ਹੁਣ ਆਬੋਹਵਾ ’ਚ ਜ਼ਹਿਰ ਨਹੀਂ ਘੋਲੇਗੀ ਕਾਲਾ ਸੰਘਿਆਂ ਡਰੇਨ, ਸੁੰਦਰੀਕਰਨ ਲਈ ਨਵਾਂ ਪ੍ਰਾਜੈਕਟ ਤਿਆਰ

Monday, Oct 03, 2022 - 12:29 PM (IST)

ਹੁਣ ਆਬੋਹਵਾ ’ਚ ਜ਼ਹਿਰ ਨਹੀਂ ਘੋਲੇਗੀ ਕਾਲਾ ਸੰਘਿਆਂ ਡਰੇਨ, ਸੁੰਦਰੀਕਰਨ ਲਈ ਨਵਾਂ ਪ੍ਰਾਜੈਕਟ ਤਿਆਰ

ਜਲੰਧਰ (ਸੋਮਨਾਥ)- 4 ਦਹਾਕਿਆਂ ਤੋਂ ਵੱਧ ਸਮੇਂ ਤੋਂ ਜਲੰਧਰ ਸ਼ਹਿਰ ਦੀ ਆਬੋਹਵਾ ਵਿਚ ਜ਼ਹਿਰ ਘੋਲ ਰਹੀ ਕਾਲਾ ਸੰਘਿਆਂ ਡਰੇਨ ਦੇ ਸੁੰਦਰੀਕਰਨ ਲਈ ਬਦਲਾਅ ਨਾਲ ਨਵਾਂ ਪ੍ਰਾਜੈਕਟ ਤਿਆਰ ਕੀਤਾ ਗਿਆ ਹੈ। ਸਮਾਰਟ ਸਿਟੀ ਦੇ ਸਾਬਕਾ ਸੀ. ਈ. ਓ. ਅਤੇ ਨਿਗਮ ਕਮਿਸ਼ਨਰ ਕਰਣੇਸ਼ ਸ਼ਰਮਾ ਦੀ ਬਦਲੀ ਤੋਂ ਬਾਅਦ ਸਮਾਰਟ ਸਿਟੀ ਦੇ ਨਵੇਂ ਮਿਊਂਸੀਪਲ ਕਮਿਸ਼ਨਰ ਦਵਿੰਦਰ ਸਿੰਘ ਦੇ ਆਉਣ ਤੋਂ ਬਾਅਦ ਇਹ ਪ੍ਰਾਜੈਕਟ ਵੀ ਬਦਲ ਗਿਆ ਹੈ। ਇਹ ਪ੍ਰਾਜੈਕਟ ਪਹਿਲਾਂ ਨਾਲੋਂ ਬਿਹਤਰ ਹੈ। ਸਮਾਰਟ ਸਿਟੀ ਦੇ ਸੀ. ਈ. ਓ. ਨੇ ਦੱਸਿਆ ਕਿ ਨਵੇਂ ਪ੍ਰਾਜੈਕਟ ਅਨੁਸਾਰ ਹੁਣ ਇਸ ਡਰੇਨ ਨੂੰ ਪਟਿਆਲਾ ਵਿਚ ਬਣ ਰਹੀ ਛੋਟੀ ਨਦੀ ਦੀ ਤਰਜ਼ ’ਤੇ ਪੂਰੀ ਤਰ੍ਹਾਂ ਕਵਰਡ ਕੀਤਾ ਜਾਵੇਗਾ। ਵਰਣਨਯੋਗ ਹੈ ਕਿ ‘ਜਗ ਬਾਣੀ’ ਵੱਲੋਂ ਡਰੇਨ ਨੂੰ ਪੂਰੀ ਤਰ੍ਹਾਂ ਕਵਰਡ ਕਰਨ ਤੋਂ ਇਲਾਵਾ ਜ਼ਮੀਨ ਹੇਠਲੇ ਪਾਣੀ ਨੂੰ ਪਹੁੰਚ ਰਹੇ ਨੁਕਸਾਨ ਕਾਰਨ ਡਰੇਨ ਵਿਚ ਹੇਠਾਂ ਫਰਸ਼ ਲਾਉਣ ਦਾ ਮਾਮਲਾ ਜ਼ੋਰ-ਸ਼ੋਰ ਨਾਲ ਉਠਾਇਆ ਗਿਆ ਸੀ, ਜੋ ਹੁਣ ਪੂਰੀ ਤਰ੍ਹਾਂ ਲਾਗੂ ਹੁੰਦਾ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ: ਦੇਸ਼ ਪੱਧਰੀ ਸਰਵੇਖਣ ’ਚ 154ਵੇਂ ਰੈਂਕ ’ਤੇ ਆਇਆ ਜਲੰਧਰ ਸ਼ਹਿਰ, ਸਵੱਛਤਾ ਰੈਂਕਿੰਗ ’ਚ 7 ਅੰਕਾਂ ਦਾ ਸੁਧਾਰ

ਇਸ ਡਰੇਨ ਦੇ ਆਲੇ-ਦੁਆਲੇ 2.50 ਲੱਖ ਲੋਕ ਰਹਿੰਦੇ ਹਨ। ਡਰੇਨ ਵਿਚੋਂ ਲੰਘਦੇ ਪਾਣੀ ਨੂੰ ਟਰੀਟ ਕਰਨ ਲਈ ਬਸਤੀ ਪੀਰਦਾਦ ਵਿਚ ਲਾਏ ਗਏ ਐੱਸ. ਟੀ. ਪੀ. (ਸੀਵਰੇਜ ਟਰੀਟਮੈਂਟ ਪਲਾਂਟ) ਦੀ ਪਾਣੀ ਨੂੰ ਟਰੀਟ ਕਰਨ ਦੀ ਸਮਰੱਥਾ 5 ਹਜ਼ਾਰ ਲਿਟਰ ਦੇ ਲਗਭਗ ਹੈ, ਜਦਕਿ ਪਾਣੀ ਦਾ ਫਲੋਅ (ਵਹਾਅ) ਲਗਭਗ 7 ਹਜ਼ਾਰ ਲਿਟਰ ਹੈ। ਅਜਿਹੇ ’ਚ 2 ਹਜ਼ਾਰ ਲਿਟਰ ਪਾਣੀ ਬਿਨਾਂ ਟਰੀਟ ਕੀਤੇ ਹੀ ਡਰੇਨ ’ਚ ਵਹਿ ਜਾਂਦਾ ਹੈ। ਡਰੇਨ ਦੇ ਸੁੰਦਰੀਕਰਨ ਦਾ ਕੰਮ ਜਲੰਧਰ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਕੀਤਾ ਜਾਣਾ ਹੈ। ਨਵੇਂ ਉਸਾਰੇ ਜਾਣ ਵਾਲੇ ਪ੍ਰਾਜੈਕਟ ਦੀ ਲਾਗਤ ਡੇਢ ਗੁਣਾ ਯਾਨੀ 40 ਤੋਂ 60 ਕਰੋੜ ਰੁਪਏ ਤੱਕ ਪਹੁੰਚਣ ਦੀ ਸੰਭਾਵਨਾ ਹੈ ਪਰ ਇਸ ਦੇ ਨਿਰਮਾਣ ਤੋਂ ਬਾਅਦ ਸ਼ਹਿਰ ਦੀ ਆਬੋਹਵਾ ਵਿਚ ਜਿਹੜਾ ਸੁਧਾਰ ਹੋਇਆ ਹੈ, ਉਸ ਨੂੰ ਦੇਖਦੇ ਹੋਏ ਇਹ ਰਕਮ ਬਹੁਤੀ ਵੱਡੀ ਨਹੀਂ ਹੋਵੇਗੀ।
ਪਹਿਲਾ ਪ੍ਰਾਜੈਕਟ ਕੀ ਸੀ।

 

PunjabKesariਕਾਲਾ ਸੰਘਿਆਂ ਡਰੇਨ ਦੇ ਸੁੰਦਰੀਕਰਨ ਲਈ ਕਰੀਬ 40 ਕਰੋੜ ਰੁਪਏ ਦਾ ਪ੍ਰਾਜੈਕਟ ਤਿਆਰ ਕੀਤਾ ਗਿਆ ਸੀ। ਪ੍ਰਾਜੈਕਟ ਤਹਿਤ ਡਰੇਨ ਦੇ ਕਿਨਾਰਿਆਂ ਨੂੰ ਆਰ. ਸੀ. ਸੀ. ਲਾਈਨਿੰਗ ਕਰਕੇ ਪੱਕਾ ਕੀਤਾ ਜਾਣਾ ਸੀ ਅਤੇ ਇਸ ਦੇ ਕਿਨਾਰਿਆਂ ’ਤੇ ਗ੍ਰੀਨ ਬੈਲਟ ਤਿਆਰ ਕੀਤੀ ਜਾਣੀ ਸੀ। ਇਸ ਦੇ ਨਾਲ ਹੀ ਪਠਾਨਕੋਟ ਬਾਈਪਾਸ ਨੇੜੇ ਪਿੰਡ ਬੁਲੰਦਪੁਰ ਦੀ ਕੁਝ ਪੰਚਾਇਤੀ ਜ਼ਮੀਨ ਐਕਵਾਇਰ ਕਰਕੇ ਇਕ ਛੋਟੀ ਨਕਲੀ ਝੀਲ ਬਣਾਉਣ ਦਾ ਪ੍ਰਾਜੈਕਟ ਸੀ। ਇਸ ਤੋਂ ਇਲਾਵਾ ਡਰੇਨ ਦੇ ਕਿਨਾਰਿਆਂ ’ਤੇ ਸਾਈਕਲਿੰਗ ਪਾਥ ਬਣਾਉਣ ਦੇ ਨਾਲ-ਨਾਲ ਲੋਕਾਂ ਦੇ ਬੈਠਣ ਲਈ ਬੈਂਚ ਲਾਉਣ ਦੀ ਵੀ ਤਜਵੀਜ਼ ਰੱਖੀ ਗਈ ਸੀ ਅਤੇ 14 ਕਿਲੋਮੀਟਰ ਤੋਂ ਵੱਧ ਲੰਬੀ ਇਸ ਡਰੇਨ ਦੀ ਡਿਜ਼ਾਈਨਿੰਗ ਕੀਤੀ ਫਾਈਲ ਸਿੰਚਾਈ ਵਿਭਾਗ ਨੂੰ ਭੇਜ ਦਿੱਤੀ ਗਈ ਸੀ।

ਹੁਣ ਕੀ ਬਦਲਾਅ ਕੀਤੇ ਗਏ

ਜਲੰਧਰ ਸਮਾਰਟ ਸਿਟੀ ਦੇ ਪਲਾਨਰ ਸੁਰਜੀਤ ਸਿੰਘ ਸੈਣੀ, ਜਿਹੜੇ ਇਸ ਪ੍ਰਾਜੈਕਟ ’ਤੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਹਨ, ਅਨੁਸਾਰ ਕਾਲਾ ਸੰਘਿਆਂ ਡਰੇਨ ਨੂੰ ਪਠਾਨਕੋਟ ਬਾਈਪਾਸ ਤੋਂ ਚਮਿਆਰਾ ਪੁਲੀ ਤੱਕ ਵਿਕਸਿਤ ਕੀਤਾ ਜਾਵੇਗਾ। ਡਰੇਨ ਦੀਆਂ ਕੰਧਾਂ ਨੂੰ ਪੱਕਾ ਕਰਨ ਤੋਂ ਇਲਾਵਾ ਫਰਸ਼ ਲਾਇਆ ਜਾਵੇਗਾ। ਇਸ ਨਾਲ ਗਰਾਊਂਡ ਲੈਵਲ ਵਾਟਰ ਪ੍ਰਦੂਸ਼ਿਤ ਹੋਣ ਤੋਂ ਬਚੇਗਾ। ਸੈਣੀ ਨੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਟੋਪੋਗ੍ਰਾਫਿਕ ਸਰਵੇ ਕੀਤਾ ਜਾ ਚੁੱਕਾ ਹੈ ਅਤੇ ਮਿੱਟੀ ਪਰਖ ਸਰਵੇ ਵੀ ਕੀਤਾ ਜਾ ਚੁੱਕਾ ਹੈ। ਧਰਤੀ ਹੇਠਲੇ ਪਾਣੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਫਰਸ਼ ਵਿਛਾਉਣ ਦਾ ਫ਼ੈਸਲਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਥਾਣੇਦਾਰ ਦੇ ਪੁੱਤ ਨੇ USA 'ਚ ਚਮਕਾਇਆ ਪੰਜਾਬ ਦਾ ਨਾਂ, ਹਾਸਲ ਕੀਤੀ ਇਹ ਵੱਡੀ ਡਿਗਰੀ

ਉਨ੍ਹਾਂ ਦੱਸਿਆ ਕਿ ਇਸ ਨਾਲ 14 ਕਿਲੋਮੀਟਰ ਡਰੇਨ ਨੂੰ ਉਪਰ ਫਰਸ਼ ਪਾ ਕੇ ਪੂਰੀ ਤਰ੍ਹਾਂ ਢਕ ਦਿੱਤਾ ਜਾਵੇਗਾ। ਲੋਕ ਡਰੇਨ ’ਤੇ ਸੈਰ ਕਰ ਸਕਣਗੇ ਪਰ ਇਸ ਦੇ ਉਪਰ ਸਾਈਕਲ, ਸਕੂਟਰ ਜਾਂ ਹੋਰ ਵਾਹਨ ਲੈ ਕੇ ਨਹੀਂ ਚੱਲਿਆ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਡਰੇਨ ਦੇ ਉਪਰ ਫਰਸ਼ ਦੀ ਚੌੜਾਈ 15 ਫੁੱਟ ਦੇ ਲਗਭਗ ਹੋਵੇਗੀ ਅਤੇ ਇਸ ਦੇ ਕਿਨਾਰਿਆਂ ’ਤੇ ਗ੍ਰੀਨ ਬੈਲਟ ਵਿਕਸਿਤ ਕੀਤੀ ਜਾਵੇਗੀ ਅਤੇ ਰੰਗ-ਬਿਰੰਗੇ ਫੁੱਲਾਂ ਦੇ ਬੂਟੇ ਲਾਉਣ ਨਾਲ ਇਹ ਡਰੇਨ ਹੁਣ ਫੁੱਲਾਂ ਦੀ ਮਹਿਕ ਨਾਲ ਮਹਿਕੇਗੀ।

ਲਾਈਟਾਂ ਲਈ ਲਾਏ ਜਾਣਗੇ ਸੋਲਰ ਪੈਨਲ

ਡਰੇਨ ਉਪਰ ਫਰਸ਼ ਵਿਛਾਉਣ ਤੋਂ ਇਲਾਵਾ ਰਾਤ ਨੂੰ ਰੌਸ਼ਨੀ ਲਈ ਲਾਈਟਾਂ ਲਾਈਆਂ ਜਾਣਗੀਆਂ। ਲਾਈਟਾਂ ਲਈ ਸੋਲਰ ਪੈਨਲ ਲਗਾਉਣ ਦਾ ਪ੍ਰਾਜੈਕਟ ਤਿਆਰ ਕੀਤਾ ਗਿਆ ਹੈ ਤਾਂ ਜੋ ਲਾਈਟਾਂ ਲਈ ਬਾਹਰੀ ਸਰੋਤਾਂ ’ਤੇ ਨਿਰਭਰਤਾ ਨਾ ਰਹੇ।

ਸਫ਼ਾਈ ਲਈ ਬਣਾਏ ਜਾਣਗੇ ਚੈਂਬਰ

ਡਰੇਨ ਵਿਚ ਪਹਿਲਾਂ ਵਾਂਗ ਪਾਣੀ ਛੱਡਿਆ ਜਾਵੇਗਾ। ਡਰੇਨ ਗੰਦੀ ਨਾ ਹੋਵੇ, ਇਸ ਲਈ ਕਈ ਥਾਵਾਂ ’ਤੇ ਚੈਂਬਰ ਬਣਾਏ ਜਾਣਗੇ ਤਾਂ ਜੋ ਡਰੇਨ ਦੀ ਸਫ਼ਾਈ ਹੁੰਦੀ ਰਹੇ। ਇਸ ਤੋਂ ਇਲਾਵਾ ਡਰੇਨ ਵਿਚ ਨਹਿਰੀ ਪਾਣੀ ਦੇ ਵਹਾਅ ਲਈ ਰੈਗੂਲਰ ਗੇਟ ਬਣਾਏ ਜਾਣਗੇ ਤਾਂ ਕਿ ਡਰੇਨ ਓਵਰਫਲੋਅ ਨਾ ਹੋਵੇ।
-14 ਕਿਲੋਮੀਟਰ ਤੋਂ ਵੱਧ ਲੰਬੀ ਹੈ ਕਾਲਾ ਸੰਘਿਆਂ ਡਰੇਨ
-2.50 ਲੱਖ ਦੇ ਲਗਭਗ ਲੋਕ ਵਸਦੇ ਹਨ ਡਰੇਨ ਦੇ ਆਲੇ-ਦੁਆਲੇ
-5 ਹਜ਼ਾਰ ਲਿਟਰ ਵਾਟਰ ਟ੍ਰੀਟ ਕਰਨ ਦੀ ਸਮਰੱਥਾ ਐੱਸ. ਟੀ. ਪੀ. ਦੀ
-2 ਹਜ਼ਾਰ ਲਿਟਰ ਪਾਣੀ ਟਰੀਟ ਹੀ ਨਹੀਂ ਹੁੰਦਾ

ਇਹ ਵੀ ਪੜ੍ਹੋ: ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਜਲੰਧਰ ਪੁਲਸ ਕਮਿਸ਼ਨਰ ਦੀ ਸਖ਼ਤੀ, ਅਧਿਕਾਰੀਆਂ ਨੂੰ ਦਿੱਤੇ ਇਹ ਹੁਕਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News