ਗੁਪਤ ਡਾਟਾ ਲੀਕ ਕਰਨ ’ਤੇ ਕੰਪਨੀ ਦੇ ਆਈ. ਬੀ. ਡੀ. ਆਫ਼ਿਸਰ ’ਤੇ ਕੇਸ ਦਰਜ

Monday, Sep 27, 2021 - 05:33 PM (IST)

ਗੁਪਤ ਡਾਟਾ ਲੀਕ ਕਰਨ ’ਤੇ ਕੰਪਨੀ ਦੇ ਆਈ. ਬੀ. ਡੀ. ਆਫ਼ਿਸਰ ’ਤੇ ਕੇਸ ਦਰਜ

ਜਲੰਧਰ (ਵਰੁਣ)- ਪਠਾਨਕੋਟ ਬਾਈਪਾਸ ਸਥਿਤ ਓ. ਕੇ. ਫਾਰਜਿਨਸ ਪ੍ਰਾਈਵੇਟ ਲਿਮਟਿਡ ਕੰਪਨੀ ਦਾ ਗੁਪਤ ਡਾਟਾ ਲੀਕ ਕਰਨ ’ਤੇ ਕੰਪਨੀ ਦੇ ਆਈ. ਬੀ. ਡੀ. ਓ. (ਇੰਪੋਰਟ ਬਿਜ਼ਨੈੱਸ ਡਿਵੈਲਪਮੈਂਟ ਅਫਸਰ) ਖ਼ਿਲਾਫ਼ ਥਾਣਾ ਨੰਬਰ 8 ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਦੋਸ਼ ਹੈ ਕਿ ਆਈ. ਬੀ. ਡੀ. ਆਫਿਸਰ ਰਾਹੁਲ ਜੈਨ ਨੇ ਕੰਪਨੀ ਦੇ ਸੇਲਜ਼ ਮੈਨੇਜਰ ਅਤੇ ਸਾਬਕਾ ਕਰਮਚਾਰੀ ਨੂੰ ਡਾਟਾ ਭੇਜ ਕੇ ਲੀਕ ਕੀਤਾ ਸੀ ਹਾਲਾਂਕਿ ਡਾਟਾ ਭੇਜਣ ਦੇ ਬਾਅਦ ਰਾਹੁਲ ਨੇ ਕੰਪਨੀ ਤੋਂ ਅਸਤੀਫ਼ਾ ਦੇ ਦਿੱਤਾ ਸੀ ਪਰ ਇਸ ਦਰਮਿਆਨ ਇਹ ਗੱਲ ਸਾਹਮਣੇ ਆਈ ਤਾਂ ਕੰਪਨੀ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਜਿਸ ਤੋਂ ਬਾਅਦ ਰਾਹੁਲ ਜੈਨ ਨੂੰ ਨਾਮਜ਼ਦ ਕਰ ਲਿਆ ਗਿਆ। ਜਿਨ੍ਹਾਂ ਨੂੰ ਡਾਟਾ ਭੇਜਿਆ ਗਿਆ ਸੀ, ਉਨ੍ਹਾਂ ਦੀ ਕੋਈ ਵੀ ਭੂਮਿਕਾ ਸਾਹਮਣੇ ਨਹੀਂ ਆਈ, ਜਿਸ ਕਾਰਨ ਪੁਲਸ ਨੇ ਦੋਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ।

ਇਹ ਵੀ ਪੜ੍ਹੋ : ਕੈਪਟਨ ਸਰਕਾਰ ਦੀ 5 ਮਰਲਾ ਪਲਾਟ ਦੀ ਯੋਜਨਾ ਨੂੰ ਅੱਗੇ ਵਧਾਉਣ ਲਈ ਚੰਨੀ ਸਰਕਾਰ ਨੇ ਦਿੱਤੇ ਇਹ ਨਿਰਦੇਸ਼

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕੰਪਨੀ ਦੇ ਡੀ. ਜੀ. ਐੱਮ. ਪ੍ਰਦੀਪ ਸ਼ਰਮਾ ਨੇ ਦੋਸ਼ ਲਾਇਆ ਕਿ ਰਾਹੁਲ ਜੈਨ ਪੁੱਤਰ ਪ੍ਰਸ਼ੋਤਮ ਲਾਲ ਨਿਵਾਸੀ ਮੁਹੱਲਾ ਨੰਬਰ 27 ਜਲੰਧਰ ਕੈਂਟ ਕੁਝ ਸਮੇਂ ਤੋਂ ਉਨ੍ਹਾਂ ਦੀ ਕੰਪਨੀ ਵਿਚ ਆਈ. ਬੀ. ਡੀ. ਆਫਿਸਰ ਵਜੋਂ ਕੰਮ ਕਰ ਰਿਹਾ ਸੀ। ਰਾਹੁਲ ਜੈਨ ਕੋਲ ਕੰਪਨੀ ਦਾ ਸਾਰਾ ਉਪ ਡਾਟਾ ਸੀ, ਜਿਸ ਵਿਚ ਖਰੀਦੋ-ਫਰੋਖਤ ਦੀ ਜਾਣਕਾਰੀ, ਦੇਸ਼-ਵਿਦੇਸ਼ ਵਿਚ ਕੰਪਨੀ ਦੇ ਗਾਹਕਾਂ ਅਤੇ ਉਨ੍ਹਾਂ ਦੀਆਂ ਕੰਪਨੀਆਂ ਦੇ ਡਾਟੇ ਸਮੇਤ ਹੋਰ ਵੀ ਕਾਫ਼ੀ ਮਹੱਤਵਪੂਰਨ ਡਾਟਾ ਮੌਜੂਦ ਰਹਿੰਦਾ ਸੀ, ਇਸ ਡਾਟੇ ਬਾਰੇ ਕੰਪਨੀ ਦੇ ਕਿਸੇ ਵੀ ਹੋਰ ਅਧਿਕਾਰੀ ਨੂੰ ਜਾਣਕਾਰੀ ਨਹੀਂ ਦਿੱਤੀ ਸੀ। ਪ੍ਰਦੀਪ ਸ਼ਰਮਾ ਨੇ ਪੁਲਸ ਨੂੰ ਦੱਸਿਆ ਕਿ 29 ਅਪਰੈਲ 2021 ਨੂੰ ਰਾਹੁਲ ਜੈਨ ਨੇ ਕੰਪਨੀ ਵਿਚ ਈ-ਮੇਲ ਰਾਹੀਂ ਅਸਤੀਫਾ ਭੇਜ ਦਿੱਤਾ ਸੀ। 1 ਮਈ ਨੂੰ ਕੰਪਨੀ ਨੇ ਅਸਤੀਫ਼ਾ ਮਨਜ਼ੂਰ ਕਰ ਕੇ ਉਸ ਨੂੰ ਤਿੰਨ ਮਹੀਨੇ ਤੱਕ ਕੰਮ ਕਰਨ ਲਈ ਕਿਹਾ ਪਰ 10 ਮਈ ਨੂੰ ਰਾਹੁਲ ਨੇ ਦੁਬਾਰਾ ਤੋਂ ਈ-ਮੇਲ ਕਰਕੇ ਕਿਹਾ ਕਿ ਉਸ ਦਾ ਅਸਤੀਫ਼ਾ ਮਨਜ਼ੂਰ ਕੀਤਾ ਜਾਵੇ ਕਿਉਂਕਿ ਉਸ ਨੇ ਤੁਰੰਤ ਦੂਜੀ ਜੌਬ ਜੁਆਇਨ ਕਰਨੀ ਹੈ। 

ਇਹ ਵੀ ਪੜ੍ਹੋ : ਟਾਂਡਾ ਵਿਖੇ ਇਕੋ ਚਿਖਾ 'ਚ ਬਲੀਆਂ ਪਿਓ-ਪੁੱਤ ਤੇ ਧੀ ਦੀਆਂ ਮ੍ਰਿਤਕ ਦੇਹਾਂ, ਦਰਦਨਾਕ ਮੰਜ਼ਰ ਵੇਖ ਹਰ ਅੱਖ ਹੋਈ ਨਮ

ਇਸ ਈ-ਮੇਲ ’ਤੇ ਕੰਪਨੀ ਨੇ ਨਾਰਾਜ਼ਗੀ ਜ਼ਾਹਰ ਕੀਤੀ ਕਿਉਂਕਿ ਰਾਹੁਲ ਜੈਨ ਨੇ ਕੰਪਨੀ ਦਾ ਡਾਟਾ, ਮੋਬਾਇਲ ਅਤੇ ਹੋਰ ਸਾਮਾਨ ਵਾਪਸ ਤੱਕ ਨਹੀਂ ਕੀਤਾ ਸੀ। ਕੰਪਨੀ ਨੇ 11 ਮਈ ਨੂੰ ਸ਼ਾਮ 4 ਵਜੇ ਰਾਹੁਲ ਨੂੰਆਫਿਸ ਆਉਣ ਦੀ ਈ-ਮੇਲ ਕੀਤੀ। ਅਗਲੇ ਹੀ ਦਿਨ ਰਾਹੁਲ ਆਫਿਸ ਪਹੁੰਚਿਆ ਤਾਂ ਕੰਪਨੀ ਵੱਲੋਂ ਦਿੱਤਾ ਮੋਬਾਇਲ ਵਾਪਸ ਲੈ ਲਿਆ ਗਿਆ। ਮੋਬਾਇਲ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ 6 ਮਈ ਨੂੰ ਰਾਹੁਲ ਨੇ ਕੰਪਨੀ ਦੀਆਂ ਦੋ ਗੁਪਤ ਡਾਟਾ ਫਾਈਲਾਂ ਵ੍ਹਾਟਸਐਪ ਰਾਹੀਂ ਕੰਪਨੀ ਦੇ ਹੀ ਸੇਲਜ਼ ਮੈਨੇਜਰ ਨੂੰ ਭੇਜੀਆਂ ਸਨ ਜਦੋਂਕਿ ਤਿੰਨ ਮਈ ਨੂੰ ਸਾਬਕਾ ਕਰਮਚਾਰੀ ਨੂੰ ਵੀ ਇਹੀ ਫਾਈਲਾਂ ਭੇਜੀਆਂ ਗਈਆਂ ਸਨ। ਸ਼ੱਕ ਪੈਣ ’ਤੇ ਕੰਪਨੀ ਦੇ ਅਧਿਕਾਰੀਆਂ ਨੇ ਲੁਧਿਆਣਾ ਵਿਚ ਰਹਿਣ ਵਾਲੇ ਕੰਪਨੀ ਦੇ ਉਸ ਸੇਲਜ਼ਮੈਨ ਨੂੰ ਬੁਲਾਇਆ। ਉਸ ਦੀ ਲੈਪਟਾਪ ਤੋਂ ਈਮੇਲ ਚੈੱਕ ਕੀਤੀਆਂ ਤਾਂ ਪਤਾ ਲੱਗਾ ਕਿ 6 ਮਈ ਨੂੰ ਰਾਹੁਲ ਨੇ ਉਸ ਨੂੰ 45 ਈ-ਮੇਲਜ਼ ਕੀਤੀਆਂ ਸਨ, ਜਿਨ੍ਹਾਂ ਵਿਚੋਂ 150 ਅਟੈਚਮੈਂਟ ਫਾਈਲਾਂ ਸਨ ਜਦਕਿ ਹਜ਼ਾਰ ਕੰਪਨੀ ਦੇ ਦਸਤਾਵੇਜ਼ ਸਨ। 

ਪੁਲਸ ਨੇ ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਰਾਹੁਲ ਨੇ ਬਿਨਾਂ ਕਿਸੇ ਕੰਪਨੀ ਦੇ ਅਧਿਕਾਰੀ ਤੋਂ ਪੁੱਛੇ ਇਹ ਫਾਈਲਾਂ ਭੇਜੀਆਂ ਸਨ ਹਾਲਾਂਕਿ ਇਸ ਵਿਚ ਰਾਹੁਲ ਦਾ ਨਿੱਜੀ ਸਵਾਰਥ ਸੀ ਪਰ ਕੰਪਨੀ ਦੇ ਮੌਜੂਦਾ ਅਤੇ ਸਾਬਕਾ ਕਰਮਚਾਰੀਆਂ ਨੂੰ ਇਸ ਗੱਲ ਦੀ ਬਿਲਕੁਲ ਵੀ ਜਾਣਕਾਰੀ ਨਹੀਂ ਸੀ ਕਿ ਰਾਹੁਲ ਨੇ ਬਿਨਾਂ ਕਿਸੇ ਅਧਿਕਾਰੀ ਤੋਂ ਪੁੱਛੇ ਉਨ੍ਹਾਂ ਦੀਆਂ ਫਾਈਲਾਂ ਭੇਜੀਆਂ ਹਨ। ਜਾਂਚ ਤੋਂ ਬਾਅਦ ਥਾਣਾ ਨੰਬਰ ਅੱਠ ਦੀ ਪੁਲਸ ਨੇ ਰਾਹੁਲ ਜੈਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਉਸ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ।

ਇਹ ਵੀ ਪੜ੍ਹੋ : ਜਲੰਧਰ ’ਚ ਵੱਡੀ ਵਾਰਦਾਤ, ਸਾਬਕਾ ਫ਼ੌਜੀ ਦੀ ਬਜ਼ੁਰਗ ਪਤਨੀ ਦੇ ਹੱਥ ਪੈਰ ਬੰਨ੍ਹ ਬੇਰਹਿਮੀ ਨਾਲ ਕਤਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

shivani attri

Content Editor

Related News