ਸੁੱਕੀ ਠੰਡ ਤੇ ਕੋਰੇ ਦਾ ਕਹਿਰ ਸਬਜ਼ੀਆਂ ਲਈ ਨੁਕਸਾਨਦੇਹ ਹੋ ਰਿਹਾ ਸਿੱਧ, ਜਨਵਰੀ ਦੇ ਅੰਤ ਰਹੇਗਾ ਖ਼ਤਰਾ

Friday, Dec 27, 2024 - 01:55 PM (IST)

ਸੁੱਕੀ ਠੰਡ ਤੇ ਕੋਰੇ ਦਾ ਕਹਿਰ ਸਬਜ਼ੀਆਂ ਲਈ ਨੁਕਸਾਨਦੇਹ ਹੋ ਰਿਹਾ ਸਿੱਧ, ਜਨਵਰੀ ਦੇ ਅੰਤ ਰਹੇਗਾ ਖ਼ਤਰਾ

ਗੁਰਦਾਸਪੁਰ (ਹਰਮਨ)- ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਵਿਚ ਆਈ ਗਿਰਾਵਟ ਕਾਰਨ ਜਿਥੇ ਆਮ ਜਨਜੀਵਨ ਅਤੇ ਲੋਕਾਂ ਦੀ ਸਿਹਤ ’ਤੇ ਅਸਰ ਪੈਣਾ ਸ਼ੁਰੂ ਹੋਇਆ ਹੈ, ਉਥੇ ‘ਕੋਰੇ’ ਕਾਰਨ ਸਬਜ਼ੀਆਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਅਜਿਹੀ ਸਥਿਤੀ ’ਚ ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਸਬਜ਼ੀਆਂ ਨੂੰ ਠੰਡ ਤੋਂ ਬਚਾਉਣ ਲਈ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਦੱਸਣਯੋਗ ਹੈ ਕਿ ਇਸ ਖੇਤਰ ਅੰਦਰ ਇਸ ਮੌਕੇ ਦਿਨ ਦਾ ਤਾਪਮਾਨ 20 ਡਿਗਰੀ ਅਤੇ ਰਾਤ ਦਾ ਔਸਤਨ ਤਾਪਮਾਨ 4-5 ਡਿਗਰੀ ਸੈਂਟੀਗਰੇਡ ਦੇ ਆਸ ਪਾਸ ਹੈ। ਇਸ ਦੇ ਨਾਲ ਹੀ ਕੋਰਾ ਵੀ ਪੈਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਹੱਢ ਚੀਰਵੀਂ ਠੰਡ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਅਜੇ ਤੱਕ ਬਾਰਿਸ਼ ਨਾ ਪੈਣ ਕਾਰਨ ਸੁੱਕੀ ਠੰਡ ਮਨੁੱਖੀ ਸਿਹਤ ਲਈ ਨੁਕਸਾਨਦੇਹ ਸਿੱਧ ਹੋ ਰਹੀ ਹੈ ਅਤੇ ਇਸ ਠੰਢ ਦਾ ਅਸਰ ਪਸ਼ੂ ਪੰਛੀਆਂ ਅਤੇ ਫਸਲਾਂ ’ਤੇ ਵੀ ਪੈ ਰਿਹਾ ਹੈ।

ਖ਼ਾਸ ਤੌਰ ’ਤੇ ਸਬਜ਼ੀਆਂ ਲਈ ਕੋਰਾ ਜ਼ਿਆਦਾ ਲਾਹੇਵੰਦ ਨਹੀਂ ਮੰਨਿਆ ਜਾ ਰਿਹਾ ਹੈ, ਜਿਸ ਕਾਰਨ ਸਬਜ਼ੀਆਂ ਦੇ ਕਾਸ਼ਤਕਾਰ ਕਿਸਾਨਾਂ ਨੂੰ ਜ਼ਿਆਦਾ ਚੌਕਸ ਰਹਿਣ ਦੀ ਲੋੜ ਹੈ। ਸੂਬੇ ਅੰਦਰ ਕਰੀਬ 3.3 ਲੱਖ ਹੈੱਕਟੇਅਰ ਰਕਬੇ ਵਿਚ ਵੱਖ-ਵੱਖ ਸਬਜ਼ੀਆਂ ਦੀ ਕਾਸ਼ਤ ਕੀਤੀ ਜਾਂਦੀ ਹੈ ਜਿਨ੍ਹਾਂ ਵਿਚ ਕਈ ਸਬਜ਼ੀਆਂ ਨੂੰ ਦਸੰਬਰ ਦੇ ਆਖਰੀ ਹਫ਼ਤੇ ਤੋਂ ਜਨਵਰੀ ਦੇ ਅੰਤ ਤੱਕ ਕੋਰੇ ਨਾਲ ਨੁਕਸਾਨ ਹੋਣ ਦਾ ਖ਼ਤਰਾ ਰਹਿੰਦਾ ਹੈ। ਮੁੱਖ ਤੌਰ ’ਤੇ ਆਲੂ, ਟਮਾਟਰ, ਮਿਰਚ, ਸ਼ਿਮਲਾ ਮਿਰਚ, ਬੈਂਗਣ, ਮਟਰ ਅਤੇ ਕੱਦੂ ਜਾਤੀ ਦੀਆਂ ਅਗੇਤੀਆਂ ਬੀਜੀਆਂ ਸਬਜ਼ੀਆਂ ’ਤੇ ਕੋਰੇ ਦਾ ਜ਼ਿਆਦਾ ਅਸਰ ਹੋ ਸਕਦਾ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਹਵਾਈ ਅੱਡੇ ਤੋਂ ਅੱਜ ਨਵੀਆਂ ਉਡਾਣਾਂ ਹੋਈਆਂ ਸ਼ੁਰੂ

ਕਿਵੇਂ ਕੀਤਾ ਜਾਵੇ ਬਚਾਅ

ਸਬਜ਼ੀਆਂ ਨੂੰ ਕੋਰੇ ਤੋਂ ਬਚਾਅ ਲਈ ਸਬਜੀਆਂ ਦੀ ਬਿਜਾਈ ਮੌਕੇ ਹੀ ਧਿਆਨ ਦੇਣ ਦੀ ਲੋੜ ਹੁੰਦੀ ਹੈ ਜਿਸ ਤਹਿਤ ਸਬਜ਼ੀਆਂ ਲਗਾਉਣ ਲਈ ਪੂਰਬ-ਪੱਛਮ ਦਿਸ਼ਾ ’ਚ ਵੱਟਾਂ ਬਣਾ ਕੇ ਦੱਖਣ ਵਾਲੇ ਪਾਸੇ ਬਿਜਾਈ ਕਰਨੀ ਚਾਹੀਦੀ ਹੈ ਤਾਂ ਜੋ ਸੂਰਜ ਦੀਆਂ ਕਿਰਨਾਂ ਜ਼ਿਆਦਾ ਪੈਣ ਨਾਲ ਬੂਟਿਆਂ ਦੇ ਆਲੇ-ਦੁਆਲੇ ਦਾ ਤਾਪਮਾਨ ਜ਼ਿਆਦਾ ਰਹੇ।

ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਪਿਛੇਤੀਆਂ ਬੀਜੀਆਂ ਸਬਜ਼ੀਆਂ ਦੇ ਮੁਕਾਬਲੇ ਜੋ ਸਬਜ਼ੀਆਂ ਸਹੀ ਸਮੇਂ ’ਤੇ ਬੀਜੀਆਂ ਜਾਂਦੀਆਂ ਹਨ, ਉਨ੍ਹਾਂ ’ਤੇ ਕੋਰੇ ਦਾ ਨੁਕਸਾਨ ਘੱਟ ਹੁੰਦਾ ਹੈ। ਕਿਸਾਨਾਂ ਨੂੰ ਫਸਲ ਦੀ ਗੋਡੀ ਕਰਨ ਮੌਕੇ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਨ੍ਹਾਂ ਦਿਨਾਂ ’ਚ ਕੋਰਾ ਪੈਣ ਦਾ ਖਤਰਾ ਹੋਵੇ, ਉਨ੍ਹਾਂ ਦਿਨਾਂ ’ਚ ਗੋਡੀ ਨਾ ਕੀਤੀ ਜਾਵੇ।

ਇਹ ਵੀ ਪੜ੍ਹੋ- ਪੰਜਾਬ 'ਚ ਸਾਲ 2025 ਦੀਆਂ ਛੁੱਟੀਆਂ ਦੀ ਦੇਖ ਲਓ ਲਿਸਟ, ਕਈ ਸਰਕਾਰੀ ਛੁੱਟੀਆਂ ਨੂੰ ਖਾ ਜਾਵੇਗਾ ਐਤਵਾਰ

ਸਰਦੀ ਦੇ ਮੌਸਮ ’ਚ ਸਬਜ਼ੀਆਂ ਨੂੰ ਉੱਤਰ-ਪੱਛਮ ਦਿਸ਼ਾ ਵਾਲੀ ਸਾਈਡ ਤੋਂ ਸਰਕੰਡੇ ਦਾ ਛੌਰਾ ਕਰ ਦੇਣਾ ਚਾਹੀਦਾ ਹੈ ਅਤੇ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਦੱਖਣ ਵਾਲੇ ਪਾਸੇ ਤੋਂ ਬੂਟਿਆਂ ਨੂੰ ਧੁੱਪ ਪੈਂਦੀ ਰਹੇ। ਸਬਜ਼ੀਆਂ ਨੂੰ ਕੋਰੇ ਤੋਂ ਬਚਾਉਣ ਲਈ ਸਿਲਵਰ-ਕਾਲੀ ਜਾਂ ਕਾਲੀ ਪਲਾਸਟਿਕ ਦੀ ਸ਼ੀਟ ਨਾਲ ਮਲਚਿੰਗ ਕੀਤੀ ਜਾ ਸਕਦੀ ਹੈ।

ਨੀਵੀਆਂ ਸੁਰੰਗਾਂ ਵਾਲੀ ਵਿਧੀ ਵੀ ਕੋਰੇ ਤੋਂ ਸਬਜ਼ੀਆਂ ਨੂੰ ਬਚਾਉਣ ਵਿਚ ਸਹਾਈ ਹੁੰਦੀ ਹੈ। ਇਸ ਮੰਤਵ ਲਈ ਬੂਟਿਆਂ ਦੀਆਂ ਲਾਈਨਾਂ ਨੂੰ ਪਾਰਦਰਸ਼ੀ ਪਲਾਸਟਿਕ ਸੀਟ ਨਾਲ ਢੱਕਣਾ ਚਾਹੀਦਾ ਹੈ। ਆਮ ਤੌਰ ’ਤੇ ਇਸ ਤਕਨੀਕ ਦੀ ਸਿਫਾਰਸ਼ ਗਰਮ ਰੁੱਤ ਦੀਆਂ ਸਬਜ਼ੀਆਂ ਨੂੰ ਅਗੇਤੀ ਉਗਾਉਣ ਲਈ ਕੀਤੀ ਜਾਂਦੀ ਹੈ ਅਤੇ ਇਸ ਨਾਲ ਇਨ੍ਹਾਂ ਸਬਜ਼ੀਆਂ ਦੀ ਤੁੜਾਈ ਮੁੱਖ ਮੌਸਮ ’ਚ ਬੀਜੀ ਸਬਜ਼ੀ ਨਾਲੋਂ 30-45 ਦਿਨ ਅਗੇਤੀ ਲਈ ਜਾ ਸਕਦੀ ਹੈ। ਖੇਤੀ ਮਾਹਿਰਾਂ ਅਨੁਸਾਰ ਖੀਰਾ, ਸ਼ਿਮਲਾ ਮਿਰਚ, ਮਿਰਚ, ਟਮਾਟਰ, ਖਰਬੂਜਾ ਅਤੇ ਬੈਂਗਣ ਨੂੰ ਨੀਵੀਂਆਂ ਸੁਰੰਗਾਂ ਵਾਲੀ ਤਕਨੀਕ ਨਾਲ ਕਾਸ਼ਤ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ- ਪੰਜਾਬ ਬੰਦ ਨੂੰ ਲੈ ਕੇ ਵੱਡੀ ਅਪਡੇਟ, ਜਾਣੋ ਕੀ ਖੁੱਲ੍ਹੇਗਾ ਤੇ ਕੀ ਹੋਵੇਗਾ ਬੰਦ!

ਹਲਕੀ ਸਿੰਚਾਈ ਕਰ ਕੇ ਵੀ ਘੱਟ ਕੀਤਾ ਜਾ ਸਕਦਾ ਹੈ ਪ੍ਰਭਾਵ

ਕੋਰੇ ਦੇ ਦਿਨਾਂ ਵਿਚ ਹਲਕੀ ਸਿੰਚਾਈ ਕਰ ਕੇ ਵੀ ਸਬਜ਼ੀਆਂ ਨੂੰ ਕੋਰੇ ਦੇ ਪ੍ਰਭਾਵ ਤੋਂ ਬਚਾਇਆ ਜਾ ਸਕਦਾ ਹੈ। ਦਿਨ ਦੇ ਸਮੇਂ ਪੈਣ ਵਾਲੀਆਂ ਸੂਰਜ ਦੀਆਂ ਕਿਰਨਾਂ ਸੁੱਕੀ ਮਿੱਟੀ ਦੇ ਮੁਕਾਬਲੇ ਗਿੱਲੀ ਮਿੱਟੀ ਨੂੰ ਜਲਦੀ ਗਰਮ ਕਰਦੀਆਂ ਹਨ। ਦਿਨ ਸਮੇਂ ਵਧਿਆ ਹੋਇਆ ਮਿੱਟੀ ਦਾ ਤਾਪਮਾਨ ਰਾਤ ਸਮੇਂ ਬੂਟਿਆਂ ਨੂੰ ਕੋਰੇ ਤੋਂ ਬਚਾਉਣ ’ਚ ਸਹਾਈ ਹੁੰਦਾ ਹੈ। ਇਸ ਕਰ ਕੇ ਜਦੋਂ ਕੋਰਾ ਪੈਣ ਦਾ ਖਤਰਾ ਹੋਵੇ ਤਾਂ ਸਬਜ਼ੀਆਂ ਦੇ ਖੇਤਾਂ ਨੂੰ ਹਲਕਾ ਪਾਣੀ ਲਗਾ ਦੇਣਾ ਚਾਹੀਦਾ ਹੈ। ਇਸੇ ਤਰ੍ਹਾਂ ਖੇਤਾਂ ਵਿਚ ਸੁੱਕੀ ਰਹਿੰਦ-ਖੂੰਹਦ, ਸੁੱਕੀਆਂ ਲੱਕੜਾਂ, ਘਾਹ, ਸੁੱਕੇ ਪੱਤਿਆਂ ਦੇ ਢੇਰ ਤਿਆਰ ਕੀਤੇ ਜਾਂਦੇ ਹਨ ਅਤੇ ਸ਼ਾਮ ਸਮੇਂ ਢੇਰ ਨੂੰ ਅੱਗ ਲਗਾ ਕੇ ਹੌਲੀ-ਹੌਲੀ ਧੂੰਆਂ ਪੈਦਾ ਕੀਤਾ ਜਾਂਦਾ ਹੈ ਤਾਂ ਜੋ ਬੂਟਿਆਂ ਦੇ ਆਲੇ-ਦੁਆਲੇ ਦਾ ਤਾਪਮਾਨ ਵਧਾਇਆ ਜਾ ਸਕੇ। ਇਸ ਤਰ੍ਹਾਂ ਕਰਨ ਨਾਲ ਬੂਟਿਆਂ ਦੇ ਆਲੇ-ਦੁਆਲੇ ਦਾ ਤਾਪਮਾਨ ਵਧਾ ਕੇ ਇਨ੍ਹਾਂ ਨੂੰ ਕੋਰੇ ਦੇ ਮਾੜੇ ਪ੍ਰਭਾਵ ਤੋਂ ਬਚਾਇਆ ਜਾ ਸਕਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News