ਠੀਕਰੀ ਪਹਿਰੇ ਲਾਉਣ ਵਾਲੇ ਲੋਕਾਂ ਨੂੰ ਮੁਸ਼ਕਲ ਆਉਣ ''ਤੇ ਪੁਲਸ ਨੂੰ ਕਰਨ ਸੂਚਿਤ : ACP ਛੇਤਰਾ

4/13/2020 1:27:26 AM

ਜਲੰਧਰ, (ਮਹੇਸ਼)— ਕੋਰੋਨਾ ਖਿਲਾਫ ਲੜਾਈ ਜਿੱਤਣ ਲਈ ਲੋਕਾਂ ਨੇ ਖੁਦ ਹੀ ਆਪਣੇ ਇਲਾਕਿਆਂ ਨੂੰ ਪੂਰੀ ਤਰ੍ਹਾਂ ਸੀਲ ਕਰ ਲਿਆ ਹੈ ਅਤੇ ਦਿਨ-ਰਾਤ ਪਹਿਰਾ ਦੇ ਕੇ ਬਾਹਰੀ ਲੋਕਾਂ ਦੇ ਪ੍ਰਵੇਸ਼ 'ਤੇ ਮੁਕੰਮਲ ਰੋਕ ਲਾ ਦਿੱਤੀ ਹੈ। ਇਹ ਗੱਲ ਏ. ਸੀ. ਪੀ. ਸੈਂਟਰਲ ਹਰਸਿਮਰਤ ਸਿੰਘ ਛੇਤਰਾ ਨੇ ਐਤਵਾਰ ਨੂੰ ਨਵੀਂ ਬਾਰਾਂਦਰੀ ਥਾਣੇ ਅਧੀਨ ਪੈਂਦੇ ਸੀਲ ਕੀਤੇ ਖੇਤਰਾਂ ਪ੍ਰੀਤ ਨਗਰ, ਸੰਤ ਨਗਰ ਅਤੇ ਲਾਡੋਵਾਲੀ ਰੋਡ ਨੂੰ ਦੇਖਣ ਤੋਂ ਬਾਅਦ ਆਖੀ। ਉਨ੍ਹਾਂ ਠੀਕਰੀ ਪਹਿਰੇ ਲਾਉਣ ਵਾਲੇ ਲੋਕਾਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਪੁਲਸ ਨੂੰ ਸੂਚਿਤ ਕਰਨ, ਉਨ੍ਹਾਂ ਦਾ ਪੂਰਾ ਸਹਿਯੋਗ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਸੀਲ ਕੀਤੇ ਇਲਾਕਿਆਂ ਤੋਂ ਸਾਫ ਪਤਾ ਲੱਗਦਾ ਹੈ ਕਿ ਲੋਕ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਗਏ ਹਨ ਕਿ ਆਪਣੇ ਘਰਾਂ ਅਤੇ ਇਲਾਕਿਆਂ ਤੋਂ ਬਾਹਰ ਨਾ ਜਾ ਕੇ ਹੀ ਕੋਰੋਨਾ ਖਿਲਾਫ ਲੜਾਈ ਜਿੱਤੀ ਜਾ ਸਕਦੀ ਹੈ। ਠੀਕਰੀ ਪਹਿਰੇ ਲੱਗਣ ਨਾਲ ਲਗਾਤਾਰ ਨਾਕਿਆਂ 'ਤੇ ਡਿਊਟੀ ਕਰ ਰਹੇ ਪੁਲਸ ਮੁਲਾਜ਼ਮਾਂ ਨੂੰ ਵੀ ਕੁਝ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਧੱਕੇਸ਼ਾਹੀ ਨਾਲ ਠੀਕਰੀ ਪਹਿਰੇ ਤੋਂ ਨਿਕਲਣ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਦੀ ਵੀ ਪੁਲਸ ਨੂੰ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਉਨ੍ਹਾਂ 'ਤੇ ਬਣਦੀ ਕਾਰਵਾਈ ਕੀਤੀ ਜਾ ਸਕੇ।

ਏ. ਸੀ. ਪੀ. ਛੇਤਰਾ ਨੇ ਸੈਂਟਰਲ ਹਲਕੇ ਅਧੀਨ ਪੈਂਦੇ ਥਾਣਿਆਂ ਦੇ ਮੁਖੀਆਂ ਨੂੰ ਵੀ ਹਦਾਇਤਾਂ ਦਿੱਤੀਆਂ ਕਿ ਉਹ ਠੀਕਰੀ ਪਹਿਰੇ ਲਾ ਰਹੇ ਲੋਕਾਂ ਦੇ ਸੰਪਰਕ 'ਚ ਰਹਿਣ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਵਾਉਣ, ਨਾਲ ਹੀ ਉਨ੍ਹਾਂ ਨੇ ਨਾਕਿਆਂ 'ਤੇ ਤਾਇਨਾਤ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਦੇ ਨਾਲ-ਨਾਲ ਆਪਣੀ ਸਿਹਤ ਦਾ ਵੀ ਪੂਰਾ ਧਿਆਨ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪਿਛਲੇ 2-3 ਦਿਨਾਂ ਤੋਂ ਲਗਾਤਾਰ ਪੈ ਰਹੀ ਤੇਜ਼ ਧੁੱਪ ਤੋਂ ਵੀ ਪੁਲਸ ਮੁਲਾਜ਼ਮ ਆਪਣਾ ਬਚਾਅ ਰੱਖਣ।
 


KamalJeet Singh

Content Editor KamalJeet Singh