ਸ਼ਿਮਲੇ ਨਾਲੋਂ ਵੀ ਠੰਡਾ ਹੋਇਆ ਚੰਡੀਗੜ੍ਹ, ਦਿਨ-ਰਾਤ ਦੇ ਤਾਪਮਾਨ ''ਚ ਸਿਰਫ਼ 3 ਡਿਗਰੀ ਦਾ ਫ਼ਰਕ

Monday, Dec 16, 2024 - 02:24 AM (IST)

ਚੰਡੀਗੜ੍ਹ (ਅਧੀਰ ਰੋਹਾਲ) : ਦਸੰਬਰ ਮਹੀਨਾ ਹਾਲੇ ਅੱਧਾ ਹੀ ਲੰਘਿਆ ਹੈ ਅਤੇ ਚੰਡੀਗੜ੍ਹ ਦੀਆਂ ਰਾਤਾਂ ਸ਼ਿਮਲਾ ਨਾਲੋਂ 7 ਡਿਗਰੀ ਤੋਂ ਵੱਧ ਠੰਢੀਆਂ ਹੋ ਗਈਆਂ ਹਨ। ਇਸ ਵਾਰ 15 ਦਸੰਬਰ ਦੇ ਆਸ-ਪਾਸ ਚੰਡੀਗੜ੍ਹ ਦਾ ਮੌਸਮ ਰਾਤ ਵੇਲੇ ਸ਼ਿਮਲਾ ਨਾਲੋਂ ਕਿਤੇ ਜ਼ਿਆਦਾ ਠੰਢਾ ਹੋ ਗਿਆ ਹੈ। 

ਪਿਛਲੇ ਕੁਝ ਦਿਨਾਂ ਤੋਂ ਚੰਡੀਗੜ੍ਹ ਵਿਚ ਦੋ ਰਾਤਾਂ ਸ਼ਿਮਲਾ ਨਾਲੋਂ ਠੰਢੀਆਂ ਰਹੀਆਂ ਪਰ ਸ਼ਨੀਵਾਰ ਰਾਤ ਨੂੰ ਚੰਡੀਗੜ੍ਹ ਵਿਚ ਘੱਟੋ-ਘੱਟ ਤਾਪਮਾਨ ਸ਼ਿਮਲਾ ਦੇ ਮੁਕਾਬਲੇ 7.3 ਡਿਗਰੀ ਹੇਠਾਂ ਚਲਾ ਗਿਆ। ਸ਼ਿਮਲਾ ’ਚ ਘੱਟੋ-ਘੱਟ ਤਾਪਮਾਨ 12.2 ਡਿਗਰੀ ਰਿਹਾ, ਜਦਕਿ ਚੰਡੀਗੜ੍ਹ ’ਚ ਤਾਪਮਾਨ 4.9 ਡਿਗਰੀ ’ਤੇ ਆ ਗਿਆ। ਰਾਤ ਨੂੰ ਹੀ ਨਹੀਂ, ਚੰਡੀਗੜ੍ਹ ਅਤੇ ਸ਼ਿਮਲਾ ’ਚ ਹੁਣ ਦਿਨ ਦੇ ਤਾਪਮਾਨ ’ਚ ਸਿਰਫ 3 ਡਿਗਰੀ ਦਾ ਫਰਕ ਹੈ। ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 22.7 ਡਿਗਰੀ ਰਿਹਾ ਜਦੋਂਕਿ ਸ਼ਿਮਲਾ ਦਾ ਤਾਪਮਾਨ 19 ਡਿਗਰੀ ਰਿਹਾ। ਆਉਣ ਵਾਲੇ ਦਿਨਾਂ ਵਿਚ ਦਿਨ ਅਤੇ ਰਾਤ ਦੇ ਮੌਸਮ ਵਿਚ ਕੋਈ ਵੱਡਾ ਬਦਲਾਅ ਹੋਣ ਦੀ ਸੰਭਾਵਨਾ ਨਹੀਂ ਹੈ। ਹਾਲਾਂਕਿ, ਪੱਛਮੀ ਗੜਬੜੀ ਦੇ ਮੁੜ ਸਰਗਰਮ ਹੋਣ ਨਾਲ 16 ਅਤੇ 17 ਨੂੰ ਸ਼ਹਿਰ ਵਿਚ ਹਲਕੇ ਬੱਦਲ ਆ ਸਕਦੇ ਹਨ।

ਇਹ ਵੀ ਪੜ੍ਹੋ- ਕੱਲ੍ਹ ਲੱਗਿਆ 'ਛੁਆਰਾ', ਅੱਜ ਖੜ੍ਹੇ ਪੈਰ ਵਿਆਹ ਤੋਂ ਮੁਕਰ ਗਈ ਲਾੜੀ, ਖ਼ਾਲੀ ਹੱਥ ਮੁੜੀ ਬਰਾਤ

ਹੁਣ ਸਰਦੀਆਂ ਦੀ ਧੁੱਪ ਦਿਨ ਵੇਲੇ ਵੀ ਨਰਮ ਰਹੇਗੀ, ਆਉਣ ਵਾਲੇ ਦਿਨਾਂ ਵਿਚ ਛਾਏਗਾ ਕੋਹਰਾ
ਪਿਛਲੇ ਕੁਝ ਦਿਨਾਂ ਤੋਂ ਰਾਤ ਦੇ ਤਾਪਮਾਨ ’ਚ ਗਿਰਾਵਟ ਅਤੇ ਇਸ ਦੇ ਨਾਲ ਚੱਲਣ ਵਾਲੀਆਂ ਠੰਡੀਆਂ ਹਵਾਵਾਂ ਕਾਰਨ ਦਿਨ ’ਚ ਵੀ ਠੰਡ ਦਾ ਅਸਰ ਦੇਖਣ ਨੂੰ ਮਿਲੇਗਾ। ਅਜਿਹਾ ਇਸ ਲਈ ਕਿਉਂਕਿ ਦਿਨ ਵੇਲੇ ਉੱਤਰ ਤੋਂ ਆਉਣ ਵਾਲੀਆਂ ਤੇਜ਼ ਠੰਡੀਆਂ ਹਵਾਵਾਂ ਅਤੇ ਪਹਾੜਾਂ ਤੋਂ ਆਉਣ ਵਾਲੀਆਂ ਠੰਡੀਆਂ ਹਵਾਵਾਂ ਤਾਪਮਾਨ ਨੂੰ ਵਧਣ ਨਹੀਂ ਦੇਣਗੀਆਂ ਅਤੇ ਵਾਤਾਵਰਣ ਨੂੰ ਠੰਡਾ ਰੱਖਣਗੀਆਂ। ਲਗਾਤਾਰ ਠੰਢੀਆਂ ਰਾਤਾਂ ਅਤੇ ਦਿਨ ਵੇਲੇ ਸੂਰਜ ਦੇ ਥੋੜ੍ਹੇ ਸਮੇਂ ਲਈ ਨਿਕਲਨ ਕਾਰਨ ਸੂਰਜ ਦੀ ਰੌਸ਼ਨੀ ਵਾਤਾਵਰਨ ਦੀ ਠੰਢਕ ਨੂੰ ਘੱਟ ਨਹੀਂ ਕਰ ਸਕੇਗੀ। ਆਉਣ ਵਾਲੇ ਦਿਨਾਂ ’ਚ ਇਨ੍ਹਾਂ ਠੰਡੀਆਂ ਹਵਾਵਾਂ ਨਾਲ ਆਉਣ ਵਾਲੀ ਨਮੀ ਚੰਡੀਗੜ੍ਹ ਸਮੇਤ ਮੈਦਾਨੀ ਇਲਾਕਿਆਂ ’ਚ ਕੋਹਰਾ ਲੈ ਕੇ ਆਵੇਗੀ।

ਇਹ ਵੀ ਪੜ੍ਹੋ- ਮੁਸ਼ਕਲਾਂ 'ਚ ਘਿਰਿਆ ਮਸ਼ਹੂਰ ਪੰਜਾਬੀ ਗਾਇਕ, 'ਪਤਨੀ' ਨੇ ਹੀ ਕਰਵਾ'ਤੀ FIR

ਇਸ ਵਾਰ ਇੱਕ ਮਹੀਨਾ ਪਹਿਲਾਂ ਅਜਿਹੀ ਠੰਢ
ਪੂਰਵ ਅਨੁਮਾਨ ਮੁਤਾਬਕ ਇਸ ਵਾਰ ਠੰਡ ਦੇ ਜਲਦੀ ਸ਼ੁਰੂ ਹੋਣ ਦੀ ਸੰਭਾਵਨਾ ਸੀ। ਮੌਜੂਦਾ ਮੌਸਮ ਦਾ ਪੈਟਰਨ ਹੁਣ ਇਸ ਭਵਿੱਖਬਾਣੀ ਨੂੰ ਸਹੀ ਸਾਬਤ ਕਰ ਰਿਹਾ ਹੈ। ਦਸੰਬਰ ਮਹੀਨੇ ਵਿਚ ਚੰਡੀਗੜ੍ਹ ਵਿਚ ਰਾਤ ਦੇ ਤਾਪਮਾਨ ਵਿਚ ਇੰਨੀ ਗਿਰਾਵਟ ਦਰਜ ਨਹੀਂ ਹੁੰਦੀ ਸੀ ਪਰ ਇਸ ਵਾਰ ਦਸੰਬਰ ਦੇ ਪਹਿਲੇ ਪਖਵਾੜੇ ਵਿਚ ਹੀ ਰਾਤ ਦੇ ਤਾਪਮਾਨ ਵਿਚ ਅਚਾਨਕ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਫਿਲਹਾਲ ਆਸਪਾਸ ਦੇ ਪਹਾੜੀ ਇਲਾਕਿਆਂ ’ਚ ਮਾਮੂਲੀ ਬਰਫਬਾਰੀ ਤੋਂ ਬਾਅਦ ਇਹ ਸਥਿਤੀ ਬਣੀ ਹੋਈ ਹੈ। 25 ਦਸੰਬਰ ਤੋਂ ਬਾਅਦ ਪਹਾੜਾਂ ’ਚ ਭਾਰੀ ਬਰਫਬਾਰੀ ਤੋਂ ਬਾਅਦ ਚੰਡੀਗੜ੍ਹ ਸਮੇਤ ਮੈਦਾਨੀ ਇਲਾਕਿਆਂ ’ਚ ਠੰਡ ਹੋਰ ਵਧ ਜਾਵੇਗੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News