ਓਰਬਿਟ ਬੱਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਚਾਲਕ ਨੇ ਭਜਾਈ ਬੱਸ

Wednesday, Sep 05, 2018 - 07:48 AM (IST)

ਓਰਬਿਟ ਬੱਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਚਾਲਕ  ਨੇ ਭਜਾਈ ਬੱਸ

ਜਲੰਧਰ,   (ਵਰੁਣ)- ਬੱਸ ਸਟੈਂਡ ਫਲਾਈਓਵਰ ਦੇ ਹੇਠਾਂ ਲੱਗੇ ਏ. ਸੀ. ਪੀ. ਟ੍ਰੈਫਿਕ ਦੇ  ਸਪੈਸ਼ਲ ਨਾਕੇ ’ਤੇ ਓਰਬਿਟ ਬੱਸ ਦਾ ਡਰਾਈਵਰ ਟ੍ਰੈਫਿਕ ਮੁਲਾਜ਼ਮ ਸਣੇ ਹੀ ਭੱਜ ਗਿਆ। ਏ. ਸੀ.  ਪੀ. ਦੇ ਸਾਹਮਣੇ ਵਾਪਰੀ ਘਟਨਾ ਤੋਂ ਬਾਅਦ ਟ੍ਰੈਫਿਕ ਪੁਲਸ ਦੀ ਟੀਮ ਨੇ ਆਪਣੀ ਗੱਡੀ ਬੱਸ  ਦੇ ਪਿੱਛੇ ਲਾ ਲਈ ਤੇ ਫਲਾਈਓਵਰ ’ਤੇ ਹੀ ਬੱਸ ਨੂੰ ਓਵਰਟੇਕ ਕਰ ਕੇ ਰੁਕਵਾ ਲਿਆ। ਓਰਬਿਟ   ਬੱਸ ਨੂੰ ਵਾਪਸ ਨਾਕੇ ਵਾਲੀ ਜਗ੍ਹਾ ’ਤੇ ਲਿਅਾਂਦਾ ਗਿਆ ਤੇ ਉਸ ਦਾ ਚਲਾਨ ਕੱਟ ਕੇ ਭੇਜ  ਦਿੱਤਾ।
ਏ. ਸੀ. ਪੀ. ਟ੍ਰੈਫਿਕ ਜੰਗ ਬਹਾਦਰ ਸ਼ਰਮਾ ਨੇ ਇੰਸਪੈਕਟਰ ਗੁਰਪ੍ਰੀਤ ਸਿੰਘ  ਤੇ ਟ੍ਰੈਫਿਕ ਪੁਲਸ ਦੇ ਨਾਲ ਪੁਲਸ ਲਾਈਨ ਰੋਡ ’ਤੇ ਨਾਕਾਬੰਦੀ ਕੀਤੀ ਹੋਈ ਸੀ। ਬੱਸ ਸਟੈਂਡ  ਫਲਾਈਓਵਰ ਦੇ ਹੇਠਾਂ ਰੁਕ ਕੇ ਸਵਾਰੀਆਂ ਲੈਣ ਵਾਲੀਆਂ ਬੱਸਾਂ ਦੇ ਚਲਾਨ ਕੱਟੇ ਜਾ ਰਹੇ ਸਨ,  ਜਦੋਂਕਿ ਰੌਂਗ ਸਾਈਡ ਤੋਂ ਆ ਰਹੇ ਆਟੋਆਂ ’ਤੇ ਵੀ ਟ੍ਰੈਫਿਕ ਪੁਲਸ ਕਾਰਵਾਈ ਕਰ ਰਹੀ ਸੀ।  ਇਸ ਦੌਰਾਨ ਇਕ ਓਰਬਿਟ ਬੱਸ ਆਈ ਜੋ ਬੱਸ ਸਟੈਂਡ ਫਲਾਈਓਵਰ ਦੇ ਹੇਠਾਂ ਸਵਾਰੀਆਂ ਲੈਣ ਲਈ  ਰੁਕੀ ਤਾਂ ਉਸ ਨੂੰ ਤੁਰੰਤ ਨਾਕੇ ’ਤੇ ਆਉਣ ਦਾ ਇਸ਼ਾਰਾ ਕੀਤਾ ਗਿਆ। ਫਿਰ ਵੀ ਉਸ ਨੇ ਬੱਸ  ਰਵਾਨਾ ਨਹੀਂ ਕੀਤੀ ਤਾਂ ਦੋ ਮੁਲਾਜ਼ਮ ਬੱਸ ਵਿਚ ਚੜ੍ਹ ਗਏ। ਨਾਕੇ ਕੋਲ ਆ ਕੇ ਇਕ ਮੁਲਾਜ਼ਮ  ਉਤਰ ਕੇ ਬੱਸ ਨੂੰ ਸਾਈਡ ਕਰਵਾਉਣ ਦਾ ਇਸ਼ਾਰਾ ਕਰਨ ਲੱਗਾ ਪਰ  ਬੱਸ ਚਾਲਕ ਨੇ ਬੱਸ ਭਜਾ ਲਈ।  ਅਚਾਨਕ ਦਿੱਤੀ ਗਈ ਰੇਸ ਕਾਰਨ ਟ੍ਰੈਫਿਕ ਮੁਲਾਜ਼ਮ ਬੱਸ ਵਿਚੋਂ ਉਤਰ ਨਹੀਂ ਸਕਿਆ। 
ਤੁਰੰਤ  ਹਰਕਤ ਵਿਚ ਆਈ ਟ੍ਰੈਫਿਕ ਟੀਮ ਨੇ ਆਪਣੀ ਗੱਡੀ ਬੱਸ ਦੇ ਪਿੱਛੇ ਲਾ ਲਈ ਤੇ ਫਲਾਈਓਵਰ ’ਤੇ  ਬੱਸ ਨੂੰ ਓਵਰਟੇਕ ਕਰਨ ਤੋਂ ਬਾਅਦ ਬੱਸ ਰੁਕਵਾ ਲਈ। ਦੋ ਹੋਰ ਟ੍ਰੈਫਿਕ ਪੁਲਸ ਕਰਮਚਾਰੀ  ਬੱਸ ਵਿਚ ਚੜ੍ਹੇ ਤੇ ਬੱਸ ਨੂੰ ਬੀ. ਐੱਸ. ਐੱਫ. ਚੌਕ ਤੋਂ ਮੋੜ ਕੇ ਨਾਕੇ ਵਲ ਲੈ ਆਏ। ਬੱਸ  ਦਾ ਚਲਾਨ ਕੱਟਣ ਤੋਂ ਬਾਅਦ ਉਸ ਨੂੰ ਜਾਣ ਦਿੱਤਾ ਗਿਆ। ਓਰਬਿਟ ਬੱਸ ਦਾ ਡਰਾਈਵਰ ਨੰਗੇ ਪੈਰ  ਬੱਸ ਚਲਾ ਰਿਹਾ ਸੀ। ਏ. ਸੀ. ਪੀ. ਟ੍ਰੈਫਿਕ ਕੋਲੋਂ  ਜਦੋਂ  ਇਸ ਬਾਰੇ ਪੁੱਛਿਆ ਤਾਂ  ਉਨ੍ਹਾਂ ਦਾ ਕਹਿਣਾ ਸੀ ਕਿ ਇੰਝ ਕੋਈ ਵੀ ਡਰਾਈਵਰ ਨੰਗੇ ਪੈਰ ਗੱਡੀ ਨਹੀਂ ਚਲਾ ਸਕਦਾ ਪਰ  ਚਲਾਨ ਕਾਪੀ ਵਿਚ ਇਸ ਤਰ੍ਹਾਂ ਦੇ ਚਲਾਨ ਕੱਟਣ ਦਾ ਕੋਈ ਆਪਸ਼ਨ ਨਹੀਂ ਹੈ।
ਸਿਸਟਮ ਵਿਚ ਮਿੰਨੀ ਬੱਸ ਦਾ ਨੰਬਰ ਕਾਰ ਦਾ ਹੋਇਆ ਸ਼ੋਅ , ਥਾਣਾ ਪੁਲਸ ਬੁਲਾਈ
ਏ.  ਸੀ. ਪੀ. ਜੰਗ ਬਹਾਦਰ ਸ਼ਰਮਾ ਦੇ ਇਸ ਸਪੈਸ਼ਲ ਨਾਕੇ ’ਤੇ ਇਕ ਮਿੰਨੀ ਬੱਸ ਨੂੰ ਰੋਕਿਆ ਗਿਆ।  ਮਿੰਨੀ ਬੱਸ ਵੀ ਬੱਸ ਸਟੈਂਡ ਫਲਾਈਓਵਰ ਦੇ ਹੇਠਾਂ ਸਵਾਰੀਆਂ ਚੁੱਕ ਰਹੀ ਸੀ। ਜਿਵੇਂ ਹੀ  ਉਸ ਦਾ ਨੰਬਰ ਵਾਹਨ ਆਨਲਾਈਨ ਸਿਸਟਮ ਵਿਚ ਪਾਇਆ ਗਿਆ ਤਾਂ ਉਸ ’ਤੇ ਇਹ ਨੰਬਰ ਕਾਰ ਦਾ ਸ਼ੋਅ  ਹੋਇਆ। ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਏ. ਸੀ. ਪੀ. ਸ਼ਰਮਾ ਨੂੰ ਸੂਚਨਾ ਦਿੱਤੀ। ਏ.  ਸੀ. ਪੀ. ਸ਼ਰਮਾ ਨੇ ਬੱਸ ਮਾਲਕ ’ਤੇ ਐੱਫ. ਆਈ. ਆਰ. ਦਰਜ ਕਰਨ ਲਈ ਤੁਰੰਤ ਥਾਣਾ ਨਵੀਂ  ਬਾਰਾਦਰੀ ਦੇ ਇੰਚਾਰਜ ਨੂੰ ਫੋਨ ਕਰ ਕੇ ਪੁਲਸ ਟੀਮ ਭੇਜਣ ਲਈ ਫੋਨ ਕਰਵਾਇਆ। ਬਾਅਦ ਵਿਚ ਪਤਾ   ਜਦੋਂ ਧਿਆਨ ਨਾਲ ਦੇਖਿਆ ਗਿਆ ਤਾਂ ਮਿੰਨੀ ਬੱਸ ਦੇ ਇਸ ਨੰਬਰ ’ਤੇ  ਕਾਰ ਸ਼ੋਅ ਹੋ  ਰਿਹਾ ਸੀ, ਜਦੋਂਕਿ ਉਸ ਦਾ ਇੰਜਣ ਤੇ ਚੈਸੀ ਨੰਬਰ ਉਹੀ ਸੀ। ਅਜਿਹੇ ਵਿਚ ਮਿੰਨੀ ਬੱਸ ਨੂੰ  ਛੱਡ ਦਿੱਤਾ ਗਿਆ। ਟ੍ਰੈਫਿਕ ਪੁਲਸ ਦਾ ਇਕ ਮੁਲਾਜ਼ਮ ਨਾਕੇ ’ਤੇ ਰੋਕੀ ਜਾਣ ਵਾਲੀ ਹਰ  ਗੱਡੀ, ਆਟੋ ਤੇ ਬੱਸਾਂ ਦਾ ਨੰਬਰ ਵੀ ਵਾਹਨ ਸਿਸਟਮ ਵਿਚ ਪਾ ਕੇ ਚੈੱਕ ਕਰ ਰਿਹਾ ਸੀ। ਬੱਸ  ਸਟੈਂਡ ਫਲਾਈਓਵਰ ਦੇ ਹੇਠਾਂ ਬੱਸਾਂ ਖੜ੍ਹੀਆਂ ਕਰ ਕੇ ਸਵਾਰੀਆਂ ਚੁੱਕਣ ’ਤੇ ਮਨਾਹੀ ਹੈ ਪਰ ਜ਼ਿਆਦਾਤਰ ਬੱਸ ਡਰਾਈਵਰ ਇਸ ਨੂੰ ਫਾਲੋ ਨਹੀਂ ਕਰਦੇ। ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ। ਬੱਸ ਚਾਲਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਨਹੀਂ ਤਾਂ ਇੰਝ ਹੀ ਚਲਾਨ ਕੱਟੇ ਜਾਣਗੇ। 
 


Related News