ਸ਼ਹਿਰ ’ਚ ਟ੍ਰੈਫਿਕ ਜਾਮਾਂ ਕਾਰਨ ਲੋਕ ਪਰੇਸ਼ਾਨ

11/13/2018 4:00:34 AM

ਕਪੂਰਥਲਾ,  (ਗੌਰਵ)-  ਕਪੂਰਥਲਾ ਸ਼ਹਿਰ ’ਚ ਟ੍ਰੈਫਿਕ ਵਿਵਸਥਾ ਬੁਰੀ ਤਰ੍ਹਾਂ ਚਰਮਰਾ ਚੁੱਕੀ ਹੈ। ਜਿਸਦੇ ਨਤੀਜੇ ਵਜੋਂ ਸ਼ਹਿਰ ਦੇ ਵੱਖ-ਵੱਖ ਥਾਵਾਂ ’ਤੇ ਸਾਰਾ ਦਿਨ ਵੱਡੇ-ਵੱਡੇ ਟ੍ਰੈਫਿਕ ਜਾਮ ਦੇਖਣ ਨੂੰ ਮਿਲਦੇ ਹਨ। ਜਿਸ ਕਾਰਨ ਕਪੂਰਥਲਾ ਸ਼ਹਿਰ ’ਚ ਆਉਣ ਜਾਣ ਵਾਲੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਨੋ ਐਂਟਰੀ ਜ਼ੋਨ ਖੇਤਰਾਂ ਦੀ ਗੱਲ ਕਰੀਏ ਤਾਂ ਉੱਥੇ ਵੀ ਟ੍ਰੈਫਿਕ ਪੁਲਸ ਦਾ ਕੋਈ ਕੰਟਰੋਲ ਨਾ ਹੋਣ ਕਾਰਨ ਨੋ ਐਂਟਰੀ ਜ਼ੋਨ ’ਚ ਵੀ ਵੱਡੀ ਗਿਣਤੀ ’ਚ ਬੇਤਰਤੀਬੇ ਵੱਡੇ ਛੋਟੇ ਵਾਹਨ ਬੇਰੋਕ ਟੋਕ ਪਾਰਕਿੰਗ ਕੀਤੇ ਦੇਖੇ ਜਾ ਸਕਦੇ ਹਨ। ਇਸ ਤਰ੍ਹਾਂ ਦਾ ਹੀ ਨਜ਼ਾਰਾ ਸਥਾਨਕ ਪੰਜ ਮੰਦਰ ਦੇ ਬਾਹਰ ਰੋਜ਼ਾਨਾ ਦੇਖਣ ਨੂੰ ਮਿਲ ਰਿਹਾ ਹੈ। ਇਹ ਥਾਂ ਟ੍ਰੈਫਿਕ ਪੁਲਸ ਪ੍ਰਸ਼ਾਸਨ ਵੱਲੋਂ ਦਿਨ ਦੇ ਸਮੇਂ ਗੱਡੀਆਂ ਦੀ ਪਾਰਕਿੰਗ ਲਈ ਨੋ ਐਂਟਰੀ ਜ਼ੋਨ ਹੈ ਪ੍ਰੰਤੂ ਇਥੇ ਸਡ਼ਕ ’ਤੇ ਹੀ ਵਾਹਨ ਚਾਲਕਾਂ ਵੱਲੋਂ ਵੱਡੀ ਗਿਣਤੀ ’ਚ ਬੇਰੋਕ ਟੋਕ ਵਾਹਨ ਪਾਰਕ ਕੀਤੇ ਜਾ ਰਹੇ ਹਨ, ਜਿਸ ਕਾਰਨ ਸਾਰਾ ਦਿਨ ਇਸ ਰੋਡ ’ਤੇ ਵੱਡੇ-ਵੱਡੇ ਟ੍ਰੈਫਿਕ ਜਾਮ ਦੇਖਣ ਨੂੰ ਮਿਲਦੇ ਹਨ। ਇਸ ਤੋਂ ਇਲਾਵਾ ਬੱਸ ਸਟੈਂਡ ਖੇਤਰ ਦੇ ਬਾਹਰ ਬੱਸਾਂ ਸਵਾਰੀਆਂ ਨੂੰ ਚਡ਼੍ਹਾਉਣ ਤੇ ਉਤਾਰਨ ਦਾ ਕੰਮ ਸਡ਼ਕ ’ਤੇ ਹੀ ਕਰ ਰਹੀਆਂ ਹਨ, ਜਿਸ ਕਾਰਨ ਬੱਸ ਸਟੈਂਡ ਦੇ ਬਾਹਰ ਅਕਸਰ ਵੱਡੇ-ਵੱਡੇ ਜਾਮ ਦੇਖਣ ਨੂੰ ਮਿਲਦੇ ਹਨ। ਇਸ ਤੋਂ ਇਲਾਵਾ ਸੱਤ ਨਾਰਾਇਣ ਬਾਜ਼ਾਰ ਚੌਕ, ਅੰਮ੍ਰਿਤਸਰ ਰੋਡ, ਸਦਰ ਬਾਜ਼ਾਰ, ਪੁਰਾਣੀ ਸਬਜ਼ੀ ਮੰਡੀ, ਕਚਹਿਰੀ ਚੌਕ, ਸ਼ਹੀਦ ਭਗਤ ਸਿੰਘ ਚੌਕ, ਸਰਾਫਾ ਬਾਜ਼ਾਰ, ਸ਼ਾਸਤਰੀ ਮਾਰਕੀਟ ਆਦਿ ਥਾਵਾਂ ’ਤੇ ਟ੍ਰੈਫਿਕ ਪ੍ਰਬੰਧਾਂ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਅਕਸਰ ਜਾਮ ਲੱਗੇ ਰਹਿੰਦੇ ਹਨ। ਜਿਸ ਕਾਰਨ ਆਮ ਸ਼ਹਿਰ ਨਿਵਾਸੀਆਂ ਨੂੰ ਮਿੱਥੀ ਮੰਜ਼ਿਲ ’ਤੇ ਜਾਣ ਲਈ ਬਡ਼ੀ ਮੁਸ਼ਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਹਿਰ ਨਿਵਾਸੀਆਂ ਨੇ ਟ੍ਰੈਫਿਕ ਪੁਲਸ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸ਼ਹਿਰ ’ਚ ਟ੍ਰੈਫਿਕ ਪ੍ਰਬੰਧਾਂ ਦਾ ਪ੍ਰਬੰਧ ਦਰੁਸਤ ਕੀਤਾ ਜਾਵੇ ਤੇ ਨੋ ਐਂਟਰੀ ਜ਼ੋਨ ਤੇ ਬੱਸ ਸਟੈਂਡ ਵਰਗੀਆਂ ਥਾਵਾਂ ’ਤੇ ਟ੍ਰੈਫਿਕ ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਯਕੀਨੀ ਬਣਾ ਕੇ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਨੂੰ ਤੋਡ਼ਨ ਦੀ ਇਜਾਜ਼ਤ ਨਾ ਦਿੱਤੀ ਜਾਵੇ। 


Related News