ਮੁਸਲਿਮ ਭਾਈਚਾਰੇ ਨੇ ਰੋਸ ਪ੍ਰਦਰਸ਼ਨ ਕਰਕੇ ਪੁਲਸ ਨੂੰ 27 ਤੱਕ ਦਾ ਦਿੱਤਾ ਅਲਟੀਮੇਟਮ

09/21/2019 9:58:46 AM

ਜਲੰਧਰ (ਮਜ਼ਹਰ)— ਪੁਲਸ ਦੀ ਢਿੱਲੀ ਕਾਰਵਾਈ ਨਾਲ ਨਾਖੁਸ਼ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਬੀਤੇ ਦਿਨ ਪੰਜਾਬ ਪੁਲਸ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਨਕੋਦਰ-ਜਲੰਧਰ ਹਾਈਵੇ ਜਾਮ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ। ਮੁਸਲਿਮ ਭਾਈਚਾਰੇ ਦੀ ਮੰਗ ਸੀ ਕਿ 15 ਦਿਨ ਬੀਤ ਜਾਣ ਦੇ ਬਾਵਜੂਦ ਵੀ ਅਜੇ ਤਕ ਪੁਲਸ ਮੁਲਜ਼ਮ ਔਰਤ ਨੂੰ ਗ੍ਰਿਫਤਾਰ ਨਹੀਂ ਕਰ ਸਕੀ। ਏ. ਡੀ. ਸੀ. ਪੀ. ਸਿਟੀ-2 ਪਰਮਿੰਦਰ ਸਿੰਘ ਭੰਡਾਲ, ਡੀ. ਐੱਸ. ਪੀ. ਮੇਜਰ ਸਿੰਘ, ਥਾਣਾ ਸਦਰ ਦੇ ਐੱਸ. ਐੱਚ. ਓ. ਰੇਸਮ ਸਿੰਘ, ਥਾਣਾ ਪ੍ਰਤਾਪਪੁਰਾ ਚੌਕੀ ਇੰਚਾਰਜ ਪੁਲਸ-ਫੋਰਸ ਨਾਲ ਖਾਂਬਰਾ ਪਹੁੰਚੇ ਅਤੇ ਉਨ੍ਹਾਂ ਨੇ ਮੁਸਲਿਮ ਭਾਈਚਾਰੇ ਨੂੰ ਯਕੀਨ ਦਿਵਾਇਆ ਕਿ ਉਹ ਮੁਲਜ਼ਮ ਔਰਤ ਨੂੰ ਜਲਦ ਗ੍ਰਿਫਤਾਰ ਕਰ ਲੈਣਗੇ।

ਉਥੇ ਹੀ ਸਾਬਕਾ ਮੁਸਲਿਮ ਵੈੱਲਫੇਅਰ ਐਂਡ ਡਿਵੈੱਲਪਮੈਂਟ ਬੋਰਡ ਦੇ ਵਾਈਸ ਚੇਅਰਮੈਨ ਵਸੀਮ ਰਾਜਾ ਉਰਫ ਗੁੱਡੂ, ਜਮਾਤ-ਏ-ਸਲਮਾਨੀ ਬਰਾਦਰੀ ਦੇ ਜਨਰਲ ਸਕੱਤਰ ਆਕਿਬ ਜਾਵੇਦ ਸਲਮਾਨੀ, ਅਲੀ ਹੁਸੈਨ, ਗਾਜ਼ੀ ਗੁੱਲਾ, ਸ਼ਹਿਜਾਦ ਸਲਮਾਨੀ, ਨਦੀਮ ਸਲਮਾਨੀ, ਫੁਰਕਾਨ ਸਲਮਾਨੀ, ਆਲ ਇੰਡੀਆ ਜਮਾਤ-ਏ-ਸਲਮਾਨੀ ਪੰਜਾਬ ਦੇ ਪ੍ਰਧਾਨ ਹਾਜੀ ਆਬਿਦ ਹਸਨ ਸਲਮਾਨੀ, ਗਰੀਬ ਨਵਾਜ ਫਾਊਂਡੇਸਨ ਪੰਜਾਬ ਦੇ ਚੇਅਰਮੈਨ ਅਕਬਰ ਅਲੀ, ਸ਼ਮੀਰ ਸ਼ਾਹ, ਹਾਫਿਜ਼ਜ ਇੰਤਜ਼ਾਰ ਜੰਡਿਆਲਾ, ਹਾਜੀ ਅਨਵਰ ਅਲੀ, ਮੁਸਲਿਮ ਭਾਈਚਾਰੇ ਦੇ ਲੋਕਾਂ ਨੇ 27 ਸਤੰਬਰ ਤੱਕ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੁਸਲਿਮ ਔਰਤ ਗ੍ਰਿਫਤਾਰ ਨਹੀਂ ਹੋ ਜਾਂਦੀ, ਮੁਸਲਿਮ ਭਾਈਚਾਰੇ ਦਾ ਧਰਨਾ ਜਾਰੀ ਰਹੇਗਾ। ਜ਼ਿਕਰਯੋਗ ਹੈ ਕਿ ਜਲੰਧਰ ਥਾਣਾ ਸਦਰ ਤਹਿਤ ਪਿੰਡ ਖਾਂਬਰਾ ਵਿਚ ਮਸਜਿਦ-ਏ-ਕੁਬਾ ਵਿਚ ਇਕ ਔਰਤ ਵੱਲੋਂ ਜਬਰਨ ਮਸਜਿਦ 'ਚ ਦਾਖਲ ਹੋ ਕੇ ਉਥੇ ਨਮਾਜ਼ ਪੜ੍ਹ ਰਹੇ ਲੋਕਾਂ, ਇਮਾਮ ਦੇ ਨਾਲ ਗਾਲੀ-ਗਲੋਚ ਅਤੇ ਪਵਿੱਤਰ ਕੁਰਾਨ ਖਿਲਾਫ ਮਾੜੇ ਸ਼ਬਦਾਂ ਦੀ ਵਰਤੋਂ ਕਰਨ ਦੇ ਮਾਮਲੇ ਵਿਚ ਅਜੇ ਤੱਕ ਉਕਤ ਔਰਤ ਦੀ ਪਛਾਣ ਨਾ ਹੋਣ 'ਤੇ ਮੁਸਲਿਮ ਭਾਈਚਾਰੇ ਵਿਚ ਰੋਸ ਹੈ।


shivani attri

Content Editor

Related News