ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 68 ਵਾਹਨਾਂ ਦੇ ਕੱਟੇ ਈ-ਚਲਾਨ

Thursday, May 01, 2025 - 05:27 AM (IST)

ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 68 ਵਾਹਨਾਂ ਦੇ ਕੱਟੇ ਈ-ਚਲਾਨ

ਅੰਮ੍ਰਿਤਸਰ (ਦਲਜੀਤ) - ਅੰਮ੍ਰਿਤਸਰ ਸ਼ਹਿਰ ਦੀ ਵਿਗੜਦੀ ਟ੍ਰੈਫਿਕ ਵਿਵਸਥਾ ਨੂੰ ਮੁੜ ਲੀਹਾਂ ’ਤੇ ਲਿਆਉਣ ਅਤੇ ਸੁਚਾਰੂ ਰੂਪ ਨਾਲ ਟ੍ਰੈਫਿਕ ਦੀ ਬਹਾਲੀ ਲਈ ਸਹਾਇਕ ਡਿਪਟੀ ਕਮਿਸ਼ਨਰ ਪੁਲਸ (ਟ੍ਰੈਫਿਕ) ਅਮਨਦੀਪ ਕੌਰ ਨੇ ਸ਼ਹਿਰ ਵਾਸੀਆਂ, ਆਟੋ ਚਾਲਕਾਂ ਅਤੇ ਦੁਕਾਨਦਾਰਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਬਹੁਤ ਜਲਦ ਅੰਮ੍ਰਿਤਸਰ ਸ਼ਹਿਰ ਨੂੰ ਜਾਮ ਮੁਕਤ ਕੀਤਾ ਜਾਵੇਗਾ।

ਉਨ੍ਹਾਂ ਵਲੋਂ ਟ੍ਰੈਫਿਕ ਪੁਲਸ ਦੀ ਟੀਮ ਨਾਲ ਨਿਊ ਰਿਆਲਟੋ ਚੌਕ, ਦੋਆਬਾ ਚੌਕ, ਅਸ਼ੋਕਾ ਚੌਕ, ਕਰਿਸਟਲ ਚੌਕ, ਨਾਵਲਟੀ ਚੌਕ ਅਤੇ ਕਸਟਮ ਚੌਕਾਂ ਵਿਚ ਸੜਕਾਂ ਕਿਨਾਰੇ ਨਾਜਾਇਜ਼ ਪਾਰਕ ਕੀਤੇ ਵਾਹਨਾਂ ਦੇ ਚਲਾਨ ਕੱਟਦਿਆਂ ਬਣਦਾ ਜੁਰਮਾਨਾ ਕੀਤਾ ਗਿਆ ਤੇ ਟ੍ਰੈਫਿਕ ਨੂੰ ਸੁਚਾਰੂ ਰੂਪ ਵਿੱਚ ਸ਼ੁਰੂ ਕਰਵਾਇਆ।

ਇਸ ਮੌਕੇ ਆਟੋ ਚਾਲਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਟ੍ਰੈਫਿਕ ਰੂਲਾਂ ਸੰਬੰਧੀ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ। ਉਨ੍ਹਾਂ ਵਲੋਂ ਅੱਜ ਦੋਆਬਾ ਚੌਕ ਨਜ਼ਦੀਕ ਵਾਹਨਾਂ ਦੀ ਮੁਰੰਮਤ ਕਰਨ ਵਾਲੇ ਕਾਰੀਗਰਾਂ ਨਾਲ ਗੱਲਬਾਤ ਕਰਦਿਆਂ ਸੜਕ ਕਿਨਾਰੇ ਵਾਹਨਾਂ ਦੀ ਮੁਰੰਮਤ ਕਰਨ ਤੋਂ ਰੋਕਿਆ। ਉਨ੍ਹਾਂ ਦੱਸਿਆ ਕਿ ਟ੍ਰੈਫਿਕ ਪੁਲਸ ਅੰਮ੍ਰਿਤਸਰ ਵਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 69 ਵਾਹਨ ਚਾਲਕਾਂ ਦੇ ਈ-ਚਲਾਨ ਕੱਟੇ ਗਏ।

ਇਸ ਮੌਕੇ ਅਮਨਦੀਪ ਕੌਰ ਨੇ ਭਰ ਗਰਮੀ ਵਿੱਚ ਸੜਕਾਂ ’ਤੇ ਡਿਊਟੀ ਕਰ ਰਹੇ ਟ੍ਰੈਫਿਕ ਪੁਲਸ ਦੇ ਜਵਾਨਾਂ ਦੀ ਹੌਂਸਲਾ ਅਫਜਾਈ ਕਰਦਿਆਂ ਉਨ੍ਹਾਂ ਵਲੋਂ ਨਿਭਾਈ ਜਾ ਰਹੀ ਡਿਊਟੀ ਦੀ ਸਰਾਹਣਾ ਕੀਤੀ। ਇਸ ਮੌਕੇ ਇੰਸਪੈਕਟਰ ਰਾਮਦਵਿੰਦਰ ਸਿੰਘ, ਸਬ-ਇੰਸਪੈਕਟਰ ਮੰਗਲ ਸਿੰਘ, ਸਬ-ਇੰਸਪੈਕਟਰ ਤਜਿੰਦਰ ਸਿੰਘ, ਸਬ-ਇੰਸਪੈਕਟਰ ਰਜਿੰਦਰ ਸਿੰਘ, ਏ. ਐੱਸ. ਆਈ. ਬਲਜਿੰਦਰ ਸਿੰਘ ਸਮੇਤ ਹੋਰ ਟਰੈਫਿਕ ਪੁਲਸ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।


author

Inder Prajapati

Content Editor

Related News