ਠੰਢੀਆਂ ਹਵਾਵਾਂ ਦੇ ਕਹਿਰ ਨਾਲ ਕੰਬ ਰਿਹਾ ਉੱਤਰ ਭਾਰਤ, 2.8 ਡਿਗਰੀ ਨਾਲ ਪਟਿਆਲਾ ਰਿਹਾ ਸਭ ਤੋਂ ਠੰਢਾ

01/24/2024 8:45:02 AM

ਜਲੰਧਰ (ਪੁਨੀਤ)– ਜਨਵਰੀ ਦਾ ਮਹੀਨਾ ਖ਼ਤਮ ਹੋਣ ਵਿਚ ਲਗਭਗ ਇਕ ਹਫ਼ਤਾ ਬਾਕੀ ਬਚਿਆ ਹੈ ਪਰ ਠੰਢ ਘਟਣ ਦਾ ਨਾਂ ਨਹੀਂ ਲੈ ਰਹੀ। ਸਾਰਾ ਦਿਨ ਚੱਲਣ ਵਾਲੀਆਂ ਠੰਢੀਆਂ ਹਵਾਵਾਂ ਦੇ ਕਹਿਰ ਨਾਲ ਸਮੁੱਚਾ ਉੱਤਰ ਭਾਰਤ ਕੰਬ ਰਿਹਾ ਹੈ। ਹਾਲੋ-ਬੇਹਾਲ ਕਰ ਦੇਣ ਵਾਲੀ ਸਰਦੀ ਵਿਚਕਾਰ ਪੰਜਾਬ ਤੇ ਹਰਿਆਣਾ ਵਿਚ ਅਗਲੇ 2 ਦਿਨਾਂ ਲਈ ਰੈੱਡ ਅਲਰਟ ਐਲਾਨਿਆ ਗਿਆ ਹੈ। ਇਸਦੇ ਮੁਤਾਬਕ ਧੁੰਦ ਦਾ ਕਹਿਰ ਰਹਿਣ ਦੇ ਨਾਲ-ਨਾਲ ਸੀਤ ਲਹਿਰ ਦਾ ਸਾਹਮਣਾ ਕਰਨਾ ਪਵੇਗਾ। ਅਗਲੇ 24 ਘੰਟਿਆਂ ਦੌਰਾਨ ਤਾਪਮਾਨ ਵਿਚ 2 ਡਿਗਰੀ ਤਕ ਗਿਰਾਵਟ ਹੋਣ ਦਾ ਅਨੁਮਾਨ ਹੈ। ਦੂਜੇ ਪਾਸੇ ਵੱਧ ਤੋਂ ਵੱਧ ਤਾਪਮਾਨ ਵਿਚ ਵੀ ਕਮੀ ਆਵੇਗੀ।

ਪੰਜਾਬ ਤੇ ਹਰਿਆਣਾ ਸਮੇਤ ਉੱਤਰ ਭਾਰਤ ਦੇ ਕਈ ਸ਼ਹਿਰਾਂ ਵਿਚ ਅੱਜ ਕੁਝ ਦੇਰ ਲਈ ਧੁੱਪ ਨਿਕਲਣ ਦੇ ਬਾਵਜੂਦ ਠੰਢ ਤੋਂ ਰਾਹਤ ਨਹੀਂ ਮਿਲ ਸਕੀ। ਪੰਜਾਬ ਵਿਚ ਪਟਿਆਲਾ 2.8 ਡਿਗਰੀ ਦੇ ਘੱਟੋ-ਘੱਟ ਤਾਪਮਾਨ ਨਾਲ ਸਭ ਤੋਂ ਠੰਢਾ ਜ਼ਿਲਾ ਰਿਹਾ। ਦੂਜੇ ਪਾਸੇ ਬਠਿੰਡਾ ਵਿਚ 4.2, ਪੰਚਕੂਲਾ 4.3 ਅਤੇ ਫਿਰੋਜ਼ਪੁਰ 5.5 ਡਿਗਰੀ ਤਾਪਮਾਨ ਨਾਲ ਕ੍ਰਮਵਾਰ ਠੰਢ ਵਿਚ ਮੋਹਰੀ ਜ਼ਿਲੇ ਰਹੇ। ਮੌਸਮ ਵਿਗਿਆਨ ਕੇਂਦਰ ਦੇ ਚੰਡੀਗੜ੍ਹ ਸੈਂਟਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਵੱਧ ਤੋਂ ਵੱਧ ਤਾਪਮਾਨ ਦੇ ਸਭ ਤੋਂ ਠੰਢੇ ਸ਼ਹਿਰਾਂ ਵਿਚ ਅੰਮ੍ਰਿਤਸਰ ਮੋਹਰੀ ਰਿਹਾ। ਇਥੇ ਘੱਟ ਤੋਂ ਘੱਟ ਤਾਪਮਾਨ 6.7 ਡਿਗਰੀ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 10 ਡਿਗਰੀ ਤਕ ਰਿਹਾ। ਵੱਧ ਤੋਂ ਵੱਧ ਤੇ ਘੱਟੋ-ਘੱਟ ਤਾਪਮਾਨ ਵਿਚ 3.3 ਡਿਗਰੀ ਦਾ ਫਰਕ ਹੋਣਾ ਠੰਢ ਦੇ ਕਹਿਰ ਦੀ ਕਹਾਣੀ ਬਿਆਨ ਕਰਦਾ ਹੈ।

ਦੂਜੇ ਪਾਸੇ ਬਠਿੰਡਾ ਵਿਚ 10.2, ਫਿਰੋਜ਼ਪੁਰ ਵਿਚ 11.6, ਜਲੰਧਰ ਵਿਚ 12.2 ਅਤੇ ਲੁਧਿਆਣਾ ਵਿਚ 13 ਡਿਗਰੀ ਵੱਧ ਤੋਂ ਵੱਧ ਤਾਪਮਾਨ ਰਿਕਾਰਡ ਕੀਤਾ ਗਿਆ। ਦੂਜੇ ਪਾਸੇ ਪਟਿਆਲਾ ਦੇ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਵਿਚ 10 ਡਿਗਰੀ ਦਾ ਫਰਕ ਦਰਜ ਹੋਇਆ ਹੈ। ਮੌਸਮ ਵਿਭਾਗ ਵੱਲੋਂ ਅੱਜ ਜਾਰੀ ਕੀਤੇ ਗਏ ਅਗਾਊਂ ਅਨੁਮਾਨ ਮੁਤਾਬਕ ਸਮੁੰਦਰੀ ਸਤ੍ਹਾ ਤੋਂ ਉੱਪਰ ਜੈੱਟ ਸਟ੍ਰੀਮ ਹਵਾਵਾਂ ਜਾਰੀ ਰਹਿਣਗੀਆਂ ਅਤੇ ਇਸਦਾ ਪ੍ਰਭਾਵ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿਚ ਦੇਖਣ ਨੂੰ ਮਿਲੇਗਾ। ਇਸੇ ਕ੍ਰਮ ਵਿਚ ਇਕ ਤਾਜ਼ਾ ਵੈਸਟਰਨ ਡਿਸਟਰਬੈਂਸ ਦੇ ਪੱਛਮੀ ਹਿਮਾਚਲ ਖੇਤਰ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ, ਜਿਸ ਨਾਲ ਉੱਤਰ ਭਾਰਤ ਵਿਚ ਸਰਦੀ ਵਧਣ ਦਾ ਅਨੁਮਾਨ ਹੈ।

ਜਾਰੀ ਰਹੇਗਾ ਜਾਨਲੇਵਾ ਕੋਲਡ ਡੇਅ ਦਾ ਕਹਿਰ

ਪਿਛਲੇ 3 ਦਿਨਾਂ ਤੋਂ ਜਾਨਲੇਵਾ ਕੋਲਡ ਡੇਅ ਦੀ ਸਥਿਤੀ ਬਣੀ ਹੋਈ ਹੈ ਅਤੇ ਸੰਘਣੇ ਤੋਂ ਸੰਘਣਾ ਕੋਹਰਾ ਰਿਕਾਰਡ ਕੀਤਾ ਜਾ ਰਿਹਾ ਹੈ। ਇਹ ਸਥਿਤੀ ਅੱਗੇ ਵੀ ਜਾਰੀ ਰਹਿਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਧੁੱਪ ਨਿਕਲਣ ਦਾ ਆਸਾਰ ਹੈ ਪਰ ਬੱਦਲਾਂ ਦੀ ਲੁਕਣਮੀਟੀ ਚੱਲਦੀ ਰਹੇਗੀ, ਜਿਸ ਕਾਰਨ ਧੁੱਪ ਦਾ ਪੂਰਾ ਅਸਰ ਨਹੀਂ ਰਹੇਗਾ। ਹਰਿਆਣਾ ਅਤੇ ਪੰਜਾਬ ਵਿਚ ਸੀਤ ਲਹਿਰ ਦੀ ਸਥਿਤੀ ਤੋਂ ਬਚਾਅ ਕਰਨ ਦੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਤੋਂ ਮੰਦਭਾਗੀ ਖ਼ਬਰ, ਭਾਰਤੀ ਮੂਲ ਦੇ ਵਿਅਕਤੀ ਦਾ ਹਥੌੜਾ ਮਾਰ ਕੇ ਬੇਰਹਿਮੀ ਨਾਲ ਕਤਲ

ਕਰਨਾਲ ’ਚ 2.8, ਪਾਣੀਪਤ ’ਚ 3 ਡਿਗਰੀ ਘੱਟ ਤੋਂ ਘੱਟ ਤਾਪਮਾਨ

ਹਰਿਆਣਾ ਵਿਚ ਪੈ ਰਹੀ ਹੱਡ ਜਮਾ ਦੇਣ ਵਾਲੀ ਸਰਦੀ ਵਿਚਕਾਰ ਕਰਨਾਲ ਦਾ ਘੱਟ ਤੋਂ ਘੱਟ ਤਾਪਮਾਨ 2.8 ਡਿਗਰੀ, ਜਦੋਂ ਕਿ ਪਾਣੀਪਤ ਵਿਚ 3 ਡਿਗਰੀ ਤਾਪਮਾਨ ਰਿਕਾਰਡ ਹੋਇਆ। ਸਿਰਸਾ ਵਿਚ 5.4, ਕੁਰੂਕਸ਼ੇਤਰ ਵਿਚ 4.9, ਨਾਰਨੌਲ ਵਿਚ 6, ਅੰਬਾਲਾ ਵਿਚ 4.6 ਡਿਗਰੀ ਤਾਪਮਾਨ ਲੋਕਾਂ ਲਈ ਪ੍ਰੇਸ਼ਾਨੀਆਂ ਦਾ ਕਾਰਨ ਬਣ ਰਿਹਾ ਹੈ। ਦੂਜੇ ਪਾਸੇ ਵੱਧ ਤੋਂ ਵੱਧ ਤਾਪਮਾਨ ਵਿਚ ਹਿਸਾਰ ਵਿਚ 13, ਗੁੜਗਾਓਂ ਵਿਚ 16.4 ਡਿਗਰੀ ਤਾਪਮਾਨ ਦਰਜ ਹੋਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News