੀ ਲੋਕਾਂ ਨੂੰ ਡੇਢ ਘੰਟੇ ਦਾ ਸਮਾਂ ਲੱਗਾ। ਟ੍ਰੈਫਿਕ ਪੁਲਸ ਦੀ ਗੱਲ ਕਰੀਏ ਤਾਂ ਪੁਲਸ ਦਾ ਮੰਨਣਾ ਹੈ ਕਿ ਟੁੱਟੀਆਂ ਸੜਕਾਂ, ਨਾਜਾਇਜ਼ ਕਬਜ਼ੇ, ਗਲਤ ਢੰਗ ਨਾਲ ਵਿਛਾਈ ਯੈਲੋ ਲਾਈਨਸ ਅਤੇ ਨਾਜਾਇਜ਼ ਕੱਟ ਹੀ ਜਾਮ ਦਾ ਕਾਰਨ ਬਣਦੇ ਹਨ।

ਏ. ਡੀ. ਸੀ. ਪੀ. ਟ੍ਰੈਫਿਕ ਕੰਵਲਪ੍ਰੀਤ ਸਿੰਘ ਚਾਹਲ ਨੇ ਕਿਹਾ ਕਿ ਵੀਰਵਾਰ ਨੂੰ ਉਹ ਖ਼ੁਦ ਫੀਲਡ ਵਿਚ ਸਨ। ਕਈ ਥਾਵਾਂ ’ਤੇ ਉਹ ਖੁਦ ਜਾਮ ਨੂੰ ਖੁਲ੍ਹਵਾਉਂਦੇ ਰਹੇ ਪਰ ਕਈ ਥਾਵਾਂ ’ਤੇ ਅਜਿਹਾ ਵੀ ਵੇਖਿਆ ਗਿਆ ਕਿ ਲੋਕ ਗਲਤ ਦਿਸ਼ਾ ਤੋਂ ਆ ਰਹੇ ਸਨ, ਜਿਸ ਕਾਰਨ ਜਾਮ ਲੱਗਿਆ ਹੋਇਆ ਸੀ। ਇਸ ਤੋਂ ਇਲਾਵਾ ਗਲਤ ਢੰਗ ਨਾਲ ਪਾਰਕ ਕੀਤੇ ਵਾਹਨ ਅਤੇ ਟੁੱਟੀਆਂ ਸੜਕਾਂ ’ਤੇ ਟੋਇਆਂ ਵਿਚ ਭਰੇ ਪਾਣੀ ਕਾਰਨ ਟ੍ਰੈਫਿਕ ਹੌਲੀ-ਹੌਲੀ ਚੱਲਿਆ, ਜਿਸ ਕਾਰਨ ਜਾਮ ਲੱਗਿਆ ਰਿਹਾ। ਉਨ੍ਹਾਂ ਕਿਹਾ ਕਿ ਸਾਰੀ ਟ੍ਰੈਫਿਕ ਪੁਲਸ ਅਤੇ ਪੀ. ਸੀ. ਆਰ. ਟੀਮਾਂ ਵੀਰਵਾਰ ਨੂੰ ਜਾਮ ਖੁਲ੍ਹਵਾਉਣ ਵਿਚ ਜੁਟੀਆਂ ਰਹੀਆਂ ਪਰ ਸ਼ਹਿਰ ਦਾ ਟ੍ਰੈਫਿਕ ਇੰਨਾ ਵਧ ਚੁੱਕਾ ਹੈ ਕਿ ਅਚਾਨਕ ਹੀ ਜਾਮ ਲੱਗ ਗਿਆ।

ਇਹ ਵੀ ਪੜ੍ਹੋ:  ਜਲੰਧਰ ਛਾਉਣੀ ਦੀ ਆਜ਼ਾਦ ਸਬਜ਼ੀ ਮੰਡੀ ਨੇੜੇ ਲੱਗੀ ਭਿਆਨਕ ਅੱਗ, ਪਈਆਂ ਭਾਜੜਾਂ

PunjabKesari

ਟ੍ਰੈਫਿਕ ਪੁਲਸ ਚਲਾਨ ਕੱਟਣ ਦੀ ਥਾਂ ਟ੍ਰੈਫਿਕ ਨੂੰ ਕੰਟਰੋਲ ਕਰਨ ’ਤੇ ਦੇਵੇ ਧਿਆਨ : ਸੁਦੇਸ਼ ਵਿਜ
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੁਦੇਸ਼ ਵਿਜ ਨੇ ਕਿਹਾ ਕਿ ਜਾਮ ਤੋਂ ਸ਼ਹਿਰ ਦੇ ਲੋਕ ਪੀੜਤ ਹਨ। ਪੁਲਸ ਚਲਾਨ ਕੱਟਣ ਤੋਂ ਧਿਆਨ ਹਟਾ ਕੇ ਟ੍ਰੈਫਿਕ ਨੂੰ ਕੰਟਰੋਲ ਕਰਨ ’ਤੇ ਧਿਆਨ ਦੇਵੇ। ਉਨ੍ਹਾਂ ਕਿਹਾ ਕਿ ਸ਼ਾਮ 6 ਤੋਂ ਲੈ ਕੇ 9 ਵਜੇ ਤਕ ਕੈਂਟ ਰੋਡ ਚੌਰਾਹੇ, ਸੰਘਾ ਚੌਕ, ਮਿੱਠਾਪੁਰ ਰੋਡ, ਚੀਮਾ ਚੌਕ ਆਦਿ ਇਲਾਕਿਆਂ ਵਿਚ ਭਿਆਨਕ ਜਾਮ ਲੱਗਾ ਰਹਿੰਦਾ ਹੈ। ਇਥੇ ਸੜਕਾਂ ਦੀ ਚੌੜਾਈ ਘੱਟ ਹੈ ਪਰ ਟ੍ਰੈਫਿਕ ਪੁਲਸ ਜਾਮ ਤੋਂ ਮੁਕਤੀ ਦਿਵਾਉਣ ਲਈ ਕੋਈ ਕਰਮਚਾਰੀ ਵੀ ਤਾਇਨਾਤ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਮਿੱਠਾਪੁਰ ਰੋਡ ’ਤੇ ਲਗਭਗ 30 ਕਾਲੋਨੀਆਂ ਹਨ, ਜਿਨ੍ਹਾਂ ਵਿਚ ਰਹਿਣ ਵਾਲੇ ਲੋਕਾਂ ’ਤੇ ਟ੍ਰੈਫਿਕ ਜਾਮ ਦਾ ਸਿੱਧਾ ਅਸਰ ਪੈਂਦਾ ਹੈ। ਇਲਾਕੇ ਦੇ ਦੁਕਾਨਦਾਰ ਵੀ ਪ੍ਰੇਸ਼ਾਨ ਹਨ, ਜਿਨ੍ਹਾਂ ਦੇ ਗਾਹਕਾਂ ਨੂੰ ਵਾਹਨ ਖੜ੍ਹਾ ਕਰਨ ਦਾ ਸਮਾਂ ਨਹੀਂ ਮਿਲਦਾ।
ਵਿਜ ਨੇ ਕਿਹਾ ਕਿ ਪੀ. ਪੀ. ਆਰ. ਮਾਰਕੀਟ ਮੋੜ ’ਤੇ ਇੰਨਾ ਬੁਰਾ ਹਾਲ ਹੈ ਕਿ ਲੋਕ ਗਲਤ ਦਿਸ਼ਾ ਤੋਂ ਆ ਜਾਂਦੇ ਹਨ ਅਤੇ ਜਾਮ ਦਾ ਕਾਰਨ ਬਣਦੇ ਹਨ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਚੀਮਾ ਚੌਕ, ਕੈਂਟ ਰੋਡ ਚੌਰਾਹਾ ਆਦਿ ’ਤੇ ਟ੍ਰੈਫਿਕ ਮੁਲਜ਼ਮਾਂ ਨੂੰ 2-2 ਘੰਟੇ ਲਈ ਹੀ ਤਾਇਨਾਤ ਕਰ ਦਿੱਤਾ ਜਾਵੇ ਤਾਂ ਜਾਮ ਲੱਗਣ ਤੋਂ ਰੁਕ ਜਾਵੇਗਾ। ਜੇਕਰ ਟ੍ਰੈਫਿਕ ਪੁਲਸ ਕੋਲ ਨਫਰੀ ਘੱਟ ਹੈ ਤਾਂ ਪੀ. ਸੀ. ਆਰ. ਦੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ ਜਾਣ ਤਾਂ ਕਿ ਲੋਕਾਂ ਨੂੰ ਜਾਮ ਤੋਂ ਰਾਹਤ ਮਿਲ ਸਕੇ।

ਇਹ ਵੀ ਪੜ੍ਹੋ: ਦੀਵਾਲੀ ਮੌਕੇ ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਕੈਨੇਡਾ ਵਿਖੇ ਭੁਲੱਥ ਦੇ ਨੌਜਵਾਨ ਦੀ ਦਰਦਨਾਕ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711


shivani attri

Content Editor

Related News