ਬਿਨਾਂ ਪਟਵਾਰੀ ਦੀ ਰਿਪੋਰਟ ਦੇ ਨਹੀਂ ਹੋਵੇਗੀ ਲਾਲ ਲਕੀਰ ਦੀ ਰਜਿਸਟਰੀ : ਸਿੱਧੂ

01/24/2019 1:31:35 PM

ਜਲੰਧਰ (ਅਮਿਤ)— ਜੇਕਰ ਤੁਹਾਡਾ ਮਕਾਨ ਜਾਂ ਪਲਾਟ ਲਾਲ ਲਕੀਰ ਦੇ ਅੰਦਰ ਆਉਂਦਾ ਹੈ ਅਤੇ ਤੁਸੀਂ ਉਸ ਦੀ ਰਜਿਸਟਰੀ ਕਰਵਾਉਣਾ ਚਾਹੁੰਦੇ ਹੋ ਤਾਂ ਇਸ ਗੱਲ ਨੂੰ  ਨਿਸ਼ਚਿਤ ਕਰ ਲਓ ਕਿ ਹਲਕਾ ਪਟਵਾਰੀ ਦੀ ਰਿਪੋਰਟ ਤੁਹਾਡੀ ਰਜਿਸਟਰੀ ਅਰਜ਼ੀ ਦੇ ਨਾਲ ਲੱਗੀ ਹੋਵੇ, ਨਹੀਂ ਤਾਂ ਤੁਹਾਡੀ ਰਜਿਸਟਰੀ ਨਹੀਂ ਹੋ ਸਕੇਗੀ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਸਬ-ਰਜਿਸਟਰਾਰ-1 ਤੇ -2 ਮਨਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਕਈ ਵਸੀਕਾ ਨਵੀਸ ਅਤੇ ਵਕੀਲ ਮਾਲੀਆ ਰਿਕਾਰਡ ਦੀ ਅਣਦੇਖੀ ਕਰਦੇ ਹੋਏ ਵਸੀਕੇ 'ਚ ਦਰਜ ਰਕਬਾ ਲਾਲ ਲਕੀਰ ਦੇ ਅੰਦਰ ਲਿਖ ਦਿੰਦੇ ਹਨ ਅਤੇ ਵਸੀਕਾ ਰਜਿਸਟਰਡ ਕਰਨ ਲਈ ਭੇਜ ਦਿੰਦੇ ਹਨ, ਜਿਸ ਨਾਲ ਸਬੰਧਤ ਪਾਰਟੀਆਂ ਪ੍ਰੇਸ਼ਾਨ ਹੁੰਦੀਆਂ ਹਨ। ਇਸ ਲਈ ਸਮੂਹ ਵਸੀਕਾ ਨਵੀਸਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਕਿ ਲਾਲ ਲਕੀਰ  ਅੰਦਰ ਪੈਣ ਵਾਲੇ ਰਕਬੇ ਦਾ ਵਸੀਕਾ ਲਿਖਣ ਤੋਂ ਪਹਿਲਾਂ ਹਲਕਾ ਪਟਵਾਰੀ ਦੀ ਰਿਪੋਰਟ ਲਈ ਜਾਵੇ। ਜਿਸ ਤੋਂ ਪਤਾ ਲੱਗੇ ਕਿ ਵਸੀਕੇ 'ਚ ਦਰਜ ਰਕਬਾ ਵਾਕਈ ਲਾਲ ਲਕੀਰ 'ਚ ਹੀ ਆਉਂਦਾ ਹੈ। ਬਿਨਾਂ ਪਟਵਾਰੀ ਦੀ ਰਿਪੋਰਟ ਦੇ ਲਾਲ ਲਕੀਰ ਵਾਲਾ ਵਸੀਕਾ ਰਜਿਸਟਰਡ ਨਹੀਂ ਕੀਤਾ ਜਾਵੇਗਾ।


Shyna

Content Editor

Related News