ਐੱਨ. ਐੱਚ. ਏ. ਆਈ. ਨੂੰ ਦੱਸਣ ''ਤੇ ਵੀ ਪੰਜ ਮਹੀਨੇ ਤੱਕ ਨਹੀਂ ਲਿਆ ਸੀ ਰੈਂਪ ਬਣਾਉਣ ਦਾ ਨੋਟਿਸ

04/01/2019 6:21:35 PM

ਜਲੰਧਰ (ਜ.ਬ.)— ਪੀ. ਏ. ਪੀ. ਫਲਾਈਓਵਰ ਬਣਾਉਣ ਵਾਲੀ ਸੋਮਾ ਰੋਡਿਜ਼ ਨੇ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ (ਐੱਨ. ਐੱਚ. ਏ. ਆਈ.) ਨੂੰ ਕਾਫੀ ਸਮਾਂ ਪਹਿਲਾਂ ਹੀ ਪੀ. ਏ. ਪੀ. ਆਰ. ਓ. ਬੀ. ਨੂੰ ਚੌੜਾ ਕਰਨ ਲਈ ਰੈਂਪ ਬਣਾਉਣ ਦੀ ਸਲਾਹ ਦਿੱਤੀ ਸੀ। ਕੰਪਨੀ ਨੇ ਦਾਅਵਾ ਕੀਤਾ ਸੀ ਕਿ ਨਵੇਂ ਬਣਨ ਵਾਲੇ ਪੀ. ਏ. ਪੀ. ਫਲਾਈਓਵਰ ਦੀ ਚੌੜਾਈ ਜ਼ਿਆਦਾ ਹੋਵੇਗੀ, ਇਸ ਲਈ ਆਰ. ਓ. ਬੀ. ਨੂੰ ਚੌੜਾ ਕਰਨਾ ਪਵੇਗਾ।
ਪੰਜ ਮਹੀਨੇ ਤੱਕ ਐੱਨ. ਐੱਚ. ਏ. ਆਈ. ਨੇ ਇਸ ਗੱਲ ਦਾ ਨੋਟਿਸ ਨਹੀਂ ਲਿਆ ਤੇ ਜਦੋਂ ਉਦਘਾਟਨ ਸਮੇਂ ਖੁਦ ਦੀ ਲਾਪ੍ਰਵਾਹੀ ਦਿਸੀ ਤਾਂ ਸਰਵਿਸ ਲੇਨ ਨੂੰ ਬੰਦ ਕਰ ਕੇ ਫਲਾਈਓਵਰ ਦਾ ਟ੍ਰੈਫਿਕ ਚਾਲੂ ਕਰਨ ਦੀ ਸਲਾਹ ਦੇਣ ਲੱਗੇ। ਹੁਣ ਫੈਸਲਾ ਇਹ ਹੋਇਆ ਕਿ ਰਾਮਾ ਮੰਡੀ ਸਾਈਡ ਤੋਂ ਪੀ. ਏ. ਪੀ. ਆਰ. ਓ. ਬੀ. ਤੱਕ ਦੀ ਫਲਾਈਓਵਰ ਦੀ ਲੇਨ ਫਿਲਹਾਲ ਬੰਦ ਹੀ ਰਹੇਗੀ। ਐੱਨ. ਐੱਚ. ਏ. ਆਈ. ਨੇ ਰੈਂਪ ਬਣਾਉਣ ਦੀ ਗੱਲ ਹੁਣ ਜਾ ਕੇ ਮੰਨੀ ਹੈ ਪਰ ਰੈਂਪ ਬਣਾਉਣ ਦਾ ਕੰਮ ਸੋਮਾ ਰੋਡਿਜ਼ ਨਹੀਂ ਸਗੋਂ ਕੋਈ ਹੋਰ ਕੰਪਨੀ ਕਰੇਗੀ। ਤੈਅ ਹੈ ਕਿ ਫਲਾਈਓਵਰ ਦੀ ਬੰਦ ਕੀਤੀ ਲੇਨ ਨੂੰ ਖੁੱਲ੍ਹਣ ਵਿਚ ਹੋਰ ਸਮਾਂ ਲੱਗੇਗਾ। ਸਮਾਂ ਕਿੰਨਾ ਲੱਗੇਗਾ ਇਸ ਬਾਰੇ ਅਜੇ ਕੁਝ ਕਿਹਾ ਨਹੀਂ ਜਾ ਸਕਦਾ।
ਸਰਵਿਸ ਲੇਨ ਬੰਦ ਕੀਤੀ ਹੁੰਦੀ ਤਾਂ ਐਂਟਰੀ ਪੁਆਇੰਟ 'ਤੇ ਹੁੰਦਾ ਜਾਮ ਹੀ ਜਾਮ
ਐੱਨ. ਐੱਚ. ਏ. ਆਈ. ਦੇ ਪ੍ਰਾਜੈਕਟ ਮੈਨੇਜਰ ਨੇ ਉਦਘਾਟਨ ਸਮੇਂ ਸਿਟੀ ਤੋਂ ਚੁਗਿੱਟੀ ਵੱਲ ਜਾਣ ਵਾਲੇ ਟ੍ਰੈਫਿਕ ਨੂੰ ਬੰਦ ਕਰਨ ਦੀ ਸਲਾਹ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਸਿਟੀ ਦਾ ਟ੍ਰੈਫਿਕ ਰਾਮਾ ਮੰਡੀ ਚੌਕ ਤੋਂ ਯੂ ਟਰਨ ਲੈ ਕੇ ਰਾਮਾ ਮੰਡੀ ਸਾਈਡ ਤੋਂ ਫਲਾਈਓਵਰ 'ਤੇ ਚੜ੍ਹੇ ਤਾਂ ਜੋ ਕੋਈ ਪ੍ਰੇਸ਼ਾਨੀ ਨਾ ਹੋਵੇ। ਜੇਕਰ ਟ੍ਰੈਫਿਕ ਪੁਲਸ ਉਨ੍ਹਾਂ ਦੀ ਗੱਲ ਮੰਨ ਲੈਂਦੀ ਤਾਂ ਸਿਟੀ ਦੇ ਐਂਟਰੀ ਪੁਆਇੰਟ 'ਤੇ ਲੰਮਾ ਜਾਮ ਲੱਗਣਾ ਸ਼ੁਰੂ ਹੋ ਜਾਂਦਾ। ਅਜਿਹੇ ਵਿਚ ਏ. ਡੀ. ਸੀ. ਪੀ. ਟ੍ਰੈਫਿਕ ਅਸ਼ਵਨੀ ਕੁਮਾਰ ਨੇ ਸਰਵਿਸ ਲੇਨ ਨੂੰ ਬੰਦ ਕਰਨ ਤੋਂ ਸਾਫ ਮਨ੍ਹਾ ਕਰ ਦਿੱਤਾ। ਐੱਨ. ਐੱਚ. ਏ. ਆਈ. ਜੇਕਰ ਨਿਰਮਾਣ ਕਰਨ ਵਾਲੀ ਕੰਪਨੀ ਦੀ ਗੱਲ ਪਹਿਲਾਂ ਹੀ ਮੰਨ ਲੈਂਦੀ ਤਾਂ ਫਲਾਈਓਵਰ ਦੀ ਇਕ ਲੇਨ ਨੂੰ ਬੰਦ ਕਰਨ ਦੀ ਨੌਬਤ ਨਾ ਆਉਂਦੀ। ਉਧਰ ਪ੍ਰਾਜੈਕਟ ਮੈਨੇਜਰ ਨੇ ਮੀਡੀਆ ਨਾਲ ਗੱਲ ਕਰਨ ਤੋਂ ਸਾਫ ਮਨ੍ਹਾ ਕਰ ਦਿੱਤਾ।


shivani attri

Content Editor

Related News