ਵਨ-ਵੇਅ ਜ਼ੋਨ ਐਲਾਨ ਕਰਕੇ ਸਾਰੇ ਪੁਆਇੰਟ ਭੁੱਲੀ ਟਰੈਫਿਕ ਪੁਲਸ, ਲੱਗ ਰਿਹਾ ਜਾਮ

Monday, Jan 06, 2020 - 11:29 AM (IST)

ਵਨ-ਵੇਅ ਜ਼ੋਨ ਐਲਾਨ ਕਰਕੇ ਸਾਰੇ ਪੁਆਇੰਟ ਭੁੱਲੀ ਟਰੈਫਿਕ ਪੁਲਸ, ਲੱਗ ਰਿਹਾ ਜਾਮ

ਜਲੰਧਰ (ਵਰੁਣ)— ਟਰੈਫਿਕ ਜਾਮ ਤੋਂ ਬਚਣ ਲਈ ਟਰੈਫਿਕ ਪੁਲਸ ਵੱਲੋਂ ਐਲਾਨ ਕੀਤੇ ਗਏ ਸਾਰੇ ਵਨ-ਵੇਅ ਪੁਆਇੰਟਸ ਟਰੈਫਿਕ ਪੁਲਸ ਭੁੱਲ ਚੁੱਕੀ ਹੈ। ਟਰੈਫਿਕ ਪੁਲਸ ਦੀ ਲਾਪ੍ਰਵਾਹੀ ਕਾਰਣ ਸ਼ਹਿਰ ਦੀਆਂ ਅੰਦਰੂਨੀ ਸੜਕਾਂ 'ਤੇ ਜਾਮ ਲੱਗ ਰਿਹਾ ਹੈ। ਵਨ-ਵੇਅ ਪੁਆਇੰਟਸ 'ਤੇ ਟਰੈਫਿਕ ਪੁਲਸ ਦਾ ਇਕ ਵੀ ਕਰਮਚਾਰੀ ਨਾ ਹੋਣ ਕਾਰਣ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਹੋ ਰਹੀ ਹੈ। ਕਈ ਪੁਆਇੰਟਸ ਤੋਂ ਤਾਂ ਵਨ-ਵੇਅ ਦੇ ਸਾਈਨ ਬੋਰਡ ਵੀ ਚੋਰੀ ਹੋ ਚੁੱਕੇ ਹਨ।

ਟਰੈਫਿਕ ਪੁਲਸ ਵੱਲੋਂ ਮਾਡਲ ਟਾਊਨ (ਕੇ. ਐੱਫ. ਸੀ. ਦੇ ਬਾਹਰ), ਭਗਤ ਸਿੰਘ ਚੌਕ ਤੋਂ ਫਗਵਾੜਾ ਗੇਟ ਵਾਲਾ ਰੋਡ, ਜੇਲ ਚੌਕ ਤੋਂ ਪੁਰਾਣੀ ਸਬਜ਼ੀ ਮੰਡੀ ਰੋਡ, ਅੱਡਾ ਹੁਸ਼ਿਆਰਪੁਰ ਚੌਕ ਤੋਂ ਖਿੰਗਰਾਂ ਗੇਟ ਰੋਡ, ਸਿਵਲ ਲਾਈਨ ਤੋਂ ਪਲਾਜ਼ਾ ਚੌਕ ਵੱਲ ਆਉਂਦਾ ਰੋਡ, ਰੇਲਵੇ ਸਟੇਸ਼ਨ ਤੋਂ ਮੰਡੀ ਰੋਡ ਨੂੰ ਵਨ-ਵੇਅ ਐਲਾਨ ਕੀਤਾ ਗਿਆ ਸੀ। ਸ਼ੁਰੂਆਤੀ ਸਮੇਂ 'ਚ ਟਰੈਫਿਕ ਪੁਲਸ ਨੇ ਉਕਤ ਪੁਆਇੰਟਸ 'ਤੇ ਬੈਰੀਕੇਡ, ਸਾਈਨ ਬੋਰਡ ਅਤੇ ਟਰੈਫਿਕ ਕਰਮਚਾਰੀ ਵੀ ਲਾਏ ਸਨ ਪਰ ਜਿਵੇਂ-ਜਿਵੇਂ ਸਮਾਂ ਲੰਘਦਾ ਗਿਆ ਟਰੈਫਿਕ ਪੁਲਸ ਖੁਦ ਹੀ ਐਲਾਨ ਕੀਤੇ ਉਕਤ ਵਨ-ਵੇ ਪੁਆਇੰਟਸ ਨੂੰ ਭੁੱਲ ਗਈ। ਹੁਣ ਹਾਲ ਇਹ ਹੈ ਕਿ ਸਾਰੇ ਪੁਆਇੰਟਸ 'ਤੇ ਮੁਲਾਜ਼ਮ ਨਾ ਹੋਣ ਦੇ ਕਾਰਣ ਦੋਵਾਂ ਸਾਈਡ ਤੋਂ ਵਾਹਨ ਦਾਖਲ ਹੋ ਰਹੇ ਹਨ, ਜਿਸ ਕਾਰਨ ਫਗਵਾੜਾ ਗੇਟ, ਭਗਤ ਸਿੰਘ ਚੌਕ ਦੇ ਆਲੇ ਦੁਆਲੇ, ਪਲਾਜ਼ਾ ਚੌਕ ਤੋਂ ਸਿਵਲ ਲਾਈਨ ਜਾਂਦੇ ਰੋਡ ਸਮੇਤ ਹੋਰਨਾਂ ਰੋਡਾਂ 'ਤੇ ਵੀ ਲੰਮਾ ਜਾਮ ਲੱਗ ਰਿਹਾ ਹੈ। ਸਾਈਨ ਬੋਰਡ ਤੱਕ ਚੋਰੀ ਹੋ ਚੁੱਕੇ ਹਨ, ਜਿਸ ਦਾ ਟਰੈਫਿਕ ਪੁਲਸ ਨੂੰ ਪਤਾ ਤੱਕ ਨਹੀਂ। ਇਸ ਜਾਮ ਨੂੰ ਖੁੱਲ੍ਹਵਾਉਣ ਲਈ ਵੀ ਟਰੈਫਿਕ ਪੁਲਸ ਵੱਲੋਂ ਕੋਈ ਮੂਵਮੈਂਟ ਨਹੀਂ ਕੀਤੀ ਜਾਂਦੀ।

PunjabKesari

ਸੋਸ਼ਲ ਸਾਈਟਸ ਦੇ ਦੌਰ 'ਤੇ ਵੀ ਲੋਕਾਂ ਨੂੰ ਮੋਟੀਵੇਟ ਨਹੀਂ ਕਰ ਪਾ ਰਹੀ ਟਰੈਫਿਕ ਪੁਲਸ
ਸਟਾਫ ਘੱਟ ਹੋਣ ਦਾ ਦਾਅਵਾ ਕਰਕੇ ਹਰ ਇਕ ਮੁੱਦੇ 'ਤੇ ਪਰਦਾ ਪਾਉਣ ਵਾਲੀ ਟਰੈਫਿਕ ਪੁਲਸ ਸੋਸ਼ਲ ਸਾਈਟਸ ਦੇ ਦੌਰ 'ਤੇ ਲੋਕਾਂ ਦੀ ਮੋਟੀਵੇਟ ਨਹੀਂ ਕਰ ਪਾ ਰਹੀ। ਟਰੈਫਿਕ ਪੁਲਸ ਦਾ ਫੇਸਬੁੱਕ 'ਤੇ ਪੇਜ ਬਣਿਆ ਹੋਇਆ ਹੈ ਪਰ ਸਿਰਫ ਟਰੈਫਿਕ ਪੁਲਸ ਦੇ ਐਜੂਕੇਸ਼ਨ ਸੈੱਲ ਵੱਲੋਂ ਸਕੂਲਾਂ-ਕਾਲਜਾਂ 'ਚ ਜਾ ਕੇ ਬੱਚਿਆਂ ਨੂੰ ਟਰੈਫਿਕ ਨਿਯਮਾਂ ਦੀ ਜਾਣਕਾਰੀ ਦੇਣ ਦੀ ਪੋਸਟ ਹੀ ਪਾਈ ਜਾਂਦੀ ਹੈ। ਇਸ ਤੋਂ ਇਲਾਵਾ ਟਰੈਫਿਕ ਪੁਲਸ ਵੱਲੋਂ ਕਿਸੇ ਵੀ ਤਰ੍ਹਾਂ ਨਾਲ ਉਕਤ ਪੇਜ ਦਾ ਇਸਤੇਮਾਲ ਨਹੀਂ ਕੀਤਾ ਜਾ ਰਿਹਾ ਹੈ।

PunjabKesari

ਕਿਸੇ ਵੀ ਪਲਾਨ 'ਤੇ ਕੰਮ ਨਹੀਂ ਕਰ ਰਹੀ ਟਰੈਫਿਕ ਪੁਲਸ
ਟਰੈਫਿਕ ਪੁਲਸ ਖੁਦ ਦੇ ਪਲਾਨ 'ਤੇ ਹੀ ਕੰਮ ਨਹੀਂ ਕਰ ਰਹੀ ਹੈ। ਸ੍ਰੀ ਰਾਮ ਚੌਕ ਤੋਂ ਲੈ ਕੇ ਜੋਤੀ ਚੌਕ ਤੱਕ ਨਾ ਆਟੋ ਜ਼ੋਨ, ਵਨ-ਵੇਅ ਜ਼ੋਨ, ਨੋ ਪਾਰਕਿੰਗ ਜ਼ੋਨ ਜਾਂ ਫਿਰ ਟਰੈਫਿਕ ਕੰਟਰੋਲ ਕਰਨ ਦੀ ਗੱਲ ਹੋਵੇ, ਇਸ 'ਤੇ ਕੋਈ ਵੀ ਕੰਮ ਨਹੀਂ ਕੀਤਾ ਜਾ ਰਿਹਾ ਹੈ। ਇੰਨਾ ਹੀ ਨਹੀਂ ਏ. ਡੀ. ਸੀ. ਪੀ. ਟਰੈਫਿਕ ਨੇ ਫੋਨ ਤੱਕ ਚੁੱਕਣੇ ਬੰਦ ਕਰ ਦਿੱਤੇ ਹਨ।

ਲੁਧਿਆਣਾ ਟਰੈਫਿਕ ਪੁਲਸ ਸਭ ਤੋਂ ਜ਼ਿਆਦਾ ਅਪਡੇਟ
ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਕਮਿਸ਼ਨਰੇਟ ਪੁਲਸ 'ਚੋਂ ਲੁਧਿਆਣਾ ਦੀ ਟਰੈਫਿਕ ਪੁਲਸ ਫੇਸਬੁੱਕ ਪੇਜ 'ਤੇ ਸਭ ਤੋਂ ਜ਼ਿਆਦਾ ਅਪਡੇਟ ਹੈ। ਹਾਲਾਂਕਿ ਅੰਮ੍ਰਿਤਸਰ ਦੀ ਟਰੈਫਿਕ ਪੁਲਸ ਫੇਸਬੁੱਕ ਪੇਜ 'ਤੇ ਜਲੰਧਰ ਦੀ ਟਰੈਫਿਕ ਪੁਲਸ ਤੋਂ ਵੀ ਪਿੱਛੇ ਹੈ ਪਰ ਲੁਧਿਆਣਾ ਟਰੈਫਿਕ ਪੁਲਸ ਆਪਣੇ ਫੇਸਬੁੱਕ ਪੇਜ 'ਤੇ ਹਰ ਤਰ੍ਹਾਂ ਦੀ ਜਾਣਕਾਰੀ ਅਤੇ ਲੋਕਾਂ ਨੂੰ ਮੋਟੀਵੇਟ ਕਰ ਰਹੀ ਹੈ। ਲੁਧਿਆਣਾ ਦੇ ਲੋਕ ਵੀ ਟਰੈਫਿਕ ਪੁਲਸ ਦੇ ਪੇਜ 'ਤੇ ਆਪਣੀਆਂ ਸਮੱਸਿਆਵਾਂ ਦੱਸਦੇ ਹਨ, ਜਿਸ 'ਤੇ ਕਾਰਵਾਈ ਵੀ ਹੁੰਦੀ ਹੈ।


author

shivani attri

Content Editor

Related News