ਗ਼ਰੀਬਾਂ ਦੇ ਕੱਟੇ ਗਏ ਰਾਸ਼ਨ ਕਾਰਡਾਂ ਨੂੰ ਹਰ ਹੀਲੇ ਮੁੜ ਕਰਵਾਇਆ ਜਾਵੇਗਾ ਚਾਲੂ: ਨਿਮਿਸ਼ਾ ਮਹਿਤਾ
Sunday, Jun 25, 2023 - 05:18 PM (IST)

ਗੜ੍ਹਸ਼ੰਕਰ- ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚਲਦਿਆਂ ਗ਼ਰੀਬ ਲੋਕਾਂ ਦੇ ਕੱਟੇ ਕਣਕ ਵਾਲੇ ਰਾਸ਼ਨ ਕਾਰਡਾਂ ਦਾ ਦੁਖ਼ ਸੁਣਨ ਲਈ ਗੜ੍ਹਸ਼ੰਕਰ ਭਾਜਪਾ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਵੱਲੋਂ ਥਾਣਾ ਪਿੰਡ ਦਾ ਦੌਰਾ ਕੀਤਾ ਗਿਆ। ਇਸ ਮੌਕੇ ਲੋਕਾਂ ਨੇ ਨਿਮਿਸ਼ਾ ਨੂੰ ਕਿਹਾ ਕਿ ਤੁਸੀਂ ਸਾਡੇ ਕਾਰਡ ਬਣਵਾ ਕੇ ਦਿੱਤੇ ਸਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਾਡੀ ਇਹ ਸਹੂਲਤ ਖੋਹ ਲਈ ਗਈ ਹੈ। ਲੋਕਾਂ ਨੂੰ ਕੱਟੇ ਰਾਸ਼ਨ ਕਾਰਡਾਂ ਦਾ ਮਸਲਾ ਹੱਲ ਕਰਵਾਉਣ ਦਾ ਦਿਲਾਸਾ ਦਿੰਦੇ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਲੋਕਾਂ ਦਾ ਦਰਦ ਸੁਣਨ ਲਈ ਉਹ ਪਿੰਡ-ਪਿੰਡ ਜਾ ਰਹੇ ਹਨ ਅਤੇ ਗੜ੍ਹਸ਼ੰਕਰ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਸਮੂਚਾ ਹਲਕਾ ਗ਼ਰੀਬ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਨਤਾ 'ਤੇ ਕੋਈ ਤਰਸ ਨਹੀਂ ਕੀਤਾ ਗਿਆ। ਸਗੋਂ ਉਨ੍ਹਾਂ ਦੇ ਹੱਕ ਦੀ ਕਣਕ ਜੋਕਿ ਕੇਂਦਰ ਸਰਕਾਰ ਭੇਜਦੀ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਉਹ ਵੀ ਖੋਹ ਲਈ ਗਈ ਹੈ।
ਇਹ ਵੀ ਪੜ੍ਹੋ- ਗਿਆਨੀ ਸੁਲਤਾਨ ਸਿੰਘ ਨੇ ਸੰਭਾਲੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਸੇਵਾ
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿਧਾਇਕ ਜੈ ਕ੍ਰਿਸ਼ਨ ਰੌੜੀ ਵੱਲੋਂ ਜਗ੍ਹਾ-ਜਗ੍ਹਾ ਜਾ ਕੇ ਦੋਬਾਰਾ ਕਣਕ ਵਾਲੇ ਕਾਰਡ ਬਣਵਾਉਣ ਦਾ ਡਰਾਮਾ ਖੇਡਿਆ ਜਾ ਰਿਹਾ ਹੈ ਪਰ ਹਲਕਾ ਵਿਧਾਇਕ ਇਹ ਡਰਾਮਾ ਕਰਦਿਆਂ ਲੋਕਾਂ ਨੂੰ ਇਹ ਜ਼ਰੂਰ ਦੱਸੇ ਕਿ ਉਸ ਦੀ ਪਾਰਟੀ ਦੀ ਸਰਕਾਰ ਦੇ ਚਲਦਿਆਂ ਅਤੇ ਉਸ ਦੇ ਸੱਤਾ ਵਿਚ ਹੁੰਦਿਆਂ ਗ਼ਰੀਬਾਂ ਦੀਆਂ ਧੋਣਾਂ 'ਤੇ ਆਰਾ ਕਿਉਂ ਚਲਾਇਆ ਗਿਆ ਹੈ ਅਤੇ ਗ਼ਰੀਬਾਂ ਮਜ਼ਲੂਮਾਂ ਦੇ ਰਾਸ਼ਨ ਕਾਰਡ ਕੱਟਣ ਦਾ ਇਹ ਜ਼ੁਲਮ ਕਿਉਂ ਢਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਵੱਲੋਂ ਗ਼ਰੀਬਾਂ ਨੂੰ ਕਣਕ ਦੇ ਕਾਰਡ ਬਣਾਉਣ ਲਈ ਆਮ ਆਦਮੀ ਪਾਰਟੀ ਦੇ ਲੀਡਰਾਂ ਦੀਆਂ ਮਿੰਨਤਾਂ ਕਰਨ ਲਈ ਕਿਹਾ ਜਾ ਰਿਹਾ ਹੈ, ਜਿਸ ਦਾ ਸਿੱਧਾ ਅਰਥ ਇਹ ਹੈ ਕਿ ਆਪਣੇ ਹਕ ਦੀ ਕਣਕ ਲੈਣ ਲਈ ਵੀ ਵਿਚਾਰੇ ਗ਼ਰੀਬ ਲੋਕਾਂ ਨੂੰ ਜ਼ਲੀਲ ਕਰਕੇ ਥੱਲੇ ਲਾਉਣ ਦੀ ਵਿਉਂਤ 'ਆਪ' ਵੱਲੋਂ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਸੱਤਾ ਵਿਚ ਹੁੰਦਿਆਂ ਗ਼ਰੀਬਾਂ ਨੂੰ ਪਿੰਡ-ਪਿੰਡ ਲਭ ਕੇ ਉਨ੍ਹਾਂ ਦੇ ਕਾਰਡ ਬਣਵਾ ਕੇ ਦਿੱਤੇ ਸਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਗ਼ਰੀਬਾਂ ਦੇ ਕਾਰਡ ਕੱਟ ਕੇ ਉਨ੍ਹਾਂ ਨੂੰ ਦੋ ਵੇਲੇ ਦੀ ਰੋਟੀ ਲਈ ਵੀ ਜ਼ਲੀਲ ਕਰਨ ਦੀ ਰਾਜਨੀਤੀ ਖੇਡੀ ਜਾ ਰਹੀ ਹੈ। ਨਿਮਿਸ਼ਾ ਨੇ ਕਿਹਾ ਕਿ ਉਹ ਇਸ ਮਸਲੇ 'ਤੇ ਗ਼ਰੀਬਾਂ ਦੇ ਨਾਲ ਡਟ ਕੇ ਖੜ੍ਹੀ ਹੈ ਅਤੇ ਹਰ ਹੀਲੇ ਇਨ੍ਹਾਂ ਦੇ ਕਾਰਡ ਮੁੜ ਚਾਲੂ ਕਰਵਾ ਕੇ ਰਹੇਗੀ।
ਇਹ ਵੀ ਪੜ੍ਹੋ- ਦਸੂਹਾ 'ਚ ਵੱਡੀ ਵਾਰਦਾਤ, ਏ. ਸੀ. ਨੂੰ ਲੈ ਕੇ ਹੋਏ ਮਾਮੂਲੀ ਝਗੜੇ ਮਗਰੋਂ ਕਲਯੁਗੀ ਪੁੱਤ ਨੇ ਪਿਓ ਨੂੰ ਮਾਰੀ ਗੋਲ਼ੀ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani