ਨਸ਼ਾ ਮੁਕਤ ਸਮਾਜ ਦੀ ਸਿਰਜਣਾ ’ਚ ਅਹਿਮ ਭੂਮਿਕਾ ਨਿਭਾ ਰਹੇ ਹਨ ‘ਓਟ’ ਕਲੀਨਿਕ

06/26/2019 5:28:00 AM

ਸੁਲਤਾਨਪੁਰ ਲੋਧੀ,(ਧੀਰ)- ਨਸ਼ਿਆਂ ਦੀ ਦਲਦਲ ’ਚ ਫਸੇ ਨੌਜਵਾਨਾਂ ਲਈ ਓਟ ਕਲੀਨਿਕ ਵਰਦਾਨ ਸਾਬਤ ਹੋ ਰਹੇ ਹਨ। ਇਨ੍ਹਾਂ ਕਲੀਨਿਕਾਂ ’ਚ ਭਰਤੀ ਹੋ ਕੇ ਨੌਜਵਾਨ ਨਸ਼ੇ ਦੀ ਲੱਤ ਤੋਂ ਖਹਿਡ਼ਾ ਛੁਡਾ ਕੇ ਆਪਣੀ ਜ਼ਿੰਦਗੀ ਮੁਡ਼ ਸਵਾਰ ਰਹੇ ਹਨ। ਨਸ਼ਾ ਮੁਕਤ ਪੰਜਾਬ ਮੁਹਿੰਮ ਤਹਿਤ ਪਾਵਨ ਨਗਰੀ ਸੁਲਤਾਨਪੁਰ ’ਚ ਸਿਵਲ ਹਸਪਤਾਲ ਵਿਖੇ ਬਣਾਇਆ ਗਿਆ ‘ਓਟ’ ਸੈਂਟਰ ਨਸ਼ੇ ’ਚ ਫਸੇ ਨੌਜਵਾਨਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਇਨ੍ਹਾਂ ਦੇ ਸੰਪਰਕ ’ਚ ਆ ਕੇ ਆਪਣਾ ਇਲਾਜ ਕਰਵਾ ਚੁੱਕੇ ਨੌਜਵਾਨ ਜਿਥੇ ਅੱਜ ਪੰਜਾਬ ਸਰਕਾਰ ਦਾ ਧੰਨਵਾਦ ਕਰ ਰਹੇ ਹਨ, ਉੱਥੇ ਹੋਰ ਨੌਜਵਾਨ ਜੋ ਨਸ਼ੇ ਦੀ ਦਲਦਲ ’ਚ ਫਸ ਚੁੱਕੇ ਹਨ, ਉਨ੍ਹਾਂ ਲਈ ਪ੍ਰੇਰਣਾ ਸਰੋਤ ਬਣ ਰਹੇ ਹਨ।

‘ਓਟ’ ਕੇਂਦਰ ’ਚ ਇਲਾਜ ਕਰਵਾ ਰਹੇ ਨੌਜਵਾਨ ਮੁਕੇਸ਼ ਦਾ ਕਹਿਣਾ ਸੀ ਕਿ ਨਸ਼ਿਆਂ ਕਾਰਨ ਉਸਦਾ ਜੀਵਨ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਸੀ ਪਰ ਫਿਰ ਥਾਣਾ ਮੁਖੀ ਸੁਲਤਾਨਪੁਰ ਲੋਧੀ ਇੰਸ. ਬਿਕਰਮਜੀਤ ਸਿੰਘ ਤੇ ਹੋਰ ਪੁਲਸ ਅਧਿਕਾਰੀਆਂ ਦੀ ਪ੍ਰੇਰਣਾ ਨਾਲ ਉਸਨੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ‘ਓਟ’ ਕੇਂਦਰ ਤੋਂ ਦਵਾਈ ਲੈਣੀ ਸ਼ੁਰੂ ਕੀਤੀ। ਹੁਣ ਉਸਨੂੰ ਰੋਜ਼ਾਨਾ ਇਕ ਗੋਲੀ ਲੈਣੀ ਪੈਂਦੀ ਹੈ, ਜੋ ਕਿ ਉਹ ਓਟ ਕਲੀਨਿਕ ਤੋਂ ਲੈ ਕੇ ਜਾਂਦਾ ਹੈ। ਹੁਣ ਉਸਦਾ ਜੀਵਨ ਲਗਭਗ ਆਮ ਵਰਗਾ ਹੋ ਗਿਆ ਹੈ। ਉਸਨੇ ਨਸ਼ਾ ਪੀਡ਼ਤ ਵਿਅਕਤੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਨੇਡ਼ੇ ਦੇ ਓਟ ਕੇਂਦਰ ’ਚ ਆਪਣਾ ਇਲਾਜ ਕਰਵਾਉਣ।

‘ਓਟ’ ਕੇਂਦਰ ’ਚ ਨਸ਼ਿਆਂ ’ਚ ਫਸੇ ਨੌਜਵਾਨਾਂ ਨੂੰ ਦਵਾਈ ਦੇਣ ਵਾਲੇ ਡਾ. ਗੁਰਸ਼ਹਿਰ ਨੇ ਨਸ਼ਿਆਂ ’ਚ ਫਸੇ ਲੋਕਾਂ ਦੇ ਕੁਝ ਜ਼ਰੂਰੀ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸ ਤਰ੍ਹਾਂ ਨਸ਼ਿਆਂ ’ਚ ਫਸੇ ਲੋਕਾਂ ਦੀ ਪਛਾਣ ਕੀਤੀ ਜਾ ਸਕਦੀ ਹੈ ਤੇ ਕਿਸ ਤਰ੍ਹਾਂ ਨਸ਼ਿਆਂ ’ਚ ਫਸੇ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਦਿਆਂ ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰਾਂ ’ਚ ਲੈ ਕੇ ਆਉਣ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਰੀਜ਼ਾਂ ਦਾ ਸਰੀਰਕ ਤੇ ਮਾਨਸਿਕ ਦੋਵਾਂ ਤਰੀਕਿਆਂ ਨਾਲ ਇਲਾਜ ਕੀਤਾ ਜਾ ਸਕਦਾ ਹੈ, ਜਿਸ ਤਹਿਤ ਇਕ ਤਾਂ ਉਨ੍ਹਾਂ ਨੂੰ ਨਸ਼ਿਆਂ ਦੇ ਸਰੀਰ ਉੱਪਰ ਪੈਂਦੇ ਮਾਡ਼ੇ ਪ੍ਰਭਾਵਾਂ ਤੇ ਨਸ਼ਿਆਂ ਕਾਰਨ ਭਵਿੱਖ ’ਚ ਹੋਣ ਵਾਲੇ ਨੁਕਸਾਨਾਂ ਖਿਲਾਫ ਜਾਗਰੂਕ ਕਰਕੇ ਦੂਸਰਾ ਇਸਦਾ ਇਲਾਜ ਨਸ਼ਾ ਛੁਡਾਊ/ਓਟ ਕਲੀਨਿਕਾਂ ’ਚ ਦਿੱਤੀ ਜਾਂਦੀ ਦਵਾਈ ਰਾਹੀਂ ਕੀਤਾ ਜਾਂਦਾ ਹੈ।

‘ਓਟ’ ਕੇਂਦਰ ’ਚ ਮਰੀਜ਼ ਨੂੰ ਦਾਖਲ ਨਹੀਂ ਹੋਣਾ ਪੈਂਦਾ : ਐੱਸ. ਐੱਮ. ਓ.

ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਐੱਸ. ਐੱਮ. ਓ. ਡਾ. ਅਨਿਲ ਮਨਚੰਦਾ ਨੇ ਦੱਸਿਆ ਕਿ ਸਰਕਾਰ ਵੱਲੋਂ ਨਸ਼ਿਆਂ ’ਚ ਫਸੇ ਲੋਕਾਂ ਦੇ ਇਲਾਜ ਤੇ ਕੌਂਸਲਿੰਗ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ’ਚ ‘ਓਟ’ ਕੇਂਦਰ ਚਲਾਇਆ ਜਾ ਰਿਹਾ ਹੈ, ਜਿਥੇ ਹਫਤੇ ’ਚ ਤਿੰਨ ਦਿਨ ਡਾਕਟਰ ਸਾਹਿਬ ਨਸ਼ਿਆਂ ’ਚ ਫਸੇ ਨੌਜਵਾਨਾਂ ਦਾ ਮੁਫਤ ਇਲਾਜ ਕਰਦੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤਕ ਕਰੀਬ 250 ਤੋਂ ਵੱਧ ਨੌਜਵਾਨ ਨਸ਼ਿਆਂ ਤੋਂ ਤੌਬਾ ਕਰਕੇ ਇਲਾਜ ਕਰਵਾ ਰਹੇ ਹਨ। ਇਥੇ ਮਰੀਜ਼ ਨੂੰ ਦਾਖਲ ਨਹੀਂ ਹੋਣਾ ਪੈਂਦਾ ਤੇ ਮਰੀਜ਼ ਓਟ ਸੈਂਟਰ ਤੋਂ ਆ ਕੇ ਆਪਣੀ ਦਵਾਈ ਲੈ ਕੇ ਜਾ ਸਕਦਾ ਹੈ।

ਪੁਲਸ ਕਰ ਰਹੀ ਹੈ ਪੂਰੀ ਮਦਦ : ਥਾਣਾ ਮੁਖੀ

ਥਾਣਾ ਮੁਖੀ ਇੰਸ. ਬਿਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਇਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ’ਚੋਂ ਬਾਹਰ ਕੱਢਣ ਵਾਸਤੇ ਪੂਰੀ ਮਦਦ ਕਰ ਰਹੀ ਹੈ। ਹਰੇਕ ਨੌਜਵਾਨ ਨੂੰ ਆਪਣੀ ਨਵੀਂ ਜ਼ਿੰਦਗੀ ਜਿਊਣ ਵਾਸਤੇ ਪੂਰਾ ਮੌਕਾ ਦਿੱਤਾ ਜਾ ਰਿਹਾ ਹੈ। ਇਨ੍ਹਾਂ ਨੌਜਵਾਨਾਂ ਦੇ ਘਰ ਜਾ ਕੇ ਇਨ੍ਹਾਂ ਨੂੰ ਓਟ ਕੇਂਦਰ ਜਾ ਕੇ ਦਵਾਈ ਲੈਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਸਿਟ ਮੁਖੀ ਮੈਡਮ ਗੁਰਪ੍ਰੀਤ ਦਿਓ ਵੱਲੋਂ ਨਸ਼ਿਆਂ ਵਾਲੇ ਪਿੰਡਾਂ ’ਚ ਮੀਟਿੰਗ ਕਰ ਕੇ ਇਨ੍ਹਾਂ ਨੂੰ ਜਾਗਰੂਕ ਕਰਨ ਦੇ ਵਧੀਆ ਨਤੀਜੇ ਸਾਹਮਣੇ ਆਉਣ ਲੱਗੇ ਹਨ।


Bharat Thapa

Content Editor

Related News