ਝੋਨੇ ਦੀ ਜਗ੍ਹਾ ਕੀਤੀ ਜਾਵੇ ਗੋਭੀ ਦੀ ਕਾਸ਼ਤ

07/29/2019 3:04:26 PM

ਜਲੰਧਰ (ਜੁਗਿੰਦਰ ਸੰਧੂ)—ਪਾਣੀ, ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਅੰਨ੍ਹੇਵਾਹ ਵਰਤੋਂ 'ਚ ਉਲਝ ਕੇ ਘਾਟੇ ਦਾ ਵਣਜ ਕਰ ਰਹੇ ਕਿਸਾਨਾਂ ਲਈ 'ਫਗਵਾੜਾ ਤਕਨੀਕ' ਨਾਲ ਕੀਤੀ ਫਸਲਾਂ ਦੀ ਕਾਸ਼ਤ ਚਮਤਕਾਰ ਅਤੇ ਵੱਡੇ ਮੁਨਾਫੇ ਵਾਲੀ ਸਾਬਤ ਹੋ ਸਕਦੀ ਹੈ। ਇਸ ਤਕਨੀਕ ਰਾਹੀਂ ਝੋਨੇ ਦੀ ਜਗ੍ਹਾ ਗੋਭੀ ਅਤੇ ਹੋਰ ਫਸਲਾਂ ਦੀ ਬੀਜਾਈ ਕਰਨ 'ਤੇ ਜਿੱਥੇ ਕਿਸਾਨਾਂ ਨੂੰ ਵੱਡਾ ਮੁਨਾਫਾ ਹੋ ਸਕਦਾ ਹੈ, ਉੱਥੇ ਲਾਗਤ ਵੀ ਬਹੁਤ ਘੱਟ ਹੋਵੇਗੀ ਅਤੇ ਪਾਣੀ ਦੀ ਵਰਤੋਂ ਵੀ ਨਾਮਾਤਰ ਹੀ ਕਰਨੀ ਪਵੇਗੀ।

ਇਸ ਤਕਨੀਕ ਦੇ ਮੋਢੀ ਸ. ਅਵਤਾਰ ਸਿੰਘ ਫਗਵਾੜਾ ਅਤੇ ਡਾ. ਚਮਨ ਲਾਲ ਵਸ਼ਿਸ਼ਟ ਨੇ ਦੱਸਿਆ ਕਿ ਕਣਕ ਦੀ ਕਟਾਈ ਪਿਛੋਂ ਜ਼ਮੀਨ 'ਚ4-4 ਫੁੱਟ ਦੇ ਬੈਂਡ ਬਣਾ ਕੇ ਜੁਲਾਈ ਦੇ ਅੱਧ 'ਚ ਬੈਂਡ ਦੇ ਦੋਹਾਂ ਪਾਸਿਆਂ 'ਤੇ 9-9 ਇੰਚ ਦੀ ਵਿੱਥ 'ਤੇ ਗੋਭੀ ਦੇ ਬੀਜ਼ ਲਾ ਦਿੱਤੇ ਜਾਂਦੇ ਹਨ। ਇਕ ਕਤਾਰ 'ਚ ਫੁੱਲ ਗੋਭੀ, ਦੂਜੀ 'ਚ ਬੰਦ ਗੋਭੀ ਦੀ ਸਿੱਧੀ ਕਾਸ਼ਤ ਕੀਤੀ ਜਾਂਦੀ ਹੈ?

ਕਿਸਾਨ ਆਗੂਆਂ ਨੇ ਦੱਸਿਆ ਕਿ ਗੋਭੀ ਵਾਲੇ ਖੇਤ 'ਚ ਹੀ ਅਗਸਤ ਦੇ ਅੱਧ 'ਚ ਗੰਨੇ ਦੀ ਬੀਜਾਈ (ਇਕ ਬੈੱਡ ਖਾਲੀ ਛੱਡ ਕੇ) ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਗੋਭੀ ਦੀ ਫਸਲ ਸਤੰਬਰ 'ਚ ਤਿਆਰ ਹੋ ਜਾਂਦੀ ਹੈ ਅਤੇ ਅਕਤੂਬਰ ਦੇ ਅਖੀਰ ਤੱਕ ਖੇਤ ਗੋਭੀ ਤੋਂ ਖਾਲੀ ਹੋ ਜਾਂਦਾ ਹੈ। ਫਸਲ ਦੌਰਾਨ ਗੋਭੀ ਨੂੰ 10 ਫੀਸਦੀ ਹੀ ਪਾਣੀ ਲਾਇਆ ਜਾਂਦਾ ਹੈ। ਜਦੋਂ ਕਿ ਖਾਦ ਦੀ ਵਰਤੋਂ ਬਿਲਕੁੱਲ ਨਹੀਂ ਕੀਤੀ ਜਾਂਦੀ ਅਤੇ ਸਪਰੇਅ ਵੀ ਸ਼ੁਰੂ ਇਕ ਹੀ ਕੀਤੀ ਜਾਂਦੀ ਹੈ ਤਾਂ ਜੋ ਬੀਮਾਰੀ ਅਤੇ ਕੀੜੇ ਆਦਿ ਤੋਂ ਬਚਾਅ ਰਹਿ ਸਕੇ।
ਇਸ ਤਕਨੀਕ ਨਾਲ ਇਕ ਏਕੜ 'ਚੋਂ ਗੋਭੀ ਦੀ ਫਸਲ 200 ਕੁਇੰਟਲ ਦੇ ਕਰੀਬ ਨਿਕਲਦੀ ਹੈ, ਜਿਹੜੀ ਕਿ ਮੰਡੀ 'ਚ ਔਸਤਨ 1000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਘੱਟੋ-ਘੱਟ ਮੁੱਲ ਦੇ ਜਾਂਦੀ ਹੈ। ਇਸ ਹਿਸਾਬ ਨਾਲ ਇਕ ਏਕੜ ਜ਼ਮੀਨ ਤਿੰਨ ਮਹੀਨਿਆਂ ਦੇ ਸਮੇਂ 'ਚ ਗੋਭੀ ਦੇ ਰੂਪ 'ਚ ਕਿਸਾਨ ਨੂੰ ਦੋ ਲੱਖ ਰੁਪਏ ਦੀ ਆਮਦਨ ਦੇ ਜਾਂਦੀ ਹੈ।

ਸ. ਅਵਤਾਰ ਸਿੰਘ ਨੇ ਦੱਸਿਆ ਕਿ ਅਗਸਤ 'ਚ ਗੰਨਾ ਲਾਉਣ ਦੇ ਬਾਅਦ ਜਦੋਂ ਗੋਭੀ ਦੀ ਫਸਲ ਕੱਟ ਲਈ ਜਾਂਦੀ ਹੈ ਤਾਂ ਅਕਤੂਬਰ 'ਚ ਇਸੇ ਜ਼ਮੀਨ 'ਚ ਦੁਬਾਰਾ ਫਿਰ ਗੋਭੀ ਦੀ ਇਕ ਹੋਰ ਫਸਲ ਜਾਂ ਟਮਾਟਰ, ਛੋਲੇ, ਪਿਆਜ਼ ਅਤੇ ਕਣਕ ਦੀ ਬੀਜਾਈ ਵੀ ਕੀਤੀ ਜਾ ਸਕਦੀ ਹੈ। ਇਸ ਫਸਲੀ ਚੱਕਰ ਨਾਲ ਕਿਸਾਨ ਸਾਰੇ ਖਰਚੇ ਕੱਢ ਕੇ, ਇਕ ਏਕੜ ਜ਼ਮੀਨ 'ਚੋਂ ਪ੍ਰਤੀ ਸਾਲ 6-7 ਲੱਖ ਦਾ ਮੁਨਾਫਾ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਸਿਰਫ ਖੇਤੀ ਹੀ ਨਹੀਂ ਦੇਸ਼ 'ਤੇ ਬਹੁਤ ਵੱਡਾ ਪਰਉਪਕਾਰ ਹੈ, ਜਿਸ ਨਾਲ ਖੇਤੀ ਲਈ ਵਰਤੇ ਜਾਣ ਵਾਲੇ ਪਾਣੀ ਦਾ 90 ਫੀਸਦੀ ਹਿੱਸਾ ਬਚਾਇਆ ਜਾ ਸਕਦਾ ਹੈ। ਖਾਦ ਤੋਂ ਬਿਨਾਂ ਅਤੇ ਸਿਰਫ ਇਕ-ਅੱਧ ਸਪਰੇਅ ਨਾਲ ਜਿਣਸਾਂ ਨੂੰ ਜ਼ਹਿਰ ਤੋਂ ਮੁਰਤ ਵੀ ਰੱਖਿਆ ਜਾ ਸਕਦਾ ਹੈ, ਜਿਸ ਨਾਲ ਦੇਸ਼-ਵਾਸੀਆਂ ਦੀ ਸਿਹਤ 'ਤੇ ਕੋਈ ਮਾੜਾ ਅਸਰ ਨਹੀਂ ਪਵੇਗਾ।
ਡਾ. ਚਮਨ ਲਾਲ ਵਸ਼ਿਸ਼ਟ ਨੇ ਕਿਹਾ ਕਿ ਦੇਸ਼ ਭਰ ਦੇ ਕਿਸਾਨਾਂ ਨੂੰ ਇਸ ਢੰਗ ਨਾਲ ਖੇਤੀ ਕਰਨੀ ਚਾਹੀਦੀ ਹੈ ਅਤੇ ਜੇ ਲੋੜ ਹੋਵੇ ਤਾਂ ਉਹ ਉਨ੍ਹਾਂ ਦੀ ਮਦਦ ਅਤੇ ਸਲਾਹ ਵੀ ਲੈ ਸਕਦੇ ਹਨ।


Shyna

Content Editor

Related News