ਨਿਗਮ ਨੇ ਸ਼ਹਿਰ ''ਚ ਲਗਵਾਈਆਂ 35 ਲੱਖ ਦੀਆਂ ਦੋ LED ਸਕ੍ਰੀਨਾਂ, ਮੇਅਰ ਨੂੰ ਨਹੀਂ ਪਤਾ

2/19/2020 1:23:17 PM

ਜਲੰਧਰ (ਖੁਰਾਣਾ)— ਇਸ ਸਮੇਂ ਸ਼ਹਿਰ ਦੇ ਚਾਰੇ ਵਿਧਾਇਕ ਪਰਗਟ ਸਿੰਘ, ਰਾਜਿੰਦਰ ਬੇਰੀ, ਬਾਵਾ ਹੈਨਰੀ ਅਤੇ ਸੁਸ਼ੀਲ ਰਿੰਕੂ ਕਾਂਗਰਸ ਪਾਰਟੀ ਤੋਂ ਹਨ ਅਤੇ ਨਗਰ ਨਿਗਮ 'ਤੇ ਵੀ ਪੂਰੀ ਤਰ੍ਹਾਂ ਕਾਂਗਰਸ ਦਾ ਹੀ ਕਬਜ਼ਾ ਹੈ। ਨਿਗਮ ਦੀ ਦੇਖ-ਰੇਖ ਲਈ ਕਾਂਗਰਸ ਨੇ ਮੇਅਰ ਦੇ ਤੌਰ 'ਤੇ ਜਗਦੀਸ਼ ਰਾਜਾ, ਸੀਨੀਅਰ ਡਿਪਟੀ ਮੇਅਰ ਦੇ ਤੌਰ 'ਤੇ ਸੁਰਿੰਦਰ ਕੌਰ ਅਤੇ ਡਿਪਟੀ ਮੇਅਰ ਦੇ ਤੌਰ 'ਤੇ ਹਰਸਿਮਰਨਜੀਤ ਸਿੰਘ ਬੰਟੀ ਨੂੰ ਤਾਇਨਾਤ ਕੀਤਾ ਹੋਇਆ ਹੈ।

ਵੇਖਿਆ ਜਾਵੇ ਤਾਂ ਜਿੱਥੇ ਮੇਅਰ ਰਾਜਾ, ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਅਤੇ ਡਿਪਟੀ ਮੇਅਰ ਬੰਟੀ ਆਪਣੇ-ਆਪਣੇ ਵਾਰਡਾਂ ਤੋਂ ਇਲਾਵਾ ਪੂਰੇ ਸ਼ਹਿਰ 'ਚ ਸਰਗਰਮ ਹਨ ਅਤੇ ਨਿਯਮਿਤ ਤੌਰ 'ਤੇ ਨਿਗਮ 'ਚ ਆਉਂਦੇ-ਜਾਂਦੇ ਹਨ, ਉੇਥੇ ਨਿਗਮ ਦੇ ਹਰ ਵਿਭਾਗ 'ਚ ਦਬਦਬਾ ਵੀ ਰੱਖਦੇ ਹਨ। ਇਸੇ ਤਰ੍ਹਾਂ ਵਿਧਾਇਕ ਪਰਗਟ ਸਿੰਘ, ਬਾਵਾ ਹੈਨਰੀ ਅਤੇ ਸੁਸ਼ੀਲ ਰਿੰਕੂ ਨੂੰ ਵੀ ਜਲੰਧਰ ਨਗਰ ਨਿਗਮ ਦੇ ਚੱਪੇ-ਚੱਪੇ ਦੀ ਜਾਣਕਾਰੀ ਹੈ, ਹਰ ਵਿਭਾਗ 'ਚ ਇਨ੍ਹਾਂ ਦਾ ਬੋਲਬਾਲਾ ਹੈ। ਇਨ੍ਹਾਂ ਵਿਧਾਇਕਾਂ ਦੀ ਨਿਗਮ 'ਚ ਪੂਰੀ ਚੱਲਦੀ ਹੈ ਅਤੇ ਦਿਨ ਵਿਚ ਕਈ ਵਾਰ ਇਹ ਚਾਰੇ ਵਿਧਾਇਕ ਨਿਗਮ ਅਧਿਕਾਰੀਆਂ ਨਾਲ ਗੱਲਾਂ ਕਰ ਕੇ ਉਨ੍ਹਾਂ ਨੂੰ ਦਿਸ਼ਾ-ਨਿਰਦੇਸ਼ ਵੀ ਦਿੰਦੇ ਹਨ। ਇੰਨਾ ਸਭ ਹੋਣ ਦੇ ਬਾਵਜੂਦ ਜੇਕਰ ਨਗਰ ਨਿਗਮ ਦੇ ਕੁਝ ਅਧਿਕਾਰੀ ਚਾਰਾਂ ਵਿਧਾਇਕਾਂ ਅਤੇ ਤਿੰਨਾਂ ਮੇਅਰਾਂ ਦੀ ਜਾਣਕਾਰੀ 'ਚ ਮਾਮਲਾ ਲਿਆਏ ਬਗੈਰ ਸ਼ਹਿਰ 'ਚ 2 ਥਾਵਾਂ 'ਤੇ ਐੱਲ. ਈ. ਡੀ. ਸਕ੍ਰੀਨਾਂ ਲਗਵਾ ਲੈਣ ਅਤੇ ਉਸ 'ਤੇ 30-35 ਲੱਖ ਰੁਪਏ ਵੀ ਖਰਚ ਕਰ ਦੇਣ ਤਾਂ ਸਾਫ ਸਮਝ 'ਚ ਆਉਂਦਾ ਹੈ ਕਿ ਜਾਂ ਤਾਂ ਦਾਲ 'ਚ ਕਾਲਾ ਹੈ ਜਾਂ ਵਿਧਾਇਕਾਂ ਅਤੇ ਮੇਅਰ 'ਤੇ ਅਫਸਰਸ਼ਾਹੀ ਇੰਨੀ ਹਾਵੀ ਹੈ ਕਿ ਉਸ ਨੇ ਰਾਜਸੀ ਆਗੂਆਂ ਦੀ ਪ੍ਰਵਾਹ ਕਰਨੀ ਛੱਡ ਦਿੱਤੀ ਹੈ।

ਫਜ਼ੂਲ ਦੀ ਜਾਣਕਾਰੀ ਭਰੀ ਹੈ ਇਨ੍ਹਾਂ ਸਕ੍ਰੀਨਾਂ 'ਚ
ਨਗਰ ਨਿਗਮ ਨੇ ਹਾਲ ਹੀ 'ਚ 2 ਸਕ੍ਰੀਨਾਂ ਕੰਪਨੀ ਬਾਗ ਸਥਿਤ ਪਾਰਕਿੰਗ ਦੇ ਉਪਰ ਅਤੇ ਮਾਡਲ ਟਾਊਨ ਟ੍ਰੈਫਿਕ ਲਾਈਟਾਂ ਦੇ ਕੋਲ ਲਗਵਾਈਆਂ ਹਨ। ਇਹ ਸਕ੍ਰੀਨਾਂ ਦਿਨ ਦੇ ਸਮੇਂ ਵੀ ਚੱਲਦੀਆਂ ਰਹਿੰਦੀਆਂ ਹਨ, ਭਾਵੇਂ ਨਜ਼ਰ ਕੁਝ ਨਹੀਂ ਆਉਂਦਾ। ਰਾਤ ਨੂੰ ਜਦੋਂ ਇਨ੍ਹਾਂ 'ਚ ਸਕ੍ਰੀਨ ਰੋਲਿੰਗ ਹੁੰਦੀ ਹੈ ਕਿ ਫਜ਼ੂਲ ਦੀ ਜਾਣਕਾਰੀ ਨਜ਼ਰ ਆਉਂਦੀ ਹੈ। ਸਵੱਛ ਭਾਰਤ ਮੁਹਿੰਮ ਅਤੇ ਕੁਝ ਟ੍ਰੈਫਿਕ ਰੂਲਜ਼ ਦੀ ਪਾਲਣਾ ਤੋਂ ਇਲਾਵਾ ਇਸ ਵਿਚ ਵੇਖਣ ਨੂੰ ਮਿਲਦਾ ਹੈ ਕਿ ਕੰਪਨੀ ਬਾਗ ਤੋਂ ਦਿੱਲੀ ਬੱਸ ਅੱਡੇ ਦੀ ਦੂਰੀ 7 ਘੰਟੇ 5 ਮਿੰਟ ਵਿਚ ਤੈਅ ਹੋ ਸਕਦੀ ਹੈ। ਹੁਣ ਸਵਾਲ ਇਹ ਹੈ ਕਿ ਨਿਗਮ ਨੂੰ ਅਜਿਹੀ ਜਾਣਕਾਰੀ ਦੇਣ ਦਾ ਕੀ ਤੁਕ ਹੈ, ਜਦੋਂਕਿ ਬੱਚੇ-ਬੱਚੇ ਨੂੰ ਪਤਾ ਹੈ ਕਿ ਦਿੱਲੀ ਕਿੰਨੀ ਦੂਰ ਹੈ। ਇਸ ਤੋਂ ਇਲਾਵਾ ਜਲੰਧਰ ਤੋਂ ਆਦਮਪੁਰ ਹਵਾਈ ਅੱਡੇ ਤੱਕ ਦੀ ਦੂਰੀ ਵੀ ਇਹ ਸਕ੍ਰੀਨ ਦੱਸਦੀ ਹੈ। ਚੀਨ ਵਿਚ ਫੈਲ ਕੋਰੋਨਾ ਵਾਇਰਸ ਤੋਂ ਬਚਾਅ ਅਤੇ ਨਿਪਟਣ ਦੇ ਉਪਾਏ ਇਸ ਸਕ੍ਰੀਨ 'ਤੇ ਦਿਖਾਏ ਜਾ ਰਹੇ ਹਨ, ਜਦੋਂਕਿ ਉਨ੍ਹ੍ਹਾਂ ਦੀ ਕੋਈ ਲੋੜ ਨਹੀਂ ਹੈ। ਪੰਜਾਬ ਸਰਕਾਰ ਦੇ ਫੇਲ ਹੋ ਚੁੱਕੇ ਇਨਵੈਸਟ ਪੰਜਾਬ ਪ੍ਰੋਗਰਾਮ ਦਾ ਇਸ਼ਤਿਹਾਰ ਵੀ ਇਸ ਸਕ੍ਰੀਨ 'ਤੇ ਨਿਗਮ ਵਿਖਾ ਰਿਹਾ ਹੈ। ਵਿਖਾਉਣ ਨੂੰ ਤਾਂ ਸਮਾਂ ਅਤੇ ਮੌਸਮ ਦੀ ਜਾਣਕਾਰੀ ਜਾਂ ਮੌਜੂਦਾ ਟੈਂਪਰੇਚਰ ਇਸ ਸਕ੍ਰੀਨ 'ਤੇ ਡਿਸਪਲੇਅ ਹੋ ਸਕਦਾ ਹੈ ਪਰ ਇਹ ਜਾਣਕਾਰੀ ਨਹੀਂ ਦਿਖਾਈ ਜਾ ਰਹੀ।

ਲੋਕਲ ਮਾਰਕੀਟ 'ਚ 4 ਲੱਖ ਰੁਪਏ ਵਿਚ ਉਪਲਬਧ ਹਨ ਇਹ ਅਨਬ੍ਰਾਂਡਿਡ ਸਕ੍ਰੀਨਾਂ
ਇਨ੍ਹਾਂ ਸਕ੍ਰੀਨਾਂ ਬਾਰੇ ਜਦੋਂ ਵਿਧਾਇਕ ਬੇਰੀ ਅਤੇ ਮੇਅਰ ਰਾਜਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਇਸ ਦੀ ਕੀਮਤ ਦੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ। ਮੇਅਰ ਨੇ ਕਿਹਾ ਕਿ ਉਹ ਕੀਮਤ ਪਤਾ ਕਰ ਕੇ ਦੱਸਣਗੇ। ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਅਤੇ ਡਿਪਟੀ ਮੇਅਰ ਬੰਟੀ ਨੂੰ ਤਾਂ ਇਨ੍ਹਾਂ ਬਾਰੇ ਕੋਈ ਜਾਣਕਾਰੀ ਹੀ ਨਹੀਂ ਸੀ ਕਿ ਕੀ ਇਨ੍ਹਾਂ ਨੂੰ ਨਿਗਮ ਨੇ ਲਗਵਾਇਆ ਹੈ। ਇਨ੍ਹਾਂ ਐੱਲ. ਈ. ਡੀ. ਸਕ੍ਰੀਨਾਂ ਬਾਰੇ ਜਦੋਂ ਇਕ ਲੋਕਲ ਦੁਕਾਨਦਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਿਸਆ ਿਕ ਅਜਿਹੀ ਸਕ੍ਰੀਨ 3 ਹਜ਼ਾਰ ਰੁਪਏ ਪ੍ਰਤੀ ਫੁੱਟ ਵਿਚ ਉਪਲਬਧ ਹੈ। ਜੇਕਰ ਨਿਗਮ ਨੂੰ 5 ਹਜ਼ਾਰ ਪ੍ਰਤੀ ਫੁੱਟ ਵੀ ਸਪਲਾਈ ਕੀਤੀ ਜਾਵੇ ਤਾਂ ਵੀ ਇਕ ਸਕ੍ਰੀਨ ਦੀ ਕੀਮਤ 2 ਲੱਖ ਤੋਂ ਵੱਧ ਨਹੀਂ ਹੈ। ਕੁਲ ਮਿਲਾ ਕੇ 4 ਲੱਖ ਰੁਪਏ ਦੀ ਸਕ੍ਰੀਨਾਂ ਦਾ ਜੇਕਰ ਨਿਗਮ 'ਚ 30-35 ਲੱਖ ਬਿੱਲ ਬਣੇ ਤਾਂ ਸਮਝਿਆ ਜਾ ਸਕਦਾ ਹੈ ਕਿ ਨਿਗਮ ਦੀ ਆਰਥਿਕ ਸਥਿਤੀ ਕਦੇ ਠੀਕ ਨਹੀਂ ਹੋ ਸਕਦੀ।

ਪੈਨਸ਼ਨ ਦੇਣ ਦੇ ਪੈਸੇ ਨਹੀਂ ਪਰ ਫਜ਼ੂਲ ਖਰਚੀ 'ਚ ਨਿਗਮ ਸਭ ਤੋਂ ਅੱਗੇ
ਕਾਂਗਰਸ ਸਰਕਾਰ ਦੇ ਆਉਣ ਤੋਂ ਬਾਅਦ ਇਨ੍ਹਾਂ ਸਕ੍ਰੀਨਾਂ ਨੂੰ ਨਗਰ ਨਿਗਮ ਵਿਚ ਫਜ਼ੂਲੀ ਖਰਚੀ ਦੀ ਸਭ ਤੋਂ ਵੱਡੀ ਮਿਸਾਲ ਮੰਨਿਆ ਜਾਣ ਲੱਗਾ ਹੈ ਕਿ ਕਿਉਂਕਿ ਇਸ ਸਮੇਂ ਜਲੰਧਰ ਨਗਰ ਨਿਗਮ ਦੀ ਆਰਥਿਕ ਸਥਿਤੀ ਡਾਵਾਂਡੋਲ ਹੈ। ਕਈ ਮੌਕੇ ਅਜਿਹੇ ਆਏ ਹਨ ਜਦੋਂ ਕਰਮਚਾਰੀਆਂ ਨੂੰ 2-2 ਮਹੀਨੇ ਦੀ ਤਨਖਾਹ ਨਹੀਂ ਮਿਲੀ। ਹੁਣੇ ਜਿਹੇ ਹੀ ਨਿਗਮ ਦੇ ਪੈਨਸ਼ਨਰਾਂ ਨੇ ਕਈ ਵਾਰ ਪੈਨਸ਼ਨ ਨਾ ਮਿਲਣ ਕਾਰਣ ਰੋਸ ਪ੍ਰਦਰਸ਼ਨ ਕੀਤਾ, ਜਿਸ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਫੰਡ ਦੀ ਕਮੀ ਕਾਰਣ ਨਹੀਂ ਬਣਾਈਆਂ ਜਾ ਰਹੀਆਂ, ਉਥੇ 30-35 ਲੱਖ ਰੁਪਏ ਦੀਆਂ ਐੱਲ. ਈ. ਡੀ. ਸਕ੍ਰੀਨਾਂ ਲਗਵਾਉਣਾ ਕਿਥੋਂ ਦੀ ਸਮਝਦਾਰੀ ਹੈ?ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

shivani attri

Edited By shivani attri