ਜਲੰਧਰ ''ਚ ਸ਼ੁਰੂ ਹੋਇਆ ਨਵਾਂ ਟ੍ਰੈਂਡ, ਗਦਾਈਪੁਰ ਵਾਸੀਆਂ ਨੇ ਖ਼ੁਦ ਹੀ ਕੀਤੀ ਸੀਵਰਾਂ ਦੀ ਸਫ਼ਾਈ
Monday, Oct 13, 2025 - 11:52 AM (IST)

ਜਲੰਧਰ (ਖੁਰਾਣਾ)–ਉੱਤਰੀ ਵਿਧਾਨ ਸਭਾ ਹਲਕੇ ’ਚ ਵਾਰਡ ਨੰਬਰ 2 ਤਹਿਤ ਆਉਂਦੇ ਗਦਾਈਪੁਰ ਦੀ ਗਲੀ ਨੰਬਰ 1 ’ਚ ਰਹਿਣ ਵਾਲੇ ਲੋਕਾਂ ਦਾ ਨਗਰ ਨਿਗਮ ਤੋਂ ਭਰੋਸਾ ਪੂਰੀ ਤਰ੍ਹਾਂ ਉੱਠ ਚੁੱਕਾ ਹੈ। ਸੀਵਰ ਜਾਮ ਦੀ ਸਮੱਸਿਆ ਨੂੰ ਲੈ ਕੇ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਜਦੋਂ ਨਿਗਮ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਐਤਵਾਰ ਨੂੰ ਸਥਾਨਕ ਵਾਸੀਆਂ ਨੇ ਖ਼ੁਦ ਹੀ ਸੀਵਰ ਚੈਂਬਰ ਖੋਲ੍ਹ ਕੇ ਸਫ਼ਾਈ ਸ਼ੁਰੂ ਕਰ ਦਿੱਤੀ। ਸਥਾਨਕ ਲੋਕਾਂ ਨੇ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਇਥੋਂ ਦਾ ਸੀਵਰੇਜ ਸਿਸਟਮ ਪੂਰੀ ਤਰ੍ਹਾਂ ਠੱਪ ਪਿਆ ਹੋਇਆ ਹੈ। ਸੀਵਰ ਜਾਮ ਹੋਣ ਨਾਲ ਗੰਦਾ ਪਾਣੀ ਲੋਕਾਂ ਦੇ ਘਰਾਂ ’ਚ ਦਾਖ਼ਲ ਹੋ ਗਿਆ, ਜਿਸ ਨਾਲ ਨਾ ਸਹਿਣ ਯੋਗ ਬਦਬੂ ਅਤੇ ਬੀਮਾਰੀਆਂ ਦਾ ਖ਼ਤਰਾ ਵਧ ਗਿਆ ਹੈ। ਮੁਹੱਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਇਲਾਕਾ ਸਲੱਮ ਏਰੀਆ ’ਚ ਆਉਂਦਾ ਹੈ ਅਤੇ ਇਸ ਪਾਸੇ ਨਿਗਮ ਦੇ ਅਧਿਕਾਰੀ ਕਦੀ ਧਿਆਨ ਨਹੀਂ ਦਿੰਦੇ।
ਇਹ ਵੀ ਪੜ੍ਹੋ: ਮਿਸ਼ਨ 'ਚੜ੍ਹਦੀ ਕਲਾ' ਦੇ ਸਮਰਥਨ ’ਚ ਆਏ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਤੋਂ ਵੱਡੀ ਗਿਣਤੀ ਪ੍ਰਵਾਸੀ ਭਾਰਤੀ : ਭਗਵੰਤ ਮਾਨ
ਵਧੇਰੇ ਨਿਵਾਸੀ ਪ੍ਰਵਾਸੀ ਹਨ, ਜੋ ਫੈਕਟਰੀਆਂ ਅਤੇ ਦੁਕਾਨਾਂ ’ਚ ਕੰਮ ਕਰਦੇ ਹਨ। ਐਤਵਾਰ ਨੂੰ ਛੁੱਟੀ ਦਾ ਦਿਨ ਹੋਣ ਕਾਰਨ ਉਨ੍ਹਾਂ ਖ਼ੁਦ ਹੀ ਰੱਸੀਆਂ ਅਤੇ ਬਾਲਟੀਆਂ ਲੈ ਕੇ ਗਟਰ ਖੋਲ੍ਹਣ ਦਾ ਕੰਮ ਸ਼ੁਰੂ ਕੀਤਾ। ਕਈ ਲੋਕ ਵਾਰੀ-ਵਾਰੀ ਚੈਂਬਰ ਦੇ ਅੰਦਰ ਉਤਰ ਕੇ ਗੰਦਾ ਪਾਣੀ ਅਤੇ ਚਿੱਕੜ ਬਾਹਰ ਕੱਢਦੇ ਰਹੇ। ਇਹ ਨਜ਼ਾਰਾ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਇਸ ਇਲਾਕੇ ਨੂੰ ਨਗਰ ਨਿਗਮ ਦੇ ਨਕਸ਼ੇ ਵਿਚੋਂ ਹੀ ਬਾਹਰ ਕਰ ਦਿੱਤਾ ਗਿਆ ਹੋਵੇ।
ਲੋਕਾਂ ਨੇ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਕਿਹਾ ਕਿ ਐੱਮ. ਪੀ., ਐੱਮ. ਐੱਲ. ਏ. ਅਤੇ ਨਿਗਮ ਕੌਂਸਲਰ ਚੋਣਾਂ ਦੌਰਾਨ ਤਾਂ ਵੱਡੇ-ਵੱਡੇ ਵਾਅਦੇ ਕਰਦੇ ਹਨ ਪਰ ਚੋਣਾਂ ਜਿੱਤਣ ਤੋਂ ਬਾਅਦ ਕੋਈ ਹਾਲ-ਚਾਲ ਤਕ ਨਹੀਂ ਪੁੱਛਦਾ। ਜੇਕਰ ਜਨਤਾ ਨੂੰ ਖ਼ੁਦ ਹੀ ਸੀਵਰ ਸਾਫ਼ ਕਰਨਾ ਪਵੇ ਤਾਂ ਫਿਰ ਇਨ੍ਹਾਂ ਜਨ-ਪ੍ਰਤੀਨਿਧੀਆਂ ਦੀ ਕੀ ਲੋੜ ਹੈ? ਐਤਵਾਰ ਨੂੰ ਮੁਹੱਲੇ ਦੇ ਰਾਜੇਸ਼, ਸੋਨੂੰ, ਰਾਜੂ, ਮੁਕੇਸ਼, ਬਾਬੂ ਲਾਲ, ਰਵਿੰਦਰ, ਪਿੰਟੂ ਅਤੇ ਸੂਰਜ ਸਮੇਤ ਕਈ ਲੋਕਾਂ ਨੇ ਇਕਜੁੱਟ ਹੋ ਕੇ ਸੀਵਰ ਜਾਮ ਦੀ ਸਮੱਸਿਆ ਨੂੰ ਆਪਣੇ ਦਮ ’ਤੇ ਹੱਲ ਕਰਨ ਦਾ ਯਤਨ ਕੀਤਾ। ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਨਿਗਮ ਨੇ ਇਸ ਇਲਾਕੇ ’ਚ ਰੈਗੂਲਰ ਸਫ਼ਾਈ ਅਤੇ ਮੇਨਟੀਨੈਂਸ ਦੀ ਵਿਵਸਥਾ ਨਾ ਕੀਤੀ, ਤਾਂ ਉਹ ਇਸ ਦਾ ਵਿਰੋਧ ਵੱਡੇ ਪੱਧਰ ’ਤੇ ਕਰਨਗੇ। ਇਸ ਦੌਰਾਨ ਲੋਕਾਂ ’ਚ ਸੱਤਾ ਧਿਰ ਭਾਵ ਆਮ ਆਦਮੀ ਪਾਰਟੀ ਵਿਰੁੱਧ ਡੂੰਘਾ ਰੋਸ ਦੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਪੜ੍ਹੋ Latest ਅਪਡੇਟ, ਜਾਣੋ 17 ਅਕਤੂਬਰ ਤੱਕ ਕਿਹੋ ਜਿਹਾ ਰਹੇਗਾ ਮੌਸਮ
ਨਗਰ ਨਿਗਮ ਦੇ ਜ਼ੋਨ ਆਫਿਸ ’ਚ ਜਾ ਕੇ ਕਈ ਵਾਰ ਗਦਾਈਪੁਰ ਦੀ ਸੀਵਰੇਜ ਸਮੱਸਿਆ ਬਾਰੇ ਦੱਸਿਆ ਪਰ ਹਰ ਵਾਰ ਅਧਿਕਾਰੀ ਅਤੇ ਕਰਮਚਾਰੀ ਟਾਲ-ਮਟੋਲ ਕਰਦੇ ਹਨ। ਕਦੀ ਕਹਿੰਦੇ ਹਨ ਕਿ ਮੋਟਰ ਖਰਾਬ ਹੈ ਅਤੇ ਪਾਣੀ ਅੱਗੇ ਨਹੀਂ ਜਾ ਰਿਹਾ, ਕਦੀ ਕਹਿੰਦੇ ਹਨ ਪਿੱਛੇ ਦੀ ਲਾਈਨ ਭਰੀ ਹੋਈ ਹੈ। ਦੋ ਮਹੀਨੇ ਤੋਂ ਨਿਗਮ ਦੇ ਚੱਕਰ ਕੱਟ ਰਿਹਾ ਹਾਂ ਪਰ ਕਿਸੇ ਨੂੰ ਕੋਈ ਫਿਕਰ ਨਹੀਂ।–ਹਰਪ੍ਰੀਤ ਵਾਲੀਆ, ਕੌਂਸਲਰ ਵਾਰਡ ਨੰਬਰ 2
ਇਹ ਵੀ ਪੜ੍ਹੋ:ਕਹਿਰ ਓ ਰੱਬਾ! ਪੰਜਾਬ 'ਚ ਦੋ ਸਕੇ ਭਰਾਵਾਂ ਦੀ ਸੱਪ ਦੇ ਡੰਗਣ ਕਾਰਨ ਮੌਤ, ਤੜਫ਼-ਤਰਫ਼ ਕੇ ਨਿਕਲੀ ਜਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8