ਹੁਣ ਇਕ ਹੀ ਬਟਨ ਨਾਲ ਹੋਵੇਗਾ ਸਤਲੁਜ ਦਰਿਆ ’ਤੇ ਬਣੇ ਡੈਮ ਦੇ ਗੇਟਾਂ ਦਾ ਸੰਚਾਲਨ

Monday, Jan 09, 2023 - 01:01 PM (IST)

ਹੁਣ ਇਕ ਹੀ ਬਟਨ ਨਾਲ ਹੋਵੇਗਾ ਸਤਲੁਜ ਦਰਿਆ ’ਤੇ ਬਣੇ ਡੈਮ ਦੇ ਗੇਟਾਂ ਦਾ ਸੰਚਾਲਨ

ਰੂਪਨਗਰ (ਕੈਲਾਸ਼)- ਰੂਪਨਗਰ ’ਚ ਸਤਲੁਜ ਦਰਿਆ ’ਤੇ ਬਣੇ ਡੈਮ ਜਿਸ ਨਾਲ ਸਤਲੁਜ ਦਰਿਆ ਦੇ ਪਾਣੀ ਨੂੰ ਕੰਟਰੋਲ ਕੀਤਾ ਜਾਂਦਾ ਹੈ, ਦੇ 63 ਗੇਟਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਸਤਲੁਜ ਦਰਿਆ ’ਤੇ ਬਣਿਆ ਉਕਤ ਪੁਲ ਜੋਕਿ ਹੁਸ਼ਿਆਰਪੁਰ, ਪਠਾਨਕੋਟ, ਜੰਮੂ ਕਸ਼ਮੀਰ ਅਤੇ ਜਲੰਧਰ ਦੇ ਰਸਤੇ ਨੂੰ ਜੋੜਦਾ ਹੈ ਅਤੇ ਸੁਰੱਖਿਆ ਦੇ ਮੱਦੇਨਜ਼ਰ ਇਸ ਨੂੰ ਮਹੱਤਵਪੂਰਨ ਮੰਨਿਆ ਜਾਂਦਾ ਹੈ, ਦੀ ਮੁਰੰਮਤ ਦਾ ਕੰਮ ਕਈ ਦਹਾਕਿਆਂ ਬਾਅਦ ਸ਼ੁਰੂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸਤਲੁਜ ਦਰਿਆ ’ਤੇ ਬਣੇ ਪੁਲ ਦੀ ਲੰਬਾਈ ਲਗਭਗ 800 ਮੀਟਰ ਹੈ ਅਤੇ ਸਰਹਿੰਦ ਨਹਿਰ, ਦੋਆਬਾ ਨਹਿਰ ਅਤੇ ਸਤਲੁਜ ਦਰਿਆ ’ਚ ਡਾਊਨ ਸਟ੍ਰੀਮ ਵੱਲ ਪਾਣੀ ਛੱਡਣ ਲਈ ਲਗਭਗ 63 ਗੇਟ ਸਥਾਪਤ ਕੀਤੇ ਗਏ ਹਨ, ਦੀ ਮੁਰੰਮਤ ਆਧੁਨਿਕ ਮਸ਼ੀਨਾਂ ਰਾਹੀਂ ਗੇਟਾਂ ਨੂੰ ਚੁੱਕਣ, ਸਾਕਾਡਾ ਸਿਸਟਮ ਲਗਾਉਣ ਲਈ ਕੰਮ ਸ਼ੁਰੂ ਕੀਤਾ ਗਿਆ ਹੈ।

ਇਸ ’ਤੇ ਲਗਭਗ 8 ਕਰੋੜ ਰੁਪਏ ਖ਼ਰਚ ਹੋਣ ਦਾ ਅਨੁਮਾਨ ਹੈ। ਜਾਣਕਾਰੀ ਅਨੁਸਾਰ ਜਦੋਂ ਸਤਲੁਜ ਦਰਿਆ ’ਤੇ ਪੁਲ ਦੀ ਸਥਾਪਨਾ ਕੀਤੀ ਗਈ ਸੀ ਤਾਂ ਉਸ ਸਮੇਂ ਸਰਹਿੰਦ ਨਹਿਰ ਦੇ ਪਾਣੀ ਨੂੰ ਕੰਟਰੋਲ ਕਰਨ ਲਈ ਗੇਟ ਲਗਾਏ ਗਏ ਸਨ, ਜਿਨ੍ਹਾਂ ਨੂੰ ਚੁੱਕਣ ਲਈ ਮੈਨ ਪਾਵਰ ਦੀ ਲੋੜ ਰਹਿੰਦੀ ਸੀ। ਇਸੇ ਤਰ੍ਹਾਂ ਦੋਆਬਾ ਨਹਿਰ ਅਤੇ ਸਤਲੁਜ ਦਰਿਆ ਦੇ ਡਾਊਨ ਸਟ੍ਰੀਮ ਵਾਲੇ ਪਾਸੇ ਵੀ ਗੇਟ ਲਗਾਏ ਗਏ ਹਨ। ਜਦੋਂ ਵੀ ਦਰਿਆ ’ਚ ਪਾਣੀ ਦਾ ਪੱਧਰ ਵੱਧ ਜਾਂਦਾ ਹੈ ਅਤੇ ਹੜ੍ਹਾਂ ਦਾ ਖ਼ਤਰਾ ਪੈਦਾ ਹੁੰਦਾ ਹੈ, ਤਾਂ ਡਾਊਨ ਸਟ੍ਰੀਮ ਵਲ ਲੱਗੇ ਗੇਟ ਖੋਲ੍ਹ ਦਿੱਤੇ ਜਾਂਦੇ ਹਨ ਤਾਂ ਕਿ ਪਾਣੀ ਦੀ ਨਿਕਾਸੀ ਹੋ ਸਕੇ ਪਰ ਜੋ ਪੁਰਾਣੇ ਸਿਸਟਮ ਸਥਾਪਤ ਹੈ, ਉਸ ਦੇ ਲਈ ਹਰੇਕ ਗੇਟ ਨੂੰ ਵਿਅਕਤੀਗਤ ਤੌਰ ’ਤੇ ਖੋਲ੍ਹਿਆ ਜਾਂਦਾ ਹੈ ਪਰ ਇਕ ਸਕਾਡਾ ਸਿਸਟਮ ਲਗਾਇਆ ਜਾ ਰਿਹਾ ਹੈ। ਇਸ ਨਾਲ ਸਾਰੇ ਗੇਟ ਇਕ ਹੀ ਬਟਨ ਨਾਲ ਆਟੋਮੇਟ ਹੋ ਸਕਣਗੇ।

ਇਹ ਵੀ ਪੜ੍ਹੋ : ਪਤੀ ਨੂੰ ਤਲਾਕ ਦੇ ਕੇ ਆਸ਼ਿਕ ਨਾਲ ਕਰਵਾਇਆ ਵਿਆਹ, ਫਿਰ ਇਕ ਸਾਲ ਮਗਰੋਂ ਉਸ ਨੂੰ ਵੀ ਛੱਡ ਕੇ ਚਾੜ੍ਹ 'ਤਾ ਇਹ ਚੰਨ੍ਹ

PunjabKesari

ਹੜ੍ਹ ਆਉਣ ਦੀ ਸਥਿਤੀ ’ਚ ਸਾਰੇ ਗੇਟਾਂ ਨੂੰ ਆਟੋਮੈਟਿਕ ਸਿਸਟਮ ਰਾਹੀਂ ਖੋਲ੍ਹਣਾ ਅਤੇ ਬੰਦ ਕਰਨਾ ਸੰਭਵ ਹੋਵੇਗਾ। ਇਸ ਲਈ ਇਕ ਕੰਟਰੋਲ ਰੂਮ ’ਚ ਕੰਟਰੋਲ ਰੱਖਿਆ ਜਾ ਰਿਹਾ ਹੈ ਅਤੇ ਕੰਟਰੋਲ ਰੂਮ ਤੋਂ ਹੀ ਪਾਣੀ ਦੀ ਕਿੰਨੀ ਨਿਕਾਸੀ ਹੋ ਰਹੀ ਹੈ। ਇਸ ਬਾਰੇ ਵੀ ਸਾਰੀ ਜਾਣਕਾਰੀ ਮਿਲਦੀ ਰਹੇਗੀ। ਆਧੁਨਿਕ ਸਿਸਟਮ ਲਗ ਜਾਣ ਨਾਲ ਸਦੀਆਂ ਪੁਰਾਣੇ ਗੇਟਾਂ ਦੀ ਕਾਇਆ-ਕਲਪ ਹੋ ਜਾਵੇਗੀ ਅਤੇ ਇਸ ਦਾ ਸੰਚਾਲਨ ਬਹੁਤ ਆਸਾਨ ਹੋ ਜਾਵੇਗਾ।

ਦਰਿਆ ਦਾ ਪਾਣੀ ਵੀ ਕੀਤਾ ਜਾਵੇਗਾ ਬੰਦ
ਸਤਲੁਜ ਦਰਿਆ ’ਤੇ ਬਣੇ ਬੰਨ੍ਹ ਦੇ ਗੇਟਾਂ ਦਾ ਕੰਮ ਪੂਰਾ ਕਰਨ ਲਈ 1 ਜਨਵਰੀ ਤੋਂ 21 ਜਨਵਰੀ ਤੱਕ 21 ਦਿਨਾਂ ਲਈ ਪਾਣੀ ਦਾ ਵਹਾਅ ਪਿੱਛੇ ਤੋਂ ਬੰਦ ਕਰ ਦਿੱਤਾ ਗਿਆ ਹੈ ਜਿਸ ਕਾਰਨ ਸਤਲੁਜ ਦਰਿਆ ’ਚ ਵੀ ਪਾਣੀ ਨਹੀਂ ਹੈ। ਸਰਹਿੰਦ ਨਹਿਰ ਅਤੇ ਦੋਆਬਾ ਨਹਿਰ ’ਚ ਵੀ ਪਾਣੀ ਬੰਦ ਹੈ ਪਰ ਸਤਲੁਜ ਦਰਿਆ ’ਚ ਪਾਣੀ ਪਿੱਛੇ ਤੋਂ ਆ ਰਿਹਾ ਹੈ। ਇਸ ਦੇ ਲਈ ਡਾਊਨ ਸਟ੍ਰੀਮ ਵਾਲੇ ਪਾਸੇ ਸਾਰੇ ਗੇਟ ਖੋਲ੍ਹ ਦਿੱਤੇ ਗਏ ਹਨ। ਸੂਤਰਾਂ ਅਨੁਸਾਰ ਦਰਿਆ ’ਚ ਪਾਣੀ ਦਾ ਵਹਾਅ ਆਪਣੇ ਆਪ ਹੋ ਰਿਹਾ ਹੈ ਅਤੇ ਜਿਸ ਨੂੰ ਸਿੰਚਾਈ ਵਿਭਾਗ ’ਚ ਗ੍ਰੀਨ ਫਲੋਅ ਕਿਹਾ ਜਾਂਦਾ ਹੈ ਦਾ ਡਾਊਨ ਸਟ੍ਰੀਮ ’ਚ ਪੱਧਰ 1000 ਤੋਂ 2000 ਕਿਊਸਿਕ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਦੁਖ਼ਦਾਇਕ ਖ਼ਬਰ: ਚੰਗੇ ਭਵਿੱਖ ਲਈ ਮਨੀਲਾ ਗਏ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

PunjabKesari

ਕੀ ਕਹਿੰਦੇ ਹਨ ਅਧਿਕਾਰੀ?
ਇਸ ਸਬੰਧੀ ਜਦੋਂ ਹੈੱਡ ਵਰਕਸ ਵਿਭਾਗ ਦੇ ਮਕੈਨੀਕਲ ਵਿੰਗ ਦੇ ਇੰਜੀ. ਐੱਸ. ਡੀ. ਓ. ਅਮਨਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਾਰੇ ਸਤਲੁਜ ਦਰਿਆ ਦੇ ਬੰਨ੍ਹ ਦੇ ਸਾਰੇ 63 ਗੇਟਾਂ ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਕਤ ਕੰਮ 1 ਜਨਵਰੀ ਤੋਂ ਸ਼ੁਰੂ ਹੋ ਗਿਆ ਸੀ ਅਤੇ ਇਹ ਮਾਰਚ ਜਾਂ ਅਪ੍ਰੈਲ ਤੱਕ ਮੁਕੰਮਲ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ 21 ਜਨਵਰੀ ਤੱਕ ਪਾਣੀ ਦਾ ਵਹਾਅ ਰੋਕ ਦਿੱਤਾ ਗਿਆ ਹੈ ਤਾਂ ਜੋ ਪਹਿਲਾਂ ਪਾਣੀ ਦੇ ਵਿਚਕਾਰ ਪਏ ਗੇਟਾਂ ਅਤੇ ਮੋਟਰਾਂ ਦੀ ਮੁਰੰਮਤ ਕਰਵਾਈ ਜਾ ਸਕੇ ਅਤੇ ਇਹ ਕੰਮ 21 ਜਨਵਰੀ ਤੱਕ ਮੁਕੰਮਲ ਕਰ ਲਿਆ ਜਾਵੇਗਾ।
ਉਸ ਤੋਂ ਬਾਅਦ ਪਾਣੀ ਦੇ ਬਾਹਰ ਦਾ ਕੰਮ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਉਕਤ ਸਕੀਮ ’ਤੇ ਲਗਭਗ 8 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਨਾਲ ਹੜ੍ਹਾਂ ਦੀ ਸਥਿਤੀ ’ਚ ਪਾਣੀ ਨੂੰ ਕੰਟਰੋਲ ਕਰਨਾ ਆਸਾਨ ਹੋ ਜਾਵੇਗਾ ਅਤੇ ਕਿਹੜੇ ਦਰਿਆ ’ਚ ਕਿੰਨਾ ਪਾਣੀ ਛੱਡਿਆ ਜਾਣਾ ਹੈ, ਇਸ ਦਾ ਸਿਸਟਮ ਵੀ ਆਧੁਨਿਕ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਮੇਂ ਦਰਿਆ ’ਚ ਗ੍ਰੀਨ ਫਲੋ ਚੱਲ ਰਿਹਾ ਹੈ ਜਾਂ ਥਰਮਲ ਦੇ ਪਾਣੀ ਦੀ ਲੀਕੇਜ ਦਰਿਆ ’ਚ ਆ ਰਹੀ ਹੈ ਅਤੇ ਸਮੂਹ ਪਾਣੀ ਨੂੰ ਸਤਲੁਜ ਦਰਿਆ ਦੀ ਡਾਊਨ ਸਟ੍ਰੀਮ ਵੱਲ ਛੱਡਣ ਲਈ ਸਾਰੇ ਗੇਟ ਖੜ੍ਹੇ ਕਰ ਦਿੱਤੇ ਗਏ ਹਨ ਜਦੋਂਕਿ ਸਰਹਿੰਦ ਨਹਿਰ, ਦੋਆਬਾ ਨਹਿਰ ’ਚ ਪਾਣੀ ਨਹੀਂ ਛੱਡਿਆ ਜਾ ਰਿਹਾ। ਉਨ੍ਹਾਂ ਦੱਸਿਆ ਕਿ ਗੇਟਾਂ ਨੂੰ ਰੰਗ-ਰੋਗਨ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੰਮ ਚੱਲਣ ਕਾਰਨ ਹੈੱਡ ਵਰਕਸ ’ਤੇ ਲੋਕਾਂ ਦਾ ਆਉਣਾ-ਜਾਣਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਜ਼ੀਰਾ ਦੇ 23 ਸਾਲਾ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News