ਪੁਰਾਣੇ ਦੋਸਤ ਨੇ ਲੋਨ ਦਿਵਾ ਕੇ ਤੇ ਘਰ ਵਿਕਵਾ ਕੇ ਠੱਗੇ ਪੈਸੇ, ਹੁਣ ਦਿੱਤੀਆਂ ਝੂਠੀਆਂ ਸ਼ਿਕਾਇਤਾਂ

Saturday, Nov 23, 2024 - 04:00 PM (IST)

ਜਲੰਧਰ (ਵਰੁਣ)–ਪੁਰਾਣੇ ਦੋਸਤ ’ਤੇ ਭਰੋਸਾ ਕਰਕੇ ਵੱਖ-ਵੱਖ ਫਾਈਨਾਂਸਰਾਂ ਤੋਂ ਲੋਨ ਦਿਵਾ ਕੇ ਉਕਤ ਰਕਮ ਡਕਾਰਨ ਦੇ ਬਾਅਦ ਵੀ ਦੋਸਤ ਦਾ ਘਰ ਵਿਕਵਾ ਕੇ ਪੈਸੇ ਠੱਗਣ ਵਾਲੇ ਮੁਲਜ਼ਮ ਨੇ ਦੋਸਤ ਦੇ ਹੀ ਚੋਰੀ ਹੋਏ ਸਾਈਨ ਕੀਤੇ ਚੈੱਕ ਲਾ ਕੇ ਉਸ ਨੂੰ ਫਸਾਉਣ ਲਈ ਝੂਠੀਆਂ ਸ਼ਿਕਾਇਤਾਂ ਕਰ ਦਿੱਤੀਆਂ। ਪੀੜਤ ਹੁਣ ਆਪਣੀ ਬਜ਼ੁਰਗ ਮਾਂ ਨਾਲ ਇਨਸਾਫ਼ ਲਈ ਸੀ. ਪੀ. ਆਫਿਸ ਦੇ ਚੱਕਰ ਲਾ ਰਿਹਾ ਹੈ ਪਰ ਕੁਝ ਮੁਲਾਜ਼ਮਾਂ ਕਾਰਨ ਉਸ ਨੂੰ ਇਨਸਾਫ਼ ਨਹੀਂ ਮਿਲ ਪਾ ਰਿਹਾ। ਪੀੜਤ ਦਾ ਕਹਿਣਾ ਹੈ ਕਿ ਉਸ ਦੇ ਦੋਸਤ ਨੇ ਪੁਲਸ ਮੁਲਾਜ਼ਮ ਦੇ ਨਾਂ ’ਤੇ ਹੀ ਘਰ ਦੇ ਦਸਤਾਵੇਜ਼ ਕੀਤੇ ਹਨ।

ਜਾਣਕਾਰੀ ਦਿੰਦਿਆਂ ਅਤੁਲ ਕਪਿਲਾ ਪੁੱਤਰ ਰਵਿੰਦਰ ਕਪਿਲਾ ਨਿਵਾਸੀ ਮੋਹਨ ਵਿਹਾਰ ਲੱਧੇਵਾਲੀ ਨੇ ਦੱਸਿਆ ਕਿ ਦਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਨਿਵਾਸੀ ਕੀਰਤੀ ਨਗਰ, ਉਸ ਨਾਲ ਪੜ੍ਹਿਆ ਹੋਇਆ ਹੈ ਅਤੇ ਕਾਫੀ ਪੁਰਾਣਾ ਦੋਸਤ ਹੈ। ਉਨ੍ਹਾਂ ਕਿਹਾ ਕਿ ਉਹ ਕੰਮ ਨਾ ਹੋਣ ਕਾਰਨ ਦੁਬਈ ਤੋਂ ਭਾਰਤ ਵਾਪਸ ਮੁੜ ਆਇਆ ਸੀ, ਉਦੋਂ ਦਵਿੰਦਰ ਸਿੰਘ ਟ੍ਰੈਵਲ ਏਜੰਟੀ ਦਾ ਕੰਮ ਕਰਦਾ ਸੀ। ਵਾਪਸ ਆਉਣ ’ਤੇ ਦਵਿੰਦਰ ਨੇ ਉਸ ਨੂੰ ਭਰੋਸਾ ਦਿੱਤਾ ਕਿ ਉਹ ਉਸ ਨੂੰ ਕੈਨੇਡਾ ਭੇਜ ਦੇਵੇਗਾ ਪਰ ਉਦੋਂ ਤਕ ਉਸ ਦੇ ਜਿੰਨੇ ਵੀ ਪੈਸੇ ਹਨ, ਉਹ ਉਨ੍ਹਾਂ ਨੂੰ ਇਨਵੈਸਟ ਕਰੇਗਾ ਅਤੇ ਵਿਆਜ ਜੋੜ-ਜੋੜ ਕੇ ਕੈਨੇਡਾ ਜਾਣ ਦਾ ਖਰਚਾ ਵੀ ਨਿਕਲ ਆਵੇਗਾ। ਉਸ ਦੀਆਂ ਗੱਲਾਂ ਵਿਚ ਆ ਕੇ ਅਤੁਲ ਨੇ ਦਵਿੰਦਰ ਨੂੰ 6.50 ਲੱਖ ਰੁਪਏ ਟਰਾਂਸਫਰ ਕਰ ਦਿੱਤੇ।

ਇਹ ਵੀ ਪੜ੍ਹੋ- ਵੱਡੀ ਜਿੱਤ ਮਗਰੋਂ ਡਾ. ਇਸ਼ਾਂਕ ਕੁਮਾਰ ਚੱਬੇਵਾਲ ਦਾ ਵੱਡਾ ਬਿਆਨ

ਪੈਸੇ ਲੈਣ ਤੋਂ ਬਾਅਦ ਦਵਿੰਦਰ ਸਿੰਘ ਕਦੀ ਮਹੀਨੇ ਬਾਅਦ ਪੈਸੇ ਦਿੰਦਾ ਸੀ ਤਾਂ ਕਦੀ ਕੋਈ ਨਾ ਕੋਈ ਬਹਾਨਾ ਬਣਾ ਦਿੰਦਾ ਸੀ। ਉਸ ਤੋਂ ਬਾਅਦ ਦਵਿੰਦਰ ਨੇ ਉਸ ਦੇ ਸਾਈਨ ਕੀਤੇ ਚੈੱਕ ਲੈ ਲਏ ਅਤੇ ਵੱਖ-ਵੱਖ ਫਾਈਨਾਂਸਰਾਂ ਕੋਲ ਚੈੱਕ ਰੱਖ ਕੇ ਲੱਗਭਗ 10 ਤੋਂ 15 ਲੱਖ ਰੁਪਏ ਚੁੱਕ ਲਏ ਅਤੇ ਉਸ ਨੂੰ ਬਹੁਤ ਦੇਰ ਬਾਅਦ ਜਾ ਕੇ ਪਤਾ ਲੱਗਾ। ਦੋਸ਼ ਹੈ ਕਿ ਉਸ ਦਾ ਘਰ ਵੀ ਆਉਣਾ-ਜਾਣਾ ਸੀ, ਜਿਸ ਨੇ ਉਸ ਦੀ ਬਜ਼ੁਰਗ ਮਾਂ ਨੂੰ ਵੀ ਝਾਂਸੇ ਵਿਚ ਲੈ ਕੇ ਘਰ ਦੀ ਪੁਰਾਣੀ ਰਜਿਸਟਰੀ ਲੈ ਕੇ ਉਸ ’ਤੇ ਇਕ ਫਾਈਨਾਂਸਰ ਕੋਲੋਂ 23.50 ਲੱਖ ਰੁਪਏ ਦਾ ਲੋਨ ਲੈ ਲਿਆ। ਜਦੋਂ ਫਾਈਨਾਂਸਰ ਨੇ ਉਨ੍ਹਾਂ ਨੂੰ ਲੋਨ ਦਾ ਨੋਟਿਸ ਭੇਜਿਆ ਤਾਂ ਉਕਤ ਘਰ ਦਾ ਮੁਖਤਿਆਰਨਾਮਾ ਫਾਈਨਾਂਸਰ ਦੇ ਨਾਂ ਕਰਨਾ ਪਿਆ। ਉਨ੍ਹਾਂ ਨੂੰ 20 ਲੱਖ ਰੁਪਏ ਜਿਹੜੇ ਮਿਲੇ ਸਨ, ਉਸ ਵਿਚੋਂ ਕੁਝ ਪੈਸੇ ਦਵਿੰਦਰ ਸਿੰਘ ਨੇ ਪੁਰਾਣੇ ਫਾਈਨਾਂਸਰਾਂ ਨੂੰ ਮੋੜੇ ਅਤੇ ਬਾਕੀ ਦੇ ਪੈਸੇ ਦਵਿੰਦਰ ਸਿੰਘ ਸਮੇਤ ਉਸ ਦੀ ਪਤਨੀ ਮਨਪ੍ਰੀਤ ਕੌਰ ਅਤੇ ਦਿਲਬਾਗ ਸਿੰਘ ਪੁੱਤਰ ਸੇਵਾ ਸਿੰਘ ਨਿਵਾਸੀ ਨਿਊ ਰਾਜਾ ਗਾਰਡਨ ਨੇ ਆਪਸ ਵਿਚ ਵੰਡ ਲਏ।

ਅਤੁਲ ਨੇ ਕਿਹਾ ਕਿ ਦਵਿੰਦਰ ਸਿੰਘ, ਉਸਦੀ ਪਤਨੀ ਅਤੇ ਦੋਸਤ ਦਿਲਬਾਗ ਸਿੰਘ ਨੇ ਉਸ ਦੇ ਘਰ ਦੀ ਰਜਿਸਟਰੀ ਇਕ ਪੁਲਸ ਮੁਲਾਜ਼ਮ ਦੇ ਨਾਂ ਕਰਵਾ ਦਿੱਤੀ ਅਤੇ ਉਸ ਵਿਚੋਂ ਵੀ 12.50 ਲੱਖ ਰੁਪਏ ਠੱਗ ਲਏ। ਇਸ ਸਬੰਧੀ ਥਾਣਾ ਰਾਮਾ ਮੰਡੀ ਵਿਚ ਦਵਿੰਦਰ ਸਿੰਘ, ਉਸ ਦੀ ਪਤਨੀ ਅਤੇ ਦਿਲਬਾਗ ਸਿੰਘ ਖ਼ਿਲਾਫ਼ ਕੇਸ ਵੀ ਦਰਜ ਹੋਇਆ ਸੀ ਪਰ ਗ੍ਰਿਫ਼ਤਾਰੀ ਤੋਂ ਬਾਅਦ ਜਦੋਂ ਦਵਿੰਦਰ ਸਿੰਘ ਜ਼ਮਾਨਤ ’ਤੇ ਆਇਆ ਤਾਂ ਉਸ ਨੇ ਕੇਸ ਵਾਪਸ ਕਰਵਾਉਣ ਅਤੇ ਤੰਗ-ਪ੍ਰੇਸ਼ਾਨ ਕਰਨ ਲਈ ਅਤੁਲ ਦੇ ਚੋਰੀ ਹੋਏ ਸਾਈਨ ਕੀਤੇ ਚੈੱਕ ਲਾ ਕੇ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ।

ਇਹ ਵੀ ਪੜ੍ਹੋ- 'ਆਪ' ਦੀ ਵੱਡੀ ਜਿੱਤ, ਇਸ਼ਾਂਕ ਕੁਮਾਰ ਚੱਬੇਵਾਲ ਤੋਂ ਰਹੇ ਜੇਤੂ

ਪੀੜਤ ਨੇ ਕਿਹਾ ਕਿ ਪੁਲਸ ਅਧਿਕਾਰੀਆਂ ਨੂੰ ਪਤਾ ਵੀ ਹੈ ਕਿ ਦਵਿੰਦਰ ਸਿੰਘ ਪੇਸ਼ੇ ਤੋਂ ਠੱਗ ਹੈ ਪਰ ਇਸ ਦੇ ਬਾਵਜੂਦ ਉਸ ਦੀ ਸੁਣਵਾਈ ਨਹੀਂ ਹੋਈ। ਜ਼ਿਕਰਯੋਗ ਹੈ ਕਿ ਦਵਿੰਦਰ ਸਿੰਘ ਨੇ ਪਲਵਿੰਦਰ ਕੌਰ ਨਿਵਾਸੀ ਨਰੂੜ (ਫਗਵਾੜਾ) ਨਾਲ ਉਸ ਦੇ ਬੇਟੇ ਨੂੰ ਵੀ ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਦੀ ਠੱਗੀ ਕੀਤੀ ਸੀ ਅਤੇ ਉਸ ਨੂੰ ਵਿਦੇਸ਼ ਭੇਜਣਾ ਤਾਂ ਦੂਰ, ਉਲਟਾ ਉਸ ਦੇ ਦਸਤਾਵੇਜ਼ਾਂ ਦੀ ਗਲਤ ਵਰਤੋਂ ਕਰ ਕੇ ਬੈਂਕ ਵਿਚ ਖਾਤਾ ਖੁਲ੍ਹਵਾ ਲਿਆ ਸੀ ਅਤੇ ਉਸ ’ਤੇ 5.84 ਲੱਖ ਰੁਪਏ ਦਾ ਲੋਨ ਲੈ ਲਿਆ ਸੀ। ਜਦੋਂ ਬੈਂਕ ਵਾਲਿਆਂ ਨੇ ਘਰ ਚਿੱਠੀ ਭੇਜੀ ਤਾਂ ਦਵਿੰਦਰ ਸਿੰਘ ਦੀ ਇਸ ਕਰਤੂਤ ਦਾ ਪਤਾ ਲੱਗਾ। ਉਦੋਂ ਵੀ ਦਵਿੰਦਰ ਸਿੰਘ ਖ਼ਿਲਾਫ਼ ਐੱਫ਼. ਆਈ. ਆਰ. ਦਰਜ ਕੀਤੀ ਗਈ ਸੀ। ਅਤੁਲ ਕਪਿਲਾ ਨੇ ਸੀ. ਪੀ. ਸਵਪਨ ਸ਼ਰਮਾ ਤੋਂ ਖੁਦ ਇਸ ਮਾਮਲੇ ਦੀ ਜਾਂਚ ਕਰਦਿਆਂ ਸੱਚਾਈ ਸਾਹਮਣੇ ਲਿਆ ਕੇ ਮੁਲਜ਼ਮ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ- ਪੰਜਾਬ ਪੁਲਸ ਨੇ ਕਰ 'ਤਾ ਐਨਕਾਊਂਟਰ, ਪੁਲਸ ਤੇ ਬਦਮਾਸ਼ਾਂ ਵਿਚਾਲੇ ਚੱਲੀਆਂ ਤਾਬੜਤੋੜ ਗੋਲ਼ੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


shivani attri

Content Editor

Related News