ਨਾਬਾਲਗ ਲੜਕੇ ਦਾ ਪਾਸਪੋਰਟ ਬਣਾਉਣ ਲਈ ਮਾਂ ਨੇ ਤਿਆਰ ਕੀਤੇ ਨਕਲੀ ਦਸਤਾਵੇਜ਼, ਕੇਸ ਦਰਜ
Sunday, Jul 21, 2019 - 04:34 PM (IST)

ਜਲੰਧਰ (ਕਮਲੇਸ਼)— ਝੂਠ ਬੋਲ ਕੇ ਨਾਬਾਲਗ ਲੜਕੇ ਦਾ ਪਾਸਪੋਰਟ ਬਣਾਉਣ ਵਾਲੀ ਔਰਤ ਖਿਲਾਫ ਥਾਣਾ ਬਾਰਾਂਦਰੀ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਦੋਸ਼ੀ ਔਰਤ ਦੀ ਪਛਾਣ ਰਿਵਿਆ ਮੋਗਾ ਵਾਸੀ ਛੋਟੀ ਬਾਰਾਂਦਰੀ ਪਾਰਟ-2 ਵਜੋਂ ਹੋਈ ਹੈ। ਔਰਤ ਨੇ ਲੜਕੇ ਦਾ ਪਾਸਪੋਰਟ ਬਣਵਾਉਣ ਲਈ ਦਿੱਤੇ ਦਸਤਾਵੇਜ਼ 'ਚ ਦੱਸਿਆ ਕਿ ਉਸ ਦਾ ਪਤੀ ਅਤੇ ਨਾਬਾਲਗ ਦਾ ਪਿਤਾ ਕੈਨੇਡਾ ਜਾ ਚੁੱਕਾ ਹੈ, ਇਸ ਲਈ ਉਹ ਹਾਜ਼ਰ ਨਹੀਂ ਹੋ ਸਕਦਾ।ਥਾਣਾ ਮੁਖੀ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਛੋਟੀ ਬਾਰਾਂਦਰੀ ਪਾਰਟ-2 ਵਾਸੀ ਸਚਿਨ ਮੋਂਗਾ ਨੇ ਦੋਸ਼ ਲਗਾਇਆ ਸੀ ਕਿ ਵਿਆਹ ਤੋਂ ਬਾਅਦ ਉਸ ਦਾ ਆਪਣੀ ਪਤਨੀ ਨਾਲ ਝਗੜਾ ਸ਼ੁਰੂ ਹੋ ਗਿਆ ਸੀ।
ਪਤਨੀ ਨੇ ਉਸ 'ਤੇ ਦਾਜ ਮੰਗਣ ਦੇ ਝੂਠੇ ਦੋਸ਼ ਲਾਏ ਸੀ। ਇਸੇ ਕਾਰਨ ਕੁਝ ਸਾਲ ਪਹਿਲਾਂ ਉਹ ਵੱਖ ਰਹਿਣ ਲੱਗੀ ਸੀ। ਦੋਵਾਂ ਦਾ ਇਕ ਲੜਕਾ ਹੈ, ਜੋ ਰਿਵਿਆ ਨਾਲ ਰਹਿੰਦਾ ਹੈ। ਉਸ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਨੇ ਲੜਕੇ ਨੂੰ ਕੈਨੇਡਾ ਲਿਜਾਣ ਲਈ ਪਾਸਪੋਰਟ ਅਪਲਾਈ ਕੀਤਾ ਹੋਇਆ ਹੈ ਪਰ ਉਸ ਦੀ ਪਤਨੀ ਨੇ ਜਾਅਲੀ ਦਸਤਾਵੇਜ਼ ਬਣਵਾ ਕੇ ਇਹ ਸ਼ੋਅ ਕੀਤਾ ਕਿ ਉਹ ਕੈਨੇਡਾ 'ਚ ਹੈ। ਸਚਿਨ ਨੇ ਦੋਸ਼ ਲਗਾਏ ਕਿ ਇਸ ਸਬੰਧੀ ਉਸ ਨੇ ਪਾਸਪੋਰਟ ਆਫਿਸ ਨੂੰ ਵੀ ਸੂਚਿਤ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਮਾਮਲੇ ਦੀ ਜਾਂਚ ਕਰਕੇ ਉਸ ਦੇ ਨਾਬਾਲਗ ਬੇਟੇ ਦੇ ਪਾਸਪੋਰਟ ਨੂੰ ਰੋਕ ਕਰ ਲਿਆ। ਪੁਲਸ ਨੇ ਰਿਵਿਆ ਖਿਲਾਫ ਧੋਖਾਦੇਹੀ ਦਾ ਕੇਸ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।