ਮੋਟਰਸਾਈਕਲ ਲਈ ਕੀਤਾ ਦੋਸਤ ਦਾ ਕਤਲ, ਮੁੱਖ ਮੁਲਜ਼ਮ ਦੋ ਨਾਬਾਲਗ ਸਾਥੀਆਂ ਸਣੇ ਗ੍ਰਿਫ਼ਤਾਰ

Sunday, Jun 05, 2022 - 04:07 PM (IST)

ਜਲੰਧਰ (ਗੁਲਸ਼ਨ)-ਥਾਣਾ ਜੀ. ਆਰ. ਪੀ. ਦੀ ਪੁਲਸ ਨੇ ਕੁਝ ਹੀ ਦਿਨਾਂ ’ਚ ਅੰਨ੍ਹੇ ਕਤਲ ਕਾਂਡ ਦੀ ਗੁੱਥੀ ਸੁਲਝਾਉਂਦਿਆਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਵਿਅਕਤੀਆਂ ’ਚੋਂ ਦੋ ਨਾਬਾਲਗ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਜੀ. ਆਰ. ਪੀ. ਦੇ ਡੀ. ਐੱਸ. ਪੀ. ਅਸ਼ਵਨੀ ਅਤਰੀ ਤੇ ਐੱਸ. ਐੱਚ. ਓ. ਬਲਵੀਰ ਸਿੰਘ ਘੁੰਮਣ ਨੇ ਦੱਸਿਆ ਕਿ 28 ਮਈ ਨੂੰ ਚਹੇੜੂ-ਫਗਵਾੜਾ ਵਿਚਕਾਰ ਰੇਲਵੇ ਲਾਈਨਾਂ ਦੇ ਕੰਢਿਓਂ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਸੀ, ਜਿਸ ਦੀ ਪਛਾਣ ਚੌਗਿੱਟੀ ਬਾਈਪਾਸ ਦੇ ਰਹਿਣ ਵਾਲੇ ਕਰਣ ਵਜੋਂ ਹੋਈ। ਥਾਣਾ ਜੀ. ਆਰ. ਪੀ.’ਚ ਇਸ ਸਬੰਧ ’ਚ ਧਾਰਾ 302 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਪਹਿਲਾਂ ਕਰਣ ਦੇ ਕਤਲ ਦੇ ਸ਼ੱਕ ਦੀ ਸੂਈ ਉਸ ਦੇ ਸਹੁਰਿਆਂ ’ਤੇ ਜਾ ਰਹੀ ਸੀ ਕਿਉਂਕਿ ਕਰਣ ਦਾ ਪ੍ਰੇਮ ਵਿਆਹ ਹੋਇਆ ਸੀ ਅਤੇ ਉਸ ਦੇ ਸਹੁਰਿਆਂ ਨੂੰ ਇਹ ਵਿਆਹ ਮਨਜ਼ੂਰ ਨਹੀਂ ਸੀ ਪਰ ਜਦੋਂ ਪੁਲਸ ਨੇ ਮ੍ਰਿਤਕ ਦੀ ਕਾਲ ਡਿਟੇਲ ਕਢਵਾਈ ਤਾਂ ਕੇਸ ’ਚ ਨਵਾਂ ਮੋੜ ਆ ਗਿਆ। ਕਾਲ ਡਿਟੇਲ ਅਤੇ ਲੋਕੇਸ਼ਨ ਦੀ ਜਾਂਚ ਤੋਂ ਬਾਅਦ ਪੁਲਸ ਨੇ ਰਾਜਵੀਰ ਪੁੱਤਰ ਵੀਰੇਂਦਰ, ਸੋਮ ਪੁੱਤਰ ਰਾਜ ਕਪੂਰ ਅਤੇ ਗਗਨ ਪੁੱਤਰ ਗੇਛੀ ਨਿਵਾਸੀ ਪਲਾਹੀ ਗੇਟ ਫਗਵਾੜਾ ਨੂੰ ਕੇਸ ’ਚ ਨਾਮਜ਼ਦ ਕੀਤਾ।

ਇਹ ਵੀ ਪੜ੍ਹੋ : ਕੇਂਦਰ ਤੇ ਸੂਬਾ ਸਰਕਾਰ ਨੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਜਬਰਨ ਦਿੱਤੀ ਜ਼ੈੱਡ ਸੁਰੱਖਿਆ

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਕਰਣ ਕੋਲ ਮੋਟਰਸਾਈਕਲ ਸੀ। ਕੁਝ ਦਿਨ ਪਹਿਲਾਂ ਉਹ ਮੋਟਰਸਾਈਕਲ ’ਤੇ ਫਗਵਾੜਾ ਗਿਆ ਸੀ। ਗ੍ਰਿਫ਼ਤਾਰ ਤਿੰਨੋਂ ਵਿਅਕਤੀ ਉਸ ਦੇ ਸੰਪਰਕ ’ਚ ਸਨ, ਜਿਨ੍ਹਾਂ ਯੋਜਨਾ ਬਣਾਈ ਕਿ ਕਰਣ ਦਾ ਮੋਟਰਸਾਈਕਲ ਖੋਹਣਾ ਹੈ। ਘਟਨਾ ਵਾਲੇ ਦਿਨ ਤਿੰਨੋਂ ਕਰਣ ਦੇ ਮੋਟਰਸਾਈਕਲ ’ਤੇ ਫਗਵਾੜਾ ਤੋਂ ਜਲੰਧਰ ਲਈ ਨਿਕਲੇ। ਰਸਤੇ ’ਚ ਰੇਲਵੇ ਲਾਈਨਾਂ ਕੰਢੇ ਉਹ ਪਿਸ਼ਾਬ ਕਰਨ ਦੇ ਬਹਾਨੇ ਰੁਕੇ। ਇਸੇ ਦੌਰਾਨ ਰਾਜਵੀਰ ਨੇ ਖੰਡੇ ਅਤੇ ਸੋਮ ਤੇ ਗਗਨ ਨੇ ਤਲਵਾਰ ਨਾਲ ਉਸ ’ਤੇ ਹਮਲਾ ਕਰ ਦਿੱਤਾ, ਜਿਸ ਨਾਲ ਘਟਨਾ ਵਾਲੀ ਥਾਂ ’ਤੇ ਹੀ ਉਸ ਦੀ ਮੌਤ ਹੋ ਗਈ। ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਕਰਣ ਦੇ ਕਤਲ ਲਈ ਵਰਤੀ ਤਲਵਾਰ ਅਤੇ ਸੋਮ ਕੋਲੋਂ ਮ੍ਰਿਤਕ ਕਰਣ ਦਾ ਮੋਬਾਇਲ ਫੋਨ ਵੀ ਬਰਾਮਦ ਕੀਤਾ ਹੈ। ਪੁਲਸ ਦਾ ਕਹਿਣਾ ਹੈ ਕਿ ਡੂੰਘਾਈ ਨਾਲ ਪੁੱਛਗਿੱਛ ਕਰਨ ਤੋਂ ਬਾਅਦ ਤਿੰਨਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਮੁਲਜ਼ਮ ਗਗਨ ਅਤੇ ਸੋਮ ਨਾਬਾਲਗ ਹੋਣ ਕਾਰਨ ਅਦਾਲਤ ਨੇ ਉਨ੍ਹਾਂ ਨੂੰ ਜੁਵੇਨਾਈਲ ਹੋਮ ਭੇਜ ਦਿੱਤਾ, ਜਦਕਿ ਮੁੱਖ ਮੁਲਜ਼ਮ ਰਾਜਵੀਰ ਦਾ ਪੁਲਸ ਨੇ 3 ਦਿਨਾਂ ਦਾ ਰਿਮਾਂਡ ਲਿਆ ਹੈ ਕਿਉਂਕਿ ਪੁਲਸ ਨੇ ਕਤਲ ’ਚ ਵਰਤਿਆ ਖੰਡਾ ਅਤੇ ਮ੍ਰਿਤਕ ਦਾ ਮੋਟਰਸਾਈਕਲ ਬਰਾਮਦ ਕਰਨਾ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ, ਕੀਤੀ ਇਹ ਮੰਗ


Manoj

Content Editor

Related News